542 ''ਮਜ਼ਦੂਰ ਸਪੈਸ਼ਲ ਟਰੇਨ'' ਰਾਹੀਂ ਸਾਢੇ 6 ਲੱਖ ਪ੍ਰਵਾਸੀਆਂ ਦੀ ਹੋਈ ਘਰ ਵਾਪਸੀ

05/12/2020 7:04:42 PM

ਨਵੀਂ ਦਿੱਲੀ (ਭਾਸ਼ਾ)— ਰੇਲਵੇ ਨੇ 1 ਮਈ ਤੋਂ ਹੁਣ ਤੱਕ 542 'ਮਜ਼ਦੂਰ ਸਪੈਸ਼ਲ ਟਰੇਨ' ਚਲਾਈਆਂ ਹਨ ਅਤੇ ਲਾਕਡਾਊਨ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫਸੇ 6.48 ਲੱਖ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਸੋਮਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਮਜ਼ਦੂਰਾਂ ਨੂੰ ਛੇਤੀ ਘਰ ਪਹੁੰਚਾਉਣ ਲਈ ਰੇਲਵੇ ਹੁਣ ਰੋਜ਼ਾਨਾ 100 ਮਜ਼ਦੂਰ ਸਪੈਸ਼ਲ ਟਰੇਨ ਚਲਾਏਗਾ। ਹੁਣ ਤੱਕ ਚਲਾਈਆਂ ਗਈਆਂ 542 ਟਰੇਨਾਂ 'ਚੋਂ 448 ਆਪਣੀ ਮੰਜ਼ਲ 'ਤੇ ਪਹੁੰਚ ਗਈਆਂ ਹਨ ਅਤੇ 94 ਰਾਹ ਵਿਚ ਹਨ। ਮੰਜ਼ਲ 'ਤੇ ਪਹੁੰਚੀਆਂ 448 ਟੇਨਾਂ 'ਚੋਂ 221 ਉੱਤਰ ਪ੍ਰਦੇਸ਼ ਪਹੁੰਚੀਆਂ।

ਇਸ ਤੋਂ ਇਲਾਵਾ 117 ਟਰੇਨਾਂ ਬਿਹਾਰ ਪੁੱਜੀਆਂ। ਮੱਧ ਪ੍ਰਦੇਸ਼ 'ਚ 38, ਓਡੀਸ਼ਾ ਵਿਚ 29, ਝਾਰਖੰਡ 'ਚ 27, ਰਾਜਸਥਾਨ 'ਚ 4, ਮਹਾਰਾਸ਼ਟਰ ਵਿਚ 3, ਤੇਲੰਗਾਨਾ ਅਤੇ ਪੱਛਮੀ ਬੰਗਾਲ 'ਚ 2-2 ਅਤੇ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਕਰਨਾਟਕ ਅਤੇ ਤਾਮਿਲਨਾਡੂ ਵਿਚ 1-1 ਟਰੇਨ ਆਪਣੀ ਮੰਜ਼ਲ 'ਤੇ ਪੁੱਜੀ। ਇਨ੍ਹਾਂ ਟਰੇਨਾਂ ਜ਼ਰੀਏ ਪ੍ਰਵਾਸੀਆਂ ਨੂੰ ਤਿਰੂਚਿਰਾਪੱਲੀ, ਟਿਟਲਾਗੜ੍ਹ, ਬਰੌਨੀ, ਖੰਡਵਾ, ਜਗਨਨਾਥਪੁਰ, ਖੁਰਦਾ ਰੋਡ, ਪ੍ਰਯਾਗਰਾਜ, ਛਪਰਾ, ਬਲੀਆ, ਗਯਾ, ਵਾਰਾਣਸੀ, ਦਰਭੰਗਾ, ਗੋਰਖਪੁਰ, ਲਖਨਊ, ਜੌਨਪੁਰ, ਹਟੀਆ, ਬਸਤੀ, ਕਟਿਹਾਰ, ਦਾਨਾਪੁਰ, ਮੁਜ਼ੱਫਰਪੁਰ, ਸਹਰਸਾ ਆਦਿ ਸ਼ਹਿਰਾਂ ਤੱਕ ਪਹੁੰਚਾਇਆ ਗਿਆ।

ਟਰੇਨ 'ਚ ਸਫਰ ਤੋਂ ਪਹਿਲਾਂ ਯਾਤਰੀਆਂ ਦੀ ਪੂਰੀ ਜਾਂਚ ਕੀਤੀ ਗਈ। ਯਾਤਰਾ ਦੌਰਾਨ ਯਾਤਰੀਆਂ ਨੂੰ ਮੁਫ਼ਤ ਭੋਜਨ ਅਤੇ ਪਾਣੀ ਦਿੱਤਾ ਗਿਆ। ਸ਼ੁਰੂਆਤ ਵਿਚ ਕਿਸੇ ਵੀ ਸਟੇਸ਼ਨ 'ਤੇ ਇਨ੍ਹਾਂ ਟਰੇਨਾਂ ਦੇ ਰੁਕਣ ਦੀ ਯੋਜਨਾ ਨਹੀਂ ਸੀ ਪਰ ਸੋਮਵਾਰ ਨੂੰ ਰੇਲਵੇ ਨੇ ਐਲਾਨ ਕੀਤਾ ਕਿ ਟਰੇਨਾਂ ਦੇ ਮੰਜ਼ਲ ਤੱਕ ਪੁੱਜਣ ਤੋਂ ਪਹਿਲਾਂ ਸੂਬਿਆਂ 'ਚ ਵੱਧ ਤੋਂ ਵੱਧ 3 ਸਟੇਸ਼ਨਾਂ 'ਤੇ ਰੁਕਣ ਦੀ ਆਗਿਆ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧ ਵਿਚ ਸੂਬਾ ਸਰਕਾਰਾਂ ਦੀ ਬੇਨਤੀ 'ਤੇ ਇਹ ਫੈਸਲਾ ਲਿਆ ਗਿਆ।

Tanu

This news is Content Editor Tanu