CM ਚੰਨੀ ਦੇ ਰਿਸ਼ਤੇਦਾਰ ਖ਼ਿਲਾਫ਼ ED ਦੀ ਕਾਰਵਾਈ 'ਤੇ ਸਿਰਸਾ ਨੇ ਕੱਸਿਆ ਤੰਜ, ਕਿਹਾ-ਘਰ ਘਰ ਚੱਲੀ ਗੱਲ...

01/19/2022 11:57:06 AM

ਨਵੀਂ ਦਿੱਲੀ- ਪੰਜਾਬ 'ਚ ਨਾਜਾਇਜ਼ ਮਾਈਨਿੰਗ ਸਬੰਧੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਕ ਕਰੀਬੀ ਦੇ ਘਰ ਛਾਪੇਮਾਰੀ ਕੀਤੀ ਗਈ। ਇਸ ਨੂੰ ਲੈ ਕੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਸੀ.ਐੱਮ. ਚੰਨੀ 'ਤੇ ਤੰਜ ਕੱਸਿਆ ਹੈ। ਸਿਰਸਾ ਨੇ ਟਵੀਟ ਕਰ ਕੇ ਕਿਹਾ,''ਘਰ-ਘਰ ਚੱਲੀ ਗੱਲ, ਚੰਨੀ ਕਰਦਾ 'ਨੋਟਾਂ ਨਾਲ' ਮਸਲੇ ਹੱਲ! ਈਮਾਨਦਾਰੀ ਦਾ ਢੋਂਗ ਰਚਣ ਵਾਲੇ ਪੰਜਾਬ ਦੇ ਸੀ.ਐੱਮ. ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦੇ ਘਰੋਂ 4 ਕਰੋੜ ਦਾ ਕੈਸ਼ ਮਿਲਣਾ ਸਾਬਿਤ ਕਰਦਾ ਹੈ ਕਿ ਪੰਜਾਬ 'ਚ ਪੂਰੀ ਕਾਂਗਰਸ ਸਰਕਾਰ ਮਾਫ਼ੀਆ ਦੇ ਹੱਥੋਂ ਵਿਕੀ ਹੋਈ ਹੈ।''

ਦੱਸਣਯੋਗ ਹੈ ਕਿ ਈ. ਡੀ. ਵੱਲੋਂ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਕ ਰਿਸ਼ਤੇਦਾਰ ਖ਼ਿਲਾਫ਼ ਵੱਡੀ ਕਾਰਵਾਈ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਈ. ਡੀ. ਵੱਲੋਂ ਪੰਜਾਬ ਅਤੇ ਹਰਿਆਣਾ ਸਮੇਤ 10 ਤੋਂ 12 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਲੁਧਿਆਣਾ, ਮੋਹਾਲੀ, ਪੰਚਕੂਲਾ ਅਤੇ ਹੋਰ ਜ਼ਿਲ੍ਹਿਆਂ 'ਚ ਕੀਤੀ ਗਈ ਹੈ। ਇਸ ਗੱਲ ਦੀ ਚਰਚਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ 'ਤੇ ਈ. ਡੀ. ਵਿਭਾਗ ਨੇ ਛਾਪੇਮਾਰੀ ਕੀਤੀ ਹੈ, ਜਿਸ ਦੀ ਰਿਹਾਇਸ਼ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ 'ਚ ਦੱਸੀ ਜਾ ਰਹੀ ਹੈ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਕਾਰਵਾਈ ਸਾਲ 2018 'ਚ ਦਰਜ ਹੋਈ ਐੱਫ. ਆਈ. ਆਰ. ਦੇ ਤਹਿਤ ਕੀਤੀ ਗਈ ਹੈ। ਇਹ ਐੱਫ. ਆਈ. ਆਰ. ਤਕਰੀਬਨ 26 ਵਿਅਕਤੀਆਂ ਦੇ ਖ਼ਿਲਾਫ਼ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha