ਦੇਸ਼ ਦੇ ਇਨ੍ਹਾਂ ਇਲਾਕਿਆਂ ''ਚ ਤੇਜ਼ੀ ਨਾਲ ਫੈਲ ਰਿਹਾ ਹੈ ਕੋਰੋਨਾਵਾਇਰਸ, ਸਥਿਤੀ ਚਿੰਤਾਜਨਕ

04/25/2020 12:24:53 PM

ਨਵੀਂ ਦਿੱਲੀ-ਕੋਰੋਨਾਵਾਇਰਸ ਦੇ ਕਹਿਰ ਦੌਰਾਨ ਅਹਿਮਦਾਬਾਦ, ਸੂਰਤ, ਹੈਦਰਾਬਾਦ ਅਤੇ ਚੇੱਨਈ ਸਮੇਤ ਵੱਡੇ ਜਾਂ ਉਭਰਦੇ ਹਾਟਸਪਾਟ ਇਲਾਕਿਆਂ 'ਚ ਖਾਸ ਤੌਰ 'ਤੇ ਹਾਲਾਤ ਗੰਭੀਰ ਹਨ। ਸਰਕਾਰ ਨੇ ਇਨ੍ਹਾਂ ਸ਼ਹਿਰਾਂ 'ਚ ਹਾਲਾਤਾਂ ਦੀ ਨਿਗਰਾਨੀ ਕਰਨ ਲਈ ਅੰਤਰ ਮੰਤਰਾਲਾ ਦੀਆਂ ਟੀਮਾਂ ਵੀ ਭੇਜੀਆਂ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਮੁੱਲਾਂਕਣ ਅਜਿਹੇ ਦਿਨ ਕੀਤਾ ਹੈ ਜਦੋਂ ਅਹਿਮਦਾਬਾਦ ਨਗਰ ਨਿਗਮ ਕਮਿਸ਼ਨਰ ਵਿਜੇ ਨੇਹਰਾ ਨੇ ਕਿਹਾ ਜੇਕਰ ਮਾਮਲਿਆਂ ਦੇ ਦੁੱਗਣੀ ਹੋਣ ਦੀ ਮੌਜੂਦਾ ਚਾਰ ਦਿਨਾਂ ਦੀ ਮਿਆਦ ਵਾਲੀ ਦਰ ਜਾਰੀ ਰਹਿੰਦੀ ਹੈ, ਤਾਂ ਗੁਜਰਾਤ ਦੇ ਇਸ ਸ਼ਹਿਰ 'ਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਮਈ ਦੇ ਅੰਤ ਤੱਕ ਵੱਧ ਕੇ 8 ਲੱਖ ਹੋ ਸਕਦੀ ਹੈ। ਹੁਣ ਤੱਕ ਅਹਿਮਦਾਬਾਦ ਸ਼ਹਿਰ 'ਚ 1638 ਮਾਮਲੇ ਸਾਹਮਣੇ ਆਏ ਹਨ ਜੋ ਗੁਜਰਾਤ 'ਚ ਸਭ ਤੋਂ ਅੱਗੇ ਹੈ। ਸੂਬੇ 'ਚ ਇਨਫੈਕਟਡ ਦੇ 2800 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਹੈ ਕਿ ਦੇਸ਼ ਦੇ ਕੁਝ ਹਿੱਸਿਆਂ 'ਚ ਲਾਕਡਾਊਨ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰਨ ਵਾਲੇ ਲੋਕਾਂ ਦੀ ਸਿਹਤ ਲਈ ਇਕ ਗੰਭੀਰ ਸਮੱਸਿਆ ਪੈਦਾ ਹੋ ਸਕਦੀ ਹੈ ਅਤੇ ਇਸ ਕਾਰਨ ਕੋਰੋਨਾਵਾਇਰਸ ਫੈਲ ਸਕਦਾ ਹੈ। ਬਿਆਨ 'ਚ ਇਹ ਵੀ ਕਿਹਾ ਗਿਆ ਹੈ ਕਿ ਵੱਡੇ ਹਾਟਸਪਾਟ ਜ਼ਿਲਿਆਂ ਜਾਂ ਉਭਰਦੇ ਹਾਟਸਪਾਟ ਸ਼ਹਿਰਾਂ ਜਿਵੇ ਅਹਿਮਦਾਬਾਦ ਅਤੇ ਸੂਰਤ (ਗੁਜਰਾਤ) ਠਾਣੇ(ਮਹਾਰਾਸ਼ਟਰ), ਹੈਦਰਾਬਾਦ (ਤੇਲੰਗਾਨਾ) ਅਤੇ ਚੇੱਨਈ (ਤਾਮਿਲਨਾਡੂ) 'ਚ ਸਥਿਤੀ ਵਿਸ਼ੇਸ ਤੌਰ 'ਤੇ ਗੰਭੀਰ ਹੈ। ਦੱਸਣਯੋਗ ਹੈ ਕਿ ਹਾਟਸਪਾਟ ਕੋਰੋਨਾ ਵਾਇਰਸ ਨਾਲ ਜ਼ਿਆਦਾ ਪ੍ਰਭਾਵਿਤ ਖੇਤਰ ਨੂੰ ਕਿਹਾ ਜਾਂਦਾ ਹੈ।

ਮਹਾਰਾਸ਼ਟਰ 'ਚ ਕੋਰੋਨਾਵਾਇਰਸ ਇਨਫੈਕਟਡ ਮਾਮਲਿਆਂ ਦੀ ਗਿਣਤੀ ਵੱਧ ਕੇ 7,000 ਹੋ ਚੁੱਕੀ ਹੈ। ਇਸ ਮਾਮਲੇ 'ਚ ਗੁਜਰਾਤ ਦੂਜੇ ਸਥਾਨ 'ਤੇ ਹੈ। ਜਦਕਿ ਤਾਮਿਲਨਾਡੂ 1755 ਮਾਮਲਿਆਂ ਨਾਲ 6ਵੇਂ ਸਥਾਨ 'ਤੇ ਹੈ। ਤੇਲੰਗਾਨਾ 'ਚ 983 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੌਰਾਨ ਕੋਰੋਨਾਵਾਇਰਸ ਦੇ ਸੰਕਟ ਨਾਲ ਪੈਦਾ ਹੋਈ ਸਥਿਤੀ ਦਾ ਮੁਲਾਂਕਣ ਕਰਨ ਲਈ ਕੋਲਕਾਤਾ ਦਾ ਦੌਰਾ ਕਰ ਰਹੀ ਕੇਂਦਰੀ ਟੀਮ ਨੇ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਸਰਕਾਰ ਨੂੰ ਪੱਤਰ ਲਿਖ ਕੇ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਹੋਣ ਵਾਲੀ ਮੌਤ ਦੇ ਕਾਰਨਾਂ ਦੀ ਜਾਂਚ ਕਰਨ ਵਾਲੀ ਕਮੇਟੀ ਦੇ ਕੰਮਕਾਜ਼ ਸਬੰਧੀ ਇਕ ਵਿਸਤ੍ਰਿਤ ਬਿਓਰਾ ਮੰਗਿਆ। ਇਸ ਦੇ ਨਾਲ ਹੀ ਕਮੇਟੀ ਦੇ ਮੈਂਬਰਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਮਨਜ਼ੂਰੀ ਦੇਣ ਦੀ ਮੰਗ ਕੀਤੀ। 

Iqbalkaur

This news is Content Editor Iqbalkaur