ਪੁਲਸ ਦਾ ਦਾਅਵਾ : ਮਣੀਪੁਰ ’ਚ ਹਾਲਾਤ ਤੇਜ਼ੀ ਨਾਲ ਹੋ ਰਹੇ ਆਮ ਵਾਂਗ, 1095 ਹਥਿਆਰ ਬਰਾਮਦ

06/24/2023 1:16:59 PM

ਇੰਫਾਲ (ਏਜੰਸੀ)- ਮਣੀਪੁਰ ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੁਝ ਸਥਾਨਾਂ ’ਚ ਛਿਟਪੁਟ ਘਟਨਾਵਾਂ ਨੂੰ ਛੱਡ ਕੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਹਾਲਾਤ ਆਮ ਵਾਂਗ ਹੋ ਰਹੇ ਹਨ। ਸੂਬਾ ਪੁਲਸ ਨੇ ਕਿਹਾ ਕਿ ਜ਼ਿਲ੍ਹਿਆਂ ’ਚ ਜ਼ਿਲ੍ਹਾ ਸੁਰੱਖਿਆ ਤਾਲਮੇਲ ਕਮੇਟੀ ਦੀਆਂ ਰੈਗੂਲਰ ਮੀਟਿੰਗਾਂ ਦੇ ਨਾਲ-ਨਾਲ, ਲਗਾਤਾਰ ਗਸ਼ਤ, ਫਲੈਗ ਮਾਰਚ ਅਤੇ ਨਾਜ਼ੁਕ ਖੇਤਰਾਂ ਦੀ ਘੇਰਾਬੰਦੀ ਅਤੇ ਤਲਾਸ਼ੀ ਲਈ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਹੁਣ ਤੱਕ ਕੁੱਲ 1095 ਹਥਿਆਰ, 13702 ਗੋਲਾ ਬਾਰੂਦ ਅਤੇ ਵੱਖ-ਵੱਖ ਤਰ੍ਹਾਂ ਦੇ 250 ਬੰਬ ਬਰਾਮਦ ਕੀਤੇ ਗਏ ਹਨ।

ਮਣੀਪੁਰ ਦੇ ਇੰਫਾਲ ਪੂਰਬੀ ਜ਼ਿਲ੍ਹੇ ਦੇ ਯੰਗਾਂਗਪੋਕਪੀ ਪਿੰਡ ਦੇ ਰਸਤੇ ਸ਼ੁੱਕਰਵਾਰ ਦੁਪਹਿਰ ਨੂੰ ਹਥਿਆਰਬੰਦ ਵਿਅਕਤੀਆਂ ਦੇ ਇਕ ਗਰੁੱਪ ਨੇ ਪਹਾੜੀ ਖੇਤਰਾਂ ਵਿਚ ਘੁਸਪੈਠ ਕੀਤੀ ਅਤੇ ਉਰੰਗਪਤ ਤੇ ਗਵਾਲਤਾਬੀ ਪਿੰਡਾਂ ਵਿਚ ਆਟੋਮੈਟਿਕ ਹਥਿਆਰਾਂ ਨਾਲ ਫਾਇਰਿੰਗ ਕੀਤੀ। ਸੁਰੱਖਿਆ ਫੋਰਸਾਂ ਦੇ ਜਵਾਨਾਂ ਨੂੰ ਇਨ੍ਹਾਂ ‘ਖਾਲੀ’ ਪਿੰਡਾਂ ਵਿੱਚ ਤਾਇਨਾਤ ਕੀਤਾ ਗਿਆ ਸੀ। ਕਿਸੇ ਵੀ ਜਾਨੀ ਨੁਕਸਾਨ ਤੋਂ ਬਚਣ ਲਈ ਪੂਰੀ ਸਾਵਧਾਨੀ ਨਾਲ ਜਵਾਬੀ ਕਾਰਵਾਈ ਕੀਤੀ ਗਈ ਸੀ। ਸੀਜ਼ਾਂਗ ਦੀਆਂ ਔਰਤਾਂ ਖੇਤਰ ਵਿਚ ਵਾਧੂ ਸੁਰੱਖਿਆ ਕਰਮਚਾਰੀਆਂ ਦੀ ਆਵਾਜਾਈ ਨੂੰ ਰੋਕ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਇਹ ਘਟਨਾ ਇੰਫਾਲ ਪੱਛਮੀ ਜ਼ਿਲ੍ਹੇ ਦੇ ਉੱਤਰੀ ਬੋਲਜ਼ਾਂਗ ’ਚ ਅਣਪਛਾਤੇ ਹਮਲਾਵਰਾਂ ਵਲੋਂ 2 ਜਵਾਨਾਂ ਨੂੰ ਜ਼ਖਮੀ ਕਰਨ ਤੋਂ ਇਕ ਦਿਨ ਬਾਅਦ ਵਾਪਰੀ। ਸ਼ੁਰੂਆਤੀ ਤਲਾਸ਼ੀ ਮੁਹਿੰਮ ਦੌਰਾਨ ਜਵਾਨਾਂ ਨੇ ਇਕ ਲਾਈਟ ਮਸ਼ੀਨ ਗਨ ਅਤੇ ਇਕ ਰਾਈਫਲ ਬਰਾਮਦ ਕੀਤੀ।

ਸੀ. ਬੀ. ਆਈ. ਨੇ ਕੀਤੀ ਹਥਿਆਰਾਂ ਦੀ ਲੁੱਟ ਮਾਮਲਿਆਂ ਦੀ ਜਾਂਚ

ਉੱਧਰ ਮਣੀਪੁਰ ’ਚ ਸੀ.ਬੀ.ਆਈ. ਦੇ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਅਤੇ ਸੀ.ਐੱਫ.ਐੱਸ.ਐੱਲ. ਦੇ ਫੋਰੈਂਸਿਕ ਮਾਹਿਰਾਂ ਨੇ ਇੰਫਾਲ ਅਤੇ ਚੁਰਾਚਾਂਦਪੁਰ ’ਚ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਕਥਿਤ ਲੁੱਟ ਨਾਲ ਜੁੜੇ ਘਟਨਾ ਸਥਾਨਾਂ ਦਾ ਦੌਰਾ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਦਲ ਨੂੰ ਪਾਂਗੇਈ ਕੋਲ ਸਥਾਨਕ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਕੁਝ ਔਰਤਾਂ ਨੇ ਰਾਹ ਰੋਕਿਆ ਪਰ ਟੀਮ ਨੇ ਆਪਣਾ ਕੰਮ ਪੂਰਾ ਕਰ ਲਿਆ ਅਤੇ ਵੀਰਵਾਰ ਨੂੰ ਸੁਰੱਖਿਅਤ ਵਾਪਸ ਆ ਗਿਆ।

DIsha

This news is Content Editor DIsha