ਕਾਰ ''ਚੋਂ ਡੇਢ ਕਰੋੜ ਰੁਪਏ ਬਰਾਮਦ, ਦਿੱਲੀ ਲਿਜਾ ਰਹੇ ਸੀ ਨਕਦੀ, 4 ਲੋਕ ਗ੍ਰਿਫ਼ਤਾਰ

03/26/2023 2:45:58 PM

ਸਿਰਸਾ- ਹਰਿਆਣਾ ਪੁਲਸ ਨੇ ਸਿਰਸਾ ਵਾਸੀ ਰਾਕੇਸ਼ ਬਾਂਸਲ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਸਿਰਸਾ-ਦਿੱਲੀ ਨੈਸ਼ਨਲ ਹਾਈਵੇਅ 'ਤੇ ਮੱਯੜ ਪਿੰਡ ਕੋਲ ਡੇਢ ਕਰੋੜ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮਿਲੀ ਰਿਪੋਰਟ ਮੁਤਾਬਕ ਸਿਰਸਾ ਦਾ ਰਾਕੇਸ਼ ਬਾਂਸਲ ਅਤੇ ਉਸ ਦੇ 3 ਸਾਥੀ ਕਾਰ 'ਚ ਸਵਾਰ ਹੋ ਕੇ ਦਿੱਲੀ ਜਾ ਰਹੇ ਸਨ। 

ਹਿਸਾਰ ਸਦਰ ਥਾਣਾ ਪੁਲਸ ਨੇ ਮੱਯੜ ਪਿੰਡ 'ਚ ਚੈਕਿੰਗ ਕੀਤੀ ਤਾਂ ਇਨ੍ਹਾਂ ਕੋਲੋਂ ਡੇਢ ਕਰੋੜ ਰੁਪਏ ਦੀ ਰਾਸ਼ੀ ਬਰਾਮਦ ਹੋਈ। ਮਾਮਲੇ ਦੀ ਜਾਂਚ ਆਮਦਨ ਟੈਕਸ ਵਿਭਾਗ ਦੀ ਟੀਮ ਕਰ ਰਹੀ ਹੈ। ਜਿਨ੍ਹਾਂ ਲੋਕਾਂ ਤੋਂ ਨਕਦੀ ਬਰਾਮਦ ਹੋਈ, ਉਸ ਵਿਚ ਦੋ ਸਿਰਸਾ ਅਤੇ ਦੋ ਦਿੱਲੀ ਦੇ ਰਹਿਣ ਵਾਲੇ ਹਨ। ਕਾਰ ਵਿਚ ਰਾਕੇਸ਼ ਨਾਲ ਸਿਰਸਾ ਵਾਸੀ ਸੰਜੇ ਗਰਗ, ਦਿੱਲੀ ਵਾਸੀ ਦੀਪਕ ਅਤੇ ਵਿਨੈ ਸਵਾਰ ਸਨ। ਹਿਸਾਰ ਸਦਰ ਥਾਣਾ ਪੁਲਸ ਨੇ ਮੱਯੜ ਖੇਤਰ ਵਿਚ ਰੂਟੀਨ ਚੈਕਿੰਗ ਦੌਰਾਨ ਨਾਕਾ ਲਾਇਆ ਸੀ। ਇਸ ਦੌਰਾਨ ਸਿਰਸਾ ਤੋਂ ਇਕ ਗੱਡੀ ਆਉਂਦੀ ਹੋਈ ਨਜ਼ਰ ਆਈ।

ਪੁਲਸ ਮੁਤਾਬਕ ਸਿਰਸਾ ਵਾਸੀ ਰਾਕੇਸ਼ ਬਾਂਸਲ, ਸੰਜੇ ਗਰਗ, ਦੀਪ ਅਤੇ ਵਿਨੇ ਗੱਡੀ ਵਿਚ ਸਵਾਰ ਸਨ। ਪੁਲਸ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਡਿੱਕੀ ਵਿਚ ਰੱਖੇ ਸੂਟਕੇਸ ਵਿਚੋਂ ਡੇਢ ਕਰੋੜ ਰੁਪਏ ਦੀ ਰਾਸ਼ੀ ਮਿਲੀ। ਪੁਲਸ ਨੇ ਆਮਦਨ ਟੈਕਸ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਬੁਲਾਏ। ਪੁਲਸ ਅਤੇ ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਨਕਦੀ ਕਬਜ਼ੇ ਵਿਚ ਲੈ ਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ। ਸਦਰ SHO ਸੰਦੀਪ ਸਿੰਘ ਨੇ ਦੱਸਿਆ ਕਿ ਅਜੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੈਸਾ ਦਿੱਲੀ ਲਿਜਾਇਆ ਜਾ ਰਿਹਾ ਹੈ। ਨਕਦੀ ਲੈ ਕੇ ਜਾਣ ਦਾ ਮਕਸਦ ਕੀ ਸੀ, ਇਸ ਦਾ ਪਤਾ ਲਾਇਆ ਜਾ ਰਿਹਾ ਹੈ।

Tanu

This news is Content Editor Tanu