SIA ਵਲੋਂ ਨਾਰਕੋ ਅੱਤਵਾਦ ਵਿਰੁੱਧ ਵੱਡੀ ਕਾਰਵਾਈ, ਪੁੰਛ ਜ਼ਿਲ੍ਹੇ ’ਚ ਕਈ ਥਾਈਂ ਛਾਪੇ

07/30/2023 10:45:43 AM

ਪੁੰਛ (ਧਨੁਜ)- ਨਾਰਕੋ ਅੱਤਵਾਦ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਸੂਬਾਈ ਜਾਂਚ ਏਜੰਸੀ (ਐੱਸ. ਆਈ. ਏ.) ਨੇ ਸ਼ਨੀਵਾਰ ਪੁੰਛ ਜ਼ਿਲ੍ਹੇ ’ਚ ਕਈ ਥਾਵਾਂ ’ਤੇ ਛਾਪੇ ਮਾਰ ਕੇ ਅਹਿਮ ਸਬੂਤ ਅਤੇ ਦਸਤਾਵੇਜ਼ ਬਰਾਮਦ ਕੀਤੇ। ਐੱਸ.ਆਈ.ਏ. ਦੀ ਟੀਮ ਬਦਨਾਮ ਨਸ਼ਾ ਸਮੱਗਲਰ ਰਫੀ ਲਾਲਾ ਨੂੰ ਜੇਲ੍ਹ ਤੋਂ ਲੈ ਕੇ ਪੁੰਛ ਪਹੁੰਚੀ। ਇਸ ਮੌਕੇ ਜੰਮੂ-ਕਸ਼ਮੀਰ ਪੁਲਸ ਅਤੇ ਨੀਮ ਸੁਰੱਖਿਆ ਫੋਰਸਾਂ ਦੇ ਜਵਾਨ ਵੀ ਮੌਜੂਦ ਸਨ। ਐੱਸ.ਆਈ.ਏ. ਨੇ ਸਭ ਤੋਂ ਪਹਿਲਾਂ ਜ਼ਿਲੇ ਦੀ ਮੰਡੀ ਤਹਿਸੀਲ ’ਚ 2 ਥਾਵਾਂ ’ਤੇ ਛਾਪੇ ਮਾਰੇ। ਡੂੰਘਾਈ ਨਾਲ ਤਲਾਸ਼ੀ ਲੈਣ ਉਪਰੰਤ ਕਈ ਦਸਤਾਵੇਜ਼ ਜ਼ਬਤ ਕੀਤੇ ਗਏ। ਇਸ ਤੋਂ ਬਾਅਦ ਵਿਸ਼ੇਸ਼ ਦਸਤੇ ਵੱਲੋਂ ਇਕ ਘਰ ਵਿਚ ਛਾਪੇਮਾਰੀ ਕਰਦਿਆਂ ਤਲਾਸ਼ੀ ਮੁਹਿੰਮ ਚਲਾਈ ਗਈ।

ਪੁੰਛ ਸ਼ਹਿਰ ਦੇ ਮੁੱਖ ਬੱਸ ਸਟੈਂਡ ’ਤੇ ਸਥਿਤ ਇਕ ਹੋਟਲ ’ਤੇ ਵੀ ਜਾਂਚ ਏਜੰਸੀ ਵੱਲੋਂ ਛਾਪਾ ਮਾਰਿਆ ਗਿਆ । ਤਲਾਸ਼ੀ ਦੇ ਨਾਲ-ਨਾਲ ਉੱਥੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ। ਪੁੰਛ ਸ਼ਹਿਰ ਦੇ ਬਾਹਰਵਾਰ ਸਥਿਤ ਇੱਕ ਮਦਰੱਸੇ ’ਤੇ ਵੀ ਜਾਂਚ ਏਜੰਸੀ ਨੇ ਛਾਪਾ ਮਾਰਿਆ। ਜ਼ਿਕਰਯੋਗ ਹੈ ਕਿ ਰਫੀ ਲਾਲਾ ਇੱਕ ਬਦਨਾਮ ਨਾਰਕੋ ਅੱਤਵਾਦੀ ਹੈ, ਜਿਸ ਦੇ ਘਰ ਕੁਝ ਮਹੀਨੇ ਪਹਿਲਾਂ ਜਾਂਚ ਏਜੰਸੀਆਂ ਵੱਲੋਂ ਛਾਪੇਮਾਰੀ ਕੀਤੀ ਗਈ ਸੀ। ਉੱਥੋਂ ਭਾਰੀ ਮਾਤਰਾ ਵਿਚ ਨਕਦੀ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

DIsha

This news is Content Editor DIsha