ਸੋਨੂੰ ਸੂਦ ਨੂੰ ਲੋਕਾਂ ਨੇ ਦਿੱਤਾ ਭਗਵਾਨ ਦਾ ਦਰਜਾ, ਮੰਦਰ ’ਚ ਸਥਾਪਿਤ ਕੀਤੀ ਅਦਾਕਾਰ ਦੀ ਮੂਰਤੀ (ਤਸਵੀਰਾਂ)

12/21/2020 2:26:59 PM

ਮੁੰਬਈ (ਬਿਊਰੋ) — ਕੋਰੋਨਾ ਆਫ਼ਤ ਅਤੇ ਤਾਲਾਬੰਦੀ ਦੌਰਾਨ ਕੀਤੇ ਗਏ ਨੇਕ ਕੰਮਾਂ ਦੇ ਚੱਲਦਿਆਂ ਸੋਨੂੰ ਸੂਦ ਲੋਕਾਂ ’ਚ ਮਸੀਹਾ ਦੇ ਰੂਪ ’ਚ ਪ੍ਰਸਿੱਧ ਹੋਏ ਹਨ। ਤੇਲੰਗਾਨਾ ਸੂਬੇ  ਦੇ ਪਿੰਡ ਡੁੱਬਾ ਟਾਂਡਾ ਦੇ ਲੋਕਾਂ ਨੇ 47 ਸਾਲ ਦੇ ਸੋਨੂੰ ਸੂਦ ਦੇ ਨਾਂ ’ਤੇ ਇਕ ਮੰਦਰ ਬਣਵਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ। ਖ਼ਬਰਾਂ ਦੀ ਮੰਨੀਏ ਤਾਂ ਪਿੰਡ ਵਾਲਿਆਂ ਨੇ ਇਸ ਮੰਦਰ ਦਾ ਨਿਰਮਾਣ ਸਿੱਧੀਪੇਟ ਜਿਲ੍ਹਾ ਅਧਿਕਾਰੀਆਂ ਦੀ ਮਦਦ ਨਾਲ ਕਰਵਾਇਆ ਹੈ।

ਐਤਵਾਰ ਨੂੰ ਹੋਇਆ ਮੰਦਰ ਦਾ ਉਦਘਾਟਨ
ਮੰਦਰ ਦਾ ਉਦਘਾਟਨ ਐਤਵਾਰ ਨੂੰ ਮੂਰਤੀਕਾਰ ਤੇ ਸਥਾਨਕ ਲੋਕਾਂ ਦੀ ਮੌਜੂਦਗੀ ’ਚ ਕੀਤਾ ਗਿਆ। ਇਸ ਦੌਰਾਨ ਇਕ ਆਰਤੀ ਵੀ ਕੀਤੀ ਗਈ। ਪਾਰੰਪਰਿਕ ਪੋਸ਼ਾਕ ਪਾ ਕੇ ਸਥਾਨਕ ਲੋਕਾਂ ਨੇ ਲੋਕਗੀਤ ਵੀ ਗਾਏ। ਜਿਲ੍ਹਾ ਪਰਿਸ਼ਦ ਦੇ ਮੈਂਬਰ ਗਿਰੀ ਕੋਂਡੇਲ ਨੇ ਆਪਣੇ ਇਕ ਬਿਆਨ ’ਚ ਕਿਹਾ ਕਿ ਸੋਨੂੰ ਸੂਦ ਕੋਰੋਨਾ ਆਫ਼ਤ ਦੌਰਾਨ ਚੰਗੇ ਕੰਮ ਕਰ ਰਿਹਾ ਹੈ। 

‘ਸੋਨੂੰ ਸੂਦ ਸਾਡੇ ਭਗਵਾਨ ਨੇ’
ਮੰਦਰ ਦੀ ਯੋਜਨਾ ਬਣਾਉਣ ਵਾਲੇ ਸੰਗਠਨ ’ਚ ਸ਼ਾਮਲ ਰਮੇਸ਼ ਕੁਮਾਰ ਨੇ ਇਸ ਦੌਰਾਨ ਦੱਸਿਆ ‘ਸੋਨੂੰ ਸੂਦ ਨੇ ਚੰਗੇ ਕੰਮਾਂ ਲਈ ਭਗਵਾਨ ਦਾ ਦਰਜਾ ਪ੍ਰਾਪਤ ਕਰ ਲਿਆ ਹੈ। ਇਸ ਲਈ ਅਸੀਂ ਉਨ੍ਹਾਂ ਲਈ ਮੰਦਰ ਬਣਵਾਇਆ। ਉਹ ਸਾਡੇ ਲਈ ਭਗਵਾਨ ਹਨ।’ ਰਮੇਸ਼ ਕੁਮਾਰ ਨੇ ਅੱਗੇ ਕਿਹਾ ‘ਸੋਨੂੰ ਸੂਦ ਨੇ ਦੇਸ਼ ਦੇ ਕਰੀਬ 28 ਸੂਬਿਆਂ ਦੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਉਨ੍ਹਾਂ ਦੇ ਇਨਸਾਨੀਅਤ ਭਰੇ ਕੰਮਾਂ ਲਈ ਉਨ੍ਹਾਂ ਨੂੰ ਐਵਾਰਡਜ਼ ਵੀ ਮਿਲੇ ਹਨ।’

ਪ੍ਰਵਾਸੀ ਮਜ਼ਦੂਰਾਂ ਨੂੰ ਪਹੁੰਚਾਇਆ ਸੀ ਘਰ
ਤਾਲਾਬੰਦ ਦੌਰਾਨ ਸੋਨੂੰ ਸੂਦ ਨੇ ਮੁੰਬਈ ’ਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਦੇਸ਼ ਦੇ ਦੂਰ-ਦੁਰੇਡੇ ਇਲਾਕਿਆਂ ’ਚ ਸਥਿਤ ਉਨ੍ਹਾਂ ਦੇ ਘਰ ਪਹੁੰਚਾਉਣ ’ਚ ਮਦਦ ਕੀਤੀ ਸੀ। ਉਨ੍ਹਾਂ ਨੇ ਅਤੇ ਉਨ੍ਹਾਂ ਦੀ ਟੀਮ ਨੇ ਮਜ਼ਦੂਰਾਂ ਲਈ ਟੋਲ ਫ੍ਰੀ  ਨੰਬਰ ਤੇ ਵ੍ਹਟਸਐਪ ਨੰਬਰ ਵੀ ਜਾਰੀ ਕੀਤੇ ਸਨ। ਸੋਨੂੰ ਸੂਦ ਨੇ ਮਜ਼ਦੂਰਾਂ ਲਈ ਖਾਣਾ, ਬਸ, ਟ੍ਰੇਨ ਤੇ ਚਾਰਟਰਡ ਫਲਾਈਟ ਦਾ ਵੀ ਇੰਤਜ਼ਾਮ ਕਰਵਾਇਆ ਸੀ। ਨਾਲ ਹੀ ਫਸੇ ਹੋਏ ਲੋਕਾਂ ਦੇ ਖਾਣ-ਪੀਣ ਦਾ ਪੁਖਤਾ ਪ੍ਰਬੰਧ ਕਰਵਾਇਆ ਸੀ।

sunita

This news is Content Editor sunita