ਚਾਹੇ ਕਿਸੇ ਨੂੰ ਵੀ ਪਾਉ ਪਰ 'ਵੋਟ ਜ਼ਰੂਰ ਪਾਉ' : ਸ਼ਿਆਮ ਸਰਨ ਨੇਗੀ

04/02/2019 12:05:52 PM

ਕਾਲਪਾ (ਹਿਮਾਚਲ ਪ੍ਰਦੇਸ਼)— ਹਿੰਦੋਸਤਾਨ ਦੇ ਸਭ ਤੋਂ ਪਹਿਲੇ ਵੋਟਰ ਅਤੇ ਚੋਣ ਕਮਿਸ਼ਨ ਵਲੋਂ ਚੋਣ ਦੇ ਬਰਾਂਡ ਅੰਬੈਸਡਰ ਨਾਮਜ਼ਦ 102 ਸਾਲਾ ਸ਼ਿਆਮ ਸਰਨ ਨੇਗੀ ਕਹਿੰਦੇ ਹਨ ਕਿ ਦੇਸ਼ ਦੇ ਹਰ ਨਾਗਰਿਕ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ, ਫਿਰ ਚਾਹੇ ਤੁਸੀਂ ਕਿਸੇ ਨੂੰ ਵੀ ਵੋਟ ਪਾਉ। 1947 ਵਿਚ ਬ੍ਰਿਟਿਸ਼ ਰਾਜ ਤੋਂ ਆਜ਼ਾਦ ਹੋਣ ਤੋਂ ਬਾਅਦ ਦੇਸ਼ ਵਿਚ 1951 ਵਿਚ ਹੋਈਆਂ ਪਹਿਲੀਆਂ ਆਮ ਚੋਣਾਂ ਵਿਚ ਸਭ ਤੋਂ ਪਹਿਲੇ ਵੋਟ ਪਾਉਣ ਵਾਲੇ ਸ਼ਿਆਮ ਸਰਨ ਨੇਗੀ ਨੇ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲੇ ਵਿਚ ਕਲਪਾ ਤੋਂ ਇਕ ਨਿਊਜ਼ ਏਜੰਸੀ ਨਾਲ ਫੋਨ 'ਤੇ ਗੱਲਬਾਤ ਵਿਚ ਇਹ ਗੱਲ ਆਖੀ। ਉਨ੍ਹਾਂ ਦੇ ਪੁੱਤਰ ਚੰਦਰਪ੍ਰਕਾਸ਼ ਨੇਗੀ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਆਪਣਾ ਬਰਾਂਡ ਅੰਬੈਸਡਰ ਨਾਮਜ਼ਦ ਕੀਤਾ ਹੈ, ਇਸ ਲਈ ਉਹ ਕਿਸੇ ਵੀ ਪਾਰਟੀ ਦੇ ਪੱਖ ਜਾਂ ਵਿਰੋਧ ਦੀ ਗੱਲ ਨਹੀਂ ਕਰ ਸਕਦੇ ਪਰ ਉਨ੍ਹਾਂ ਦੀ ਨਿਜੀ ਰਾਇ ਹੈ ਕਿ ਇਸ ਵਾਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੀ ਸਰਕਾਰ ਬਣਨੀ ਚਾਹੀਦੀ ਹੈ।

ਨੇਗੀ ਆਉਣ ਵਾਲੀ ਜੁਲਾਈ ਵਿਚ ਆਪਣੀ ਜ਼ਿੰਦਗੀ ਦੇ 102 ਸਾਲ ਪੂਰੇ ਕਰਨ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਵੋਟ ਬਰਬਾਦ ਨਹੀਂ ਕਰਨੀ ਚਾਹੀਦੀ। ਹਰ ਨਾਗਰਿਕ ਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ। ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਿਸ ਨੂੰ ਵੀ ਵੋਟ ਪਾਉਣੀ ਹੈ ਪਰ ਵੋਟ ਜ਼ਰੂਰ ਪਾਉ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਬਰਾਂਡ ਅੰਬੈਸਡਰ ਇਸ ਲਈ ਬਣਾਇਆ ਹੈ, ਕਿਉਂਕਿ 1951 ਤੋਂ ਲੈ ਕੇ ਅੱਜ ਤਕ ਮੈਂ ਪੰਚਾਇਤ, ਵਿਧਾਨ ਸਭਾ ਅਤੇ ਲੋਕ ਸਭਾ ਤਕ ਦੇ ਹਰ ਚੋਣਾਂ ਵਿਚ ਵੋਟਾਂ ਪਾਈਆਂ ਹਨ। ਆਜ਼ਾਦ ਭਾਰਤ ਵਿਚ ਸਭ ਤੋਂ ਪਹਿਲਾਂ ਲੋਕ ਸਭਾ ਚੋਣਾਂ ਫਰਵਰੀ 1952 ਵਿਚ ਹੋਈਆਂ ਸਨ ਪਰ ਭਾਰੀ ਬਰਫਬਾਰੀ ਦੇ ਖਦਸ਼ੇ ਕਾਰਨ ਹਿਮਾਚਲ ਪ੍ਰਦੇਸ਼ ਦੇ ਲੋਕਾਂ ਲਈ 5 ਮਹੀਨੇ ਪਹਿਲਾਂ ਹੀ ਵੋਟਾਂ ਕਰਾਉਣ ਦੀ ਵਿਵਸਥਾ ਕੀਤੀ ਗਈ ਸੀ ਅਤੇ ਸਭ ਤੋਂ ਪਹਿਲਾਂ ਸ਼ਿਆਮ ਸਰਨ ਨੇਗੀ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ। 

ਨੇਗੀ ਦੇ ਪੁੱਤਰ ਚੰਦਰਪ੍ਰਕਾਸ਼ ਦੱਸਦੇ ਹਨ ਕਿ ਉਹ (ਸ਼ਿਆਮ ਨੇਗੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ 'ਮਨ ਕੀ ਬਾਤ' ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ਅਤੇ ਉੱਚਾ ਸੁਣਨ ਦੇ ਬਾਵਜੂਦ ਰੇਡੀਓ 'ਤੇ ਲਗਾਤਾਰ ਇਸ ਪ੍ਰੋਗਰਾਮ ਨੂੰ ਸੁਣਦੇ ਆ ਰਹੇ ਹਨ। ਹਾਲਾਂਕਿ ਭਾਜਪਾ ਦੇ ਇਕ ਸਥਾਨਕ ਨੇਤਾ ਵਲੋਂ ਫੇਸਬੁੱਕ 'ਤੇ ਉਨ੍ਹਾਂ ਦੀ ਤਸਵੀਰ 'ਮੈਂ ਵੀ ਚੌਕੀਦਾਰ' ਮੁਹਿੰਮ ਨਾਲ ਟੈਗ ਕਰਨ 'ਤੇ ਉਹ ਨਾਰਾਜ਼ ਹੋ ਗਏ ਸਨ। ਚੰਦਰਪ੍ਰਕਾਸ਼ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਕਾਰਵਾਈ ਕਰਨ ਲਈ ਸ਼ਿਆਮ ਸਰਨ ਨੇਗੀ ਨਾਲ ਸੰਪਰਕ ਕੀਤਾ ਸੀ ਪਰ ਉਨ੍ਹਾਂ ਨੇ ਇਸ ਮਾਮਲੇ ਵਿਚ ਕਿਸੇ ਪ੍ਰਕਾਰ ਦੀ ਕਾਰਵਾਈ ਕੀਤੇ ਜਾਣ ਤੋਂ ਇਨਕਾਰ ਕਰ ਦਿੱਤਾ।

ਅਜਿਹੇ ਵਿਚ ਚੋਣ ਕਮਿਸ਼ਨ ਨੂੰ ਜਦੋਂ ਇਸ ਟਵੀਟ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਜ਼ਿਲਾ ਚੋਣ ਕਮਿਸ਼ਨਰ ਅਧਿਕਾਰੀ ਕਿੰਨੌਰ ਦੇ ਜ਼ਰੀਏ ਸ਼ਿਆਮ ਸਰਨ ਨੇਗੀ ਨਾਲ ਇਸ ਸਬੰਧ ਵਿਚ ਸੰਪਰਕ ਕੀਤਾ। ਕਮਿਸ਼ਨ ਦੀ ਕਾਰਵਾਈ ਤੋਂ ਬਾਅਦ ਸਬੰਧਤ ਭਾਜਪਾ ਨੇਤਾ ਨੇ ਸ਼ਿਆਮ ਸਰਨ ਨੇਗੀ ਤੋਂ ਮੁਆਫ਼ੀ ਮੰਗ ਲਈ। ਚੋਣ ਕਮਿਸ਼ਨ ਵੀ ਲੋਕਾਂ ਨੂੰ ਵੋਟਾਂ ਲਈ ਜਾਗਰੂਕ ਕਰਨ ਅਤੇ ਅਪੀਲ ਕਰਨ ਲਈ ਨੇਗੀ ਦੀ ਮਦਦ ਲੈ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿਚ ਲੋਕ ਸਭਾ ਦੀਆਂ ਕੁੱਲ 4 ਸੀਟਾਂ ਲਈ 19 ਮਈ ਨੂੰ ਵੋਟਾਂ ਹੋਣੀਆਂ ਹਨ। ਪ੍ਰਦੇਸ਼ ਦੀਆਂ ਸਾਰੀਆਂ ਸੀਟਾਂ 'ਤੇ ਇਸ ਸਮੇਂ ਭਾਜਪਾ ਦਾ ਕਬਜ਼ਾ ਹੈ।


Tanu

Content Editor

Related News