ਸਿੱਖਾਂ ਨੇ ਬਲੀਦਾਨ ਦੇ ਕੇ ਦੇਸ਼ ਨੂੰ ਬਚਾਇਆ : ਯੋਗੀ

10/30/2018 12:56:08 PM

ਲਖਨਊ— ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਦੇ ਬਾਰੇ ਦੱਸਦੇ ਹੋਏ ਸਿੱਖਾਂ ਨੂੰ ਉਨ੍ਹਾਂ ਦੇ ਇਤਿਹਾਸ ਦੀ ਯਾਦ ਦਿਵਾਈ। ਉਨ੍ਹਾਂ ਕਿਹਾ, ਕਸ਼ਮੀਰ 'ਚ ਜਦੋਂ ਤਕ ਹਿੰਦੂ ਰਾਜਾ ਸਨ ਉਦੋਂ ਤਕ ਹਿੰਦੂ ਤੇ ਸਿੱਖ ਦੋਵੇਂ ਸੁਰੱਖਿਅਤ ਸਨ। ਜਦੋਂ ਧਰਮ ਦੀ ਗੱਲ ਕਰਨਾ ਚੁਣੌਤੀ ਸੀ ਉਦੋਂ ਸਿੱਖਾਂ ਗੁਰੂਆਂ ਨੇ ਆਪਣਾ ਬਲੀਦਾਨ ਦਿੱਤਾ ਤੇ ਅਧਰਮੀਆਂ ਤੋਂ ਦੇਸ਼ ਦੀ ਰੱਖਿਆ ਕੀਤੀ। ਯੋਗੀ ਨੇ ਕਿਹਾ ਕਿ ਕੇਸਰੀਆ ਝੰਡਾ ਸਿੱਖ ਪਰੰਪਰਾ ਦਾ ਹੈ ਤੇ ਕਾਂਗਰਸੀ, ਸਪਾਈ ਤੇ ਬਸਪਾਈ ਇਸ ਤੋਂ ਪਰਹੇਜ ਕਰਦੇ ਹਨ।

ਉਹ ਸੋਮਵਾਰ ਨੂੰ ਲਖਨਊ ਦੇ ਵਿਸ਼ਵੇਸ਼ਵਰੈਆ ਸਭਾਗਾਰ 'ਚ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਭਾਜਪਾ ਦੇ ਸਿੱਖ ਸੰਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਿੰਦੂ ਤੇ ਸਿੱਖ ਵਿਚਾਲੇ ਭੇਦ-ਭਾਅ ਪਾਉਣ ਵਾਲੇ ਜੇਕਰ ਸਫਲ ਹੋਣਗੇ ਤਾਂ ਸਿੱਖ ਅਫਗਾਨਿਸਤਾਨ ਵਾਂਗ ਅਸੁਰੱਖਿਅਤ ਹੋ ਜਾਣਗੇ। ਅੱਜ ਅਫਗਾਨਿਸਤਾਨ 'ਚ ਸਿੱਖਾਂ ਦੀ ਗਿਣਤੀ ਸਿਰਫ 100 ਰਹਿ ਗਈ ਹੈ ਤੇ ਉਨ੍ਹਾਂ ਦੀ ਸਥਿਤੀ ਤਰਸਯੋਗ ਹੈ। ਯੋਗੀ ਨੇ ਕਿਹਾ ਕਿ 1984 ਦੇ ਦੰਗਿਆਂ ਦੀ ਐੱਸ.ਆਈ.ਟੀ. ਜਾਂਚ ਉਨ੍ਹਾਂ ਨੇ ਪਹਿਲਾਂ ਹੀ ਸ਼ੁਰੂ ਕਰਵਾ ਦਿੱਤੀ ਹੈ। ਪੀੜਤਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇਗਾ।

ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਹੋਵੇਗਾ ਮੈਡੀਕਲ ਕਾਲਜ
ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਸਮਾਜ ਨੂੰ ਕਿਸੇ ਦੇ ਸਾਹਮਣੇ ਹੱਥ ਫੈਲਾਉਣ ਦੀ ਲੋੜ ਨਹੀਂ ਹੈ। 8 ਨਵੇਂ ਮੈਡੀਕਲ ਕਾਲਜਾਂ 'ਚੋਂ ਕਿਸੇ ਇਕ ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਰੱਖਿਆ ਜਾਵੇਗਾ। ਉਨ੍ਹਾਂ ਨੇ ਗੁਰੂ ਗੋਵਿੰਦ ਸਿੰਘ ਤੇ ਗੁਰੂ ਤੇਗ ਬਹਾਦਰ ਜੀ ਦੇ ਨਾਂ 'ਤੇ ਵੀ ਸੰਸਥਾ ਦਾ ਨਾਂ ਰੱਖਣ ਦਾ ਭਰੋਸਾ ਦਿੱਤਾ ਯੋਗੀ ਨੇ ਕਿਹਾ ਕਿ ਸਿੱਖਾਂ ਦੇ ਬਲੀਦਾਨ ਨੂੰ ਕੋਈ ਭੁਲਾ ਨਹੀਂ ਸਕਦਾ।

ਦੰਗਿਆ ਦਾ ਬਦਲਾ ਬੁਲੇਟ ਨਾਲ ਨਹੀਂ ਬੈਲੇਟ ਨਾਲ ਲਵੋ : ਸ਼ਰਮਾ
ਉਪ ਮੁੱਖ ਮੰਤਰੀ ਡਾ. ਦਿਨੇਸ਼ ਸ਼ਰਮਾ ਨੇ ਕਿਹਾ ਕਿ 1984 ਦੇ ਦੰਗਿਆਂ ਦੇ ਦੋਸ਼ੀਆਂ ਦੀ ਸਜ਼ਾ ਇਹੀ ਹੈ ਕਿ ਉਹ ਜ਼ਿੰਦਗੀ 'ਚ ਕਦੇ ਸੱਤਾ 'ਚ ਵਾਪਸ ਨਾ ਆ ਸਕਣ। ਉਨ੍ਹਾਂ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਤੁਹਾਨੂੰ 1984 ਦੇ ਦੰਗਿਆ ਦਾ ਬਦਲਾ ਬੁਲੇਟ ਨਾਲ ਨਹੀਂ ਬੈਲੇਟ ਨਾਲ ਲੈਣਾ ਹੈ।

ਲਖਨਊ ਸਿੱਖ ਗੁਰਦੁਆਰਾ ਕਮੇਟੀ ਨੇ ਓਲਖ ਨੂੰ ਮੰਤਰੀ ਬਣਾਉਣ ਦੀ ਕੀਤੀ ਮੰਗ
ਲਖਨਊ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਜੇਂਦਰ ਸਿੰਘ ਬੱਗਾ ਨੇ ਬਲਦੇਨ ਸਿੰਘ ਓਲਖ ਨੂੰ ਕੈਬਨਿਟ ਮੰਤਰੀ ਬਣਾਉਣ ਦੀ ਮੰਗ ਕੀਤੀ। ਸੂਬਾ ਮੰਤਰੀ ਓਲਖ ਨੇ ਯੋਗੀ ਨੂੰ ਅਵਤਾਰ ਦੱਸਦੇ ਹੋਏ ਖੁਦ ਨੂੰ ਟਿਕਟ ਮਿਲਣ ਦਾ ਸਿਹਰਾ ਕੇਸ਼ਵ ਮੌਰਿਆ ਨੂੰ ਦਿੱਤਾ। ਕਿਹਾ ਯੋਗੀ ਜੀ ਨੇ ਮੋਬਾਇਲ ਰਾਹੀਂ ਸਭਾ ਨੂੰ ਸੰਬੋਧਿਤ ਕੀਤਾ ਤੇ ਮੈਂ ਚੋਣ ਜਿੱਤ ਗਿਆ.