'ਮਜ਼ਦੂਰ ਸਪੈਸ਼ਲ ਟਰੇਨ' : ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਨੂੰ ਲੈ ਕੇ ਰੇਲਵੇ ਦਾ ਅਹਿਮ ਫੈਸਲਾ

05/11/2020 6:48:26 PM

ਨਵੀਂ ਦਿੱਲੀ (ਭਾਸ਼ਾ)— ਲਾਕਡਾਊਨ ਦੌਰਾਨ ਵੱਧ ਤੋਂ ਵੱਧ ਪ੍ਰਵਾਸੀਆਂ ਨੂੰ ਘਰ ਪਹੁੰਚਾਉਣ ਦੀ ਕੋਸ਼ਿਸ਼ ਵਿਚ ਰੇਲਵੇ ਨੇ ਹੁਣ 'ਮਜ਼ਦੂਰ ਸਪੈਸ਼ਲ ਟਰੇਨ' ਵਿਚ 1200 ਦੀ ਥਾਂ 1700 ਯਾਤਰੀਆਂ ਨੂੰ ਭੇਜਣ ਦਾ ਫੈਸਲਾ ਕੀਤਾ ਹੈ ਅਤੇ 3 ਥਾਵਾਂ 'ਤੇ ਇਨ੍ਹਾਂ ਟਰੇਨਾਂ ਦਾ ਠਹਿਰਾਅ ਹੋਵੇਗਾ। ਰੇਲਵੇ ਵਲੋਂ ਜਾਰੀ ਆਦੇਸ਼ ਵਿਚ ਰੇਲਵੇ ਜ਼ੋਨਾਂ ਨੂੰ ਸਬੰਧਿਤ ਸੂਬਿਆਂ 'ਚ ਮੰਜ਼ਲ ਤੋਂ ਇਲਾਵਾ 3 ਥਾਵਾਂ 'ਤੇ ਟਰੇਨਾਂ ਨੂੰ ਠਹਿਰਾਉਣ ਲਈ ਕਿਹਾ ਗਿਆ ਹੈ। ਸੂਬਾ ਸਰਕਾਰਾਂ ਦੀ ਅਪੀਲ 'ਤੇ ਇਹ ਫੈਸਲਾ ਕੀਤਾ ਗਿਆ ਹੈ।

ਇਸ ਵਿਚ ਕਿਹਾ ਗਿਆ ਹੈ ਕਿ ਟਰੇਨ 'ਚ ਯਾਤਰੀਆਂ ਨੂੰ ਲੈ ਕੇ ਜਾਣ ਦੀ ਸਮਰੱਥਾ ਉਸ ਵਿਚ ਮੌਜੂਦ ਸਲੀਪਰ ਸੀਟਾਂ ਦੀ ਗਿਣਤੀ ਦੇ ਬਰਾਬਰ ਹੋਣੀ ਚਾਹੀਦੀ ਹੈ। ਮਜ਼ਦੂਰ ਸਪੈਸ਼ਲ ਟਰੇਨਾਂ 'ਚ 24 ਡੱਬੇ ਹਨ ਅਤੇ ਹਰੇਕ ਡੱਬੇ ਵਿਚ 72 ਯਾਤਰੀਆਂ ਨੂੰ ਲੈ ਕੇ ਜਾਣ ਦੀ ਸਮਰੱਥਾ ਹੈ। ਸਮਾਜਿਕ ਮੇਲ-ਮਿਲਾਪ ਤੋਂ ਦੂਰੀ ਦੇ ਪ੍ਰੋਟੋਕਾਲ ਦਾ ਪਾਲਣ ਕਰਨ ਲਈ ਮੌਜੂਦਾ ਸਮੇਂ ਵਿਚ ਹਰੇਕ ਡੱਬੇ ਵਿਚ 54 ਯਾਤਰੀਆਂ ਨੂੰ ਲੈ ਕੇ ਲਿਜਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ ਭਾਰਤੀ ਰੇਲਵੇ ਨੇ ਇਕ ਮਈ ਤੋਂ ਹੁਣ ਤਕ 5 ਲੱਖ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਲ ਤੱਕ ਪਹੁੰਚਾਇਆ ਹੈ। ਇਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਲਵੇ ਕੋਲ ਰੋਜ਼ਾਨਾ 300 ਟਰੇਨਾਂ ਚਲਾਉਣ ਦੀ ਸਮਰੱਥਾ ਹੈ ਅਤੇ ਅਸੀਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਵਧਾਉਣਾ ਚਾਹੁੰਦੇ ਹਾਂ। ਅਗਲੇ ਕੁਝ ਦਿਨਾਂ ਵਿਚ ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ ਜਾਵੇ, ਇਸ ਲਈ ਅਸੀਂ ਸੂਬਿਆਂ ਨੂੰ ਮਨਜ਼ੂਰੀ ਭੇਜਣ ਨੂੰ ਕਿਹਾ ਹੈ।


Tanu

Content Editor

Related News