ਸਿੰਘੂ ਸਰਹੱਦ ਕਤਲ ਮਾਮਲਾ: ਦੁਸ਼ਯੰਤ ਬੋਲੇ- ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦਾ ਸੰਯੁਕਤ ਕਿਸਾਨ ਮੋਰਚਾ

10/17/2021 12:56:24 PM

ਚੰਡੀਗੜ੍ਹ (ਪਾਂਡੇ)— ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸਿੰਘੂ ਸਰਹੱਦ ’ਤੇ ਇਕ ਸ਼ਖਸ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਘਟਨਾ ਨਿੰਦਾਯੋਗ ਹੈ, ਜਿੱਥੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ, ਓਨੀ ਘੱਟ ਹੈ। ਹਾਲਾਂਕਿ ਇਸ ਘਟਨਾ ’ਤੇ ਪੁਲਸ ਕਾਨੂੰਨੀ ਕਾਰਵਾਈ ਕਰ ਰਹੀ ਹੈ। ਦੁਸ਼ਯੰਤ ਨੇ ਕਿਹਾ ਕਿ ਸਿੰਘੂ ਸਰਹੱਦ ’ਤੇ ਜੋ ਹੋਇਆ, ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਦੇ ਵਿਰੋਧ ਵਾਲੀ ਥਾਂ ’ਤੇ ਹੋਈ ਇਸ ਘਟਨਾ ਦੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦਾ ਹੈ। ਕਿਸੇ ਵੀ ਸੰਗਠਨ, ਵਿਭਾਗ ਜਾਂ ਅੰਦੋਲਨ ’ਚ ਅਜਿਹੀ ਕੋਈ ਗਲਤ ਘਟਨਾ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਬੰਧਤ ਮੁਖੀਆ ਦੀ ਹੁੰਦੀ ਹੈ। 

ਇਹ ਵੀ ਪੜ੍ਹੋ : ਸਿੰਘੂ ਸਰਹੱਦ 'ਤੇ ਨੌਜਵਾਨ ਦਾ ਕਤਲ, ਹੱਥ-ਲੱਤ ਵੱਢ ਕੇ ਬੈਰੀਕੇਡ ਨਾਲ ਟੰਗੀ ਲਾਸ਼

ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਮੋਰਚੇ ਦੇ ਹੁਕਮ ਮੁਤਾਬਕ ਅੱਜ ਕਿਸਾਨ ਸਰਹੱਦਾਂ ’ਤੇ ਬੈਠੇ ਹਨ ਅਤੇ ਇਸ ਦਰਮਿਆਨ ਅਜਿਹੀ ਨਿੰਦਾਯੋਗ ਘਟਨਾ ਹੋਈ ਹੈ। ਇਸ ਕਤਲ ਮਾਮਲੇ ਦੀ ਨਿਹੰਗ ਸਿੰਘ ਨੇ ਜ਼ਿੰਮੇਵਾਰੀ ਲਈ ਹੈ ਪਰ ਮੋਰਚੇ ਨੂੰ ਵੀ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਓਧਰ ਸਾਬਕਾ ਕੇਂਦਰੀ ਮੰਤਰੀ ਕਟਾਰੀਆ ਨੇ ਇਸ ਘਟਨਾ ਨੂੰ ਬੇਰਹਿਮ ਕਤਲ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਤਾਲਿਬਾਨ ਵਲੋਂ ਕੀਤੇ ਗਏ ਅਪਰਾਧ ਅਤੇ ਕਤਲ ਬਾਰੇ ਸੁਣਿਆ ਜਾਂਦਾ ਸੀ, ਉਸੇ ਤਰ੍ਹਾਂ ਲਖਬੀਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅੰਬਾਲਾ ਤੋਂ ਸੰਸਦ ਮੈਂਬਰ ਕਟਾਰੀਆ ਨੇ ਕਿਹਾ ਕਿ ਉਨ੍ਹਾਂ ਦੇ ਵਿਰੋਧ ਵਾਲੀ ਥਾਂ ’ਤੇ ਜੋ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਤੋਂ ਉਹ ਬਚ ਨਹੀਂ ਸਕਦੇ।

ਇਹ ਵੀ ਪੜ੍ਹੋ : ਸਿੰਘੂ ਸਰਹੱਦ ਕਤਲ ਮਾਮਲਾ: ਪੇਸ਼ੀ ਮਗਰੋਂ ਮੁਲਜ਼ਮ ਸਰਬਜੀਤ ਸਿੰਘ ਮੀਡੀਆ ਨਾਲ ਉਲਝਿਆ, ਲੱਥੀ ਪੱਗ

ਜਾਣੋ ਪੂਰਾ ਮਾਮਲਾ—
ਸਿੰਘੂ ਸਰਹੱਦ ’ਤੇ ਕਿਸਾਨ ਅੰਦੋਲਨ ਦੇ ਮੰਚ ਕੋਲ ਸ਼ੁੱਕਰਵਾਰ 15 ਅਕਤੂਬਰ ਨੂੰ ਤੜਕਸਾਰ ਲਖਬੀਰ ਸਿੰਘ ਦੀ ਲਾਸ਼ ਬੈਰੀਕੇਡ ਨਾਲ ਲਟਕੀ ਹੋਈ ਮਿਲੀ ਸੀ। ਉਸ ਨੂੰ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਅਤੇ ਉਸ ਦਾ ਹੱਥ ਵੱਢ ਦਿੱਤਾ ਗਿਆ। ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਆਗੂਆਂ ਨੇ ਕਤਲ ਦੀ ਇਸ ਘਟਨਾ ਤੋਂ ਪੱਲਾ ਝਾੜ ਲਿਆ ਸੀ ਅਤੇ ਬਾਅਦ ਵਿਚ ਨਿਹੰਗ ਸਿੰਘਾਂ ਨੇ ਮਾਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸ ਮਾਮਲੇ ਵਿਚ ਹੁਣ ਤਕ 4 ਨਿਹੰਗ ਸਿੰਘਾਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਗੁਰਨਾਮ ਚਢੂਨੀ ਦੀ ਸਰਕਾਰ ਨੂੰ ਚਿਤਾਵਨੀ- ‘ਸਾਡੇ ਸਬਰ ਦਾ ਇਮਤਿਹਾਨ ਨਾ ਲਵੋ’

ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

Tanu

This news is Content Editor Tanu