ਅਜ਼ਬ-ਗਜ਼ਬ! ਕੇਰਲ ਵਿਚ ਪੁਲਸ ਥਾਣੇ ਦੇ ਰੱਖਿਅਕ ਬਣੇ ‘ਸੱਪ’

09/16/2022 12:38:40 PM

ਇਡੁੱਕੀ (ਭਾਸ਼ਾ)- ਪੁਲਸ ਮੁਲਾਜ਼ਮ ਆਮਤੌਰ ’ਤੇ ਸਮਾਜ ਦੇ ਰਾਖੇ ਮੰਨੇ ਜਾਂਦੇ ਹਨ ਪਰ ਇਹ ਕਹਿਣ ਵਿਚ ਕੋਈ ਗਲਤ ਨਹੀਂ ਹੋਵੇਗਾ ਕਿ ਕੇਰਲ ਵਿਚ ‘ਸੱਪ’ ਇਨ੍ਹਾਂ ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਦੇ ਰੱਖਿਅਕ ਦੇ ਰੂਪ ਵਿਚ ਸਾਹਮਣੇ ਆਏ ਹਨ। ਹਾਲਾਂਕਿ ਇਹ ਸੱਪ ਅਸਲੀ ਨਾ ਹੋ ਕੇ ਰੱਬੜ ਦੇ ਬਣੇ ਹੋਏ ਹਨ। ਇਡੁੱਕੀ ਵਿਚ ਜੰਗਲੀ ਇਲਾਕੇ ਦੇ ਪੁਲਸ ਥਾਣੇ ਨੂੰ ਬਾਂਦਰਾਂ ਦੇ ਖਤਰੇ ਤੋਂ ਬਚਾਉਣ ਲਈ ਪੁਲਸ ਵਿਭਾਗ ਨੂੰ ਇਕ ਅਨੋਖਾ ਵਿਚਾਰ ਸੁੱਝਿਆ। ਪੁਲਸ ਮੁਲਾਜ਼ਮ ਇਥੇ ਕੇਰਲ-ਤਮਿਲਨਾਡੂ ਸਰਹੱਦ ’ਤੇ ਸਥਿਤ ਕੰਬੁਮੇਟੂ ਪੁਲਸ ਥਾਣੇ ਦੇ ਨੇੜੇ-ਤੇੜੇ ਰੱਬੜ ਦੇ ਬਣੇ ਨਕਲੀ ਸੱਪਾਂ ਦੀ ਵਰਤੋਂ ਕਰ ਕੇ ਬਾਂਦਰਾਂ ਨੂੰ ਡਰਾਉਂਦੇ ਹਨ। ਇਹ ਆਈਡੀਆ ਹੁਣ ਤੱਕ ਸਫ਼ਲ ਰਿਹਾ ਹੈ।

ਇਹ ਵੀ ਪੜ੍ਹੋ : ਚੋਰੀ ਕਰਨ ਲੱਗੇ ਚੋਰ ਨੂੰ ਯਾਤਰੀਆਂ ਨੇ ਫੜਿਆ, ਚੱਲਦੀ ਰੇਲ ਗੱਡੀ ਦੀ ਖਿੜਕੀ ਨਾਲ ਲਟਕਾਇਆ (ਵੀਡੀਓ)

ਚੀਨ ਦੇ ਬਣੇ ਇਹ ਨਕਲੀ ਸੱਪ, ਅਸਲੀ ਸੱਪ ਵਾਂਗ ਲੱਗਦੇ ਹਨ। ਨਕਲੀ ਸੱਪਾਂ ਨੂੰ ਵੱਖ-ਵੱਖ ਸਥਾਨਾਂ ਮਸਲਨ ਇਮਾਰਤ, ਜੰਗਲਾਂ ਅਤੇ ਦਰਖਤਾਂ ਦੀਆਂ ਟਾਹਣੀਆਂ ਆਦਿ ’ਤੇ ਰੱਖਿਆ ਗਿਆ ਹੈ। ਪੁਲਸ ਮੁਲਾਜ਼ਮਾਂ ਨੇ ਜਾਇਦਾਦ ਦੀ ਰੱਖਵਾਲੀ ਕਰਨ ਵਾਲੇ ਇਕ ਸਥਾਨਕ ਪਹਿਰੇਦਾਰ ਦੀ ਸਲਾਹ ’ਤੇ ਰੱਬੜ ਦੇ ਸੱਪਾਂ ਦੀ ਵਰਤੋਂ ਕੀਤੀ, ਇਹ ਪਹਿਰੇਦਾਰ ਜੰਗਲੀ ਜਾਨਵਰਾਂ ਨੂੰ ਦੂਰ ਰੱਖਣ ਲਈ ਪਹਿਲਾਂ ਤੋਂ ਹੀ ਇਸ ਉਪਾਅ ਦੀ ਵਰਤੋਂ ਕਰ ਰਿਹਾ ਸੀ। ਕੰਬੁਮੇਟੂ ਦੇ ਸਬ ਇੰਸਪੈਕਟਰ ਪੀ. ਕੇ. ਲਾਲਭਾਈ ਨੇ ਕਿਹਾ ਕਿ ਰੱਬੜ ਦੇ ਬਣੇ ਨਕਲੀ ਸੱਪ ਥਾਂ-ਥਾਂ ਰੱਖਣ ਦਾ ਇਹ ਫਾਇਦਾ ਇਹ ਹੋਇਆ ਕਿ ਇਨ੍ਹਾਂ ਨੂੰ ਦੇਖਣ ਤੋਂ ਬਾਅਦ ਕਿਸੇ ਵੀ ਬਾਂਦਰ ਨੇ ਪੁਲਸ ਥਾਣੇ ਦੇ ਨੇੜੇ ਆਉਣ ਦੀ ਹਿੰਮਤ ਨਹੀਂ ਕੀਤੀ। ਬਾਂਦਰ ਗਲਤੀ ਨਾਲ ਇਨ੍ਹਾਂ ਨੂੰ ਅਸਲੀ ਸੱਪ ਸਮਝ ਲੈਂਦੇ ਹਨ।

ਇਹ ਵੀ ਪੜ੍ਹੋ : PM ਦੇ ਜਨਮ ਦਿਨ ’ਤੇ ਦਿੱਲੀ ਦਾ ਰੈਸਟੋਰੈਂਟ ਲਾਂਚ ਕਰੇਗਾ ‘56 ਇੰਚ ਮੋਦੀ ਜੀ’ ਥਾਲੀ

ਇਕ ਹੋਰ ਪੁਲਸ ਮੁਲਾਜ਼ਮ ਸੁਨੀਸ਼ ਨੇ ਕਿਹਾ ਕਿ ਬਾਂਦਰ ਕੁਝ ਸਾਲਾਂ ਤੋਂ ਥਾਣੇ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਸਨ। ਸੁਨੀਸ਼ ਨੇ ਕਿਹਾ ਕਿ ਪਹਿਲਾਂ ਬਾਂਦਰ ਗਰੁੱਪ ਵਿਚ ਆਉਂਦੇ ਸਨ, ਥਾਣਾ ਕੰਪਲੈਕਸ ਵਿਚ ਵੜਕੇ ਸਬਜ਼ੀਆਂ ਦੀ ਕਿਆਰੀ ਨੂੰ ਖ਼ਰਾਬ ਕਰ ਦਿੰਦੇ ਸਨ। ਪਰ ਰੱਬੜ ਦੇ ਨਕਲੀ ਸੱਪਾਂ ਨੂੰ ਰੱਖਣ ਤੋਂ ਬਾਅਦ ਉਨ੍ਹਾਂ ਦਾ ਆਉਣਾ ਘੱਟ ਹੋ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha