ਸਿੱਖ ਦੀ ਪੱਗੜੀ ਖਿੱਚਣ ਦਾ ਮਾਮਲਾ: ਸਿਰਸਾ ਦੀ ਅਗਵਾਈ ''ਚ ਵਫ਼ਦ ਨੇ ਰਾਜਪਾਲ ਕੋਲ ਚੁੱਕਿਆ ਮੁੱਦਾ

10/12/2020 12:41:46 PM

ਨਵੀਂ ਦਿੱਲੀ— ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਸਿੱਖ ਵਿਅਕਤੀ ਬਲਵਿੰਦਰ ਸਿੰਘ ਨਾਲ ਕੋਲਾਕਾਤਾ ਪੁਲਸ ਵਲੋਂ ਕੁੱਟਮਾਰ ਕੀਤੇ ਜਾਣ, ਉਸਦੀ ਦਸਤਾਰ ਖਿੱਚਣ ਦੇ ਮਾਮਲੇ ਵਿਚ ਬੀਤੇ ਕੱਲ੍ਹ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲਬਾਤ ਕੀਤੀ। ਰਾਜਪਾਲ ਨੇ ਇਸ ਮਾਮਲੇ 'ਚ ਸਿੱਖਾਂ ਕੋਲੋਂ ਮੁਆਫੀ ਮੰਗਣ ਅਤੇ ਇਸ ਕੰਮ ਲਈ ਜ਼ਿੰਮੇਵਾਰ ਪੁਲਸ ਅਫਸਰਾਂ ਖਿਲਾਫ ਕਾਰਵਾਈ ਕਰਨ ਲਈ ਕਿਹਾ ਹੈ। ਇਹ ਗੱਲ ਰਾਜਪਾਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਗਏ ਉਚ ਪੱਧਰੀ ਵਫਦ ਨਾਲ ਮੁਲਾਕਾਤ ਦੌਰਾਨ ਆਖੀ।

ਰਾਜਪਾਲ ਨੇ ਇਹ ਵੀ ਦੱਸਿਆ ਕਿ ਜਦੋਂ ਮੈਂ ਗ੍ਰਹਿ ਮੰਤਰਾਲਾ ਦਾ ਉਹ ਟਵੀਟ ਵੇਖਿਆ, ਜਿਸ ਵਿਚ ਕਾਰਵਾਈ ਨੂੰ ਸਹੀ ਠਹਿਰਾਇਆ ਗਿਆ ਅਤੇ ਕਿਹਾ ਗਿਆ ਕਿ ਜੋ ਕੀਤਾ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੀਤਾ ਗਿਆ ਤਾਂ ਮੇਰੇ ਮਨ ਨੂੰ ਡੂੰਘੀ ਸੱਟ ਵੱਜੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜੋ ਕੌਮ ਦੇਸ਼ ਦੀ ਰੱਖਿਆ ਕਰਦੀ ਹੈ, ਉਸਦੇ ਮੈਂਬਰਾਂ ਨਾਲ ਇਸ ਤਰੀਕੇ ਕੁੱਟਮਾਰ ਕੀਤੀ ਜਾ ਰਹੀ ਹੈ। ਉਨ੍ਹਾਂ ਵਫ਼ਦ ਨੂੰ ਭਰੋਸਾ ਦਿੱਤਾ ਕਿ ਤੁਹਾਡਾ ਮੰਗ ਪੱਤਰ ਉਹ ਅੱਜ ਹੀ ਕਾਰਵਾਈ ਵਾਸਤੇ ਸਰਕਾਰ ਨੂੰ ਭੇਜਣਗੇ। ਵਫ਼ਦ ਦੀ ਰਾਜਪਾਲ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਦੌਰਾਨ ਸਿਰਸਾ ਨੇ ਉਨ੍ਹਾਂ ਨੂੰ ਦੱਸਿਆ ਕਿ ਕੋਲਕਾਤਾ ਪੁਲਸ ਨੇ ਬਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜਦੋਂ ਉਹ ਬਲਵਿੰਦਰ ਸਿੰਘ ਨੂੰ ਮਿਲੇ ਤਾਂ ਉਸ ਨੂੰ ਗਲੀਆਂ ਵਿਚ 20 ਤੋਂ ਵੱਧ ਪੁਲਸ ਮੁਲਾਜ਼ਮਾਂ ਵਲੋਂ ਇਸ ਤਰੀਕੇ ਲਿਜਾਇਆ ਜਾ ਰਿਹਾ ਸੀ, ਜਿਵੇਂ ਉਹ ਕੋਈ ਅੱਤਵਾਦੀ ਹੋਵੇ।

ਸਿਰਸਾ ਦੀ ਅਗਵਾਈ 'ਚ ਸਿੱਖ ਬਲਵਿੰਦਰ ਸਿੰਘ ਨਾਲ ਮੁਲਾਕਾਤ—
ਇਸ ਤੋਂ ਪਹਿਲਾਂ ਸਿਰਸਾ ਦੀ ਅਗਵਾਈ 'ਚ ਵਫਦ ਨੇ ਬਲਵਿੰਦਰ ਸਿੰਘ ਨਾਲ ਉਦੋਂ ਮੁਲਾਕਾਤ ਕੀਤੀ, ਜਦੋਂ ਉਸ ਨੂੰ ਅਦਾਲਤ ਲਿਜਾਇਆ ਜਾ ਰਿਹਾ ਸੀ। ਇਸ ਮਗਰੋਂ ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਬਲਵਿੰਦਰ ਸਿੰਘ ਇਸ ਵੇਲੇ ਪੂਰੀ ਚੜ੍ਹਦੀ ਕਲਾ ਵਿਚ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਇਨਸਾਫ਼ ਅਤੇ ਦਸਤਾਰ ਦੀ ਲੜਾਈ ਹੈ, ਜਿਸ ਵਿਚ ਅਸੀਂ ਜਿੱਤ ਹਾਸਲ ਕਰ ਕੇ ਰਹਾਂਗੇ ਤੇ ਦੋਸ਼ੀ ਪੁਲਸ ਮੁਲਾਜ਼ਮਾਂ ਨੂੰ ਸਜ਼ਾ ਦੁਆ ਕੇ ਰਹਾਂਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਇਨਸਾਫ਼ ਵਾਸਤੇ ਜੇ ਸਾਨੂੰ ਅਦਾਲਤ ਜਾਣਾ ਪਿਆ ਤਾਂ ਜਾਵਾਂਗੇ। ਵਫਦ ਵਿਚ ਸਿਰਸਾ ਦੇ ਨਾਲ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਸਰਵਜੀਤ ਸਿੰਘ ਵਿਰਕ ਅਤੇ ਪਰਮਜੀਤ ਸਿੰਘ ਚੰਢੋਕ ਵੀ ਮੌਜੂਦ ਸਨ।

Tanu

This news is Content Editor Tanu