ਚੌਹਾਨ ਨੇ ਕਮਲਨਾਥ ਨੂੰ ਰਾਵਣ ਤੇ ਸਿੰਧੀਆ ਨੂੰ ਦੱਸਿਆ ਵਿਭੀਸ਼ਣ

03/13/2020 10:57:49 AM

ਭੋਪਾਲ— ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਕਮਲਨਾਥ ਨੂੰ ਰਾਵਣ ਅਤੇ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਜਿਓਤਿਰਾਦਿਤਿਆ ਸਿੰਧੀਆ ਨੂੰ ਵਿਭੀਸ਼ਣ ਦੱਸਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਂਗਰਸ ਤੇ ਕਮਲਨਾਥ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਕੱਲ ਤੱਕ ਇਹ ਲੋਕ ਕਾਂਗਰਸ ਛੱਡ ਕੇ ਭਾਜਪਾ ਵਿਚ ਆਏ ਸਿੰਧੀਆ ਨੂੰ ਮਹਾਰਾਜ-ਮਹਾਰਾਜ ਕਹਿੰਦੇ ਸਨ ਤੇ ਹੁਣ ਮਾਫੀਆ ਕਹਿੰਦੇ ਹਨ। ਕੀ ਇਕ ਦਿਨ ਵਿਚ ਸਿੰਧੀਆ ਜੀ ਮਹਾਰਾਜ ਤੋਂ ਮਾਫੀਆ ਹੋ ਗਏ।

ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਭੋਪਾਲ ਆਏ ਸਿੰਧੀਆ ਦਾ ਸਵਾਗਤ ਕਰਨ ਲਈ ਆਯੋਜਿਤ ਸਭਾ ਨੂੰ ਸੰਬੋਧਨ ਕਰਦੇ ਹੋਏ ਚੌਹਾਨ ਨੇ ਕਿਹਾ,''ਮੇਰੇ ਕਲਮਨਾਥ, ਮੈਂ ਕਿਹਾ ਸੀ ਕਿ (ਸਾਡੇ) ਵਰਕਰ ਦੇ ਆਏ ਇਕ-ਇਕ ਹੰਝੂ ਦਾ ਹਿਸਾਬ ਲਵਾਂਗਾ।'' ਉਨ੍ਹਾਂ ਨੇ ਕਮਲਨਾਥ 'ਤੇ ਪ੍ਰਦੇਸ਼ ਦੀ ਜਨਤਾ ਅਤੇ ਭਾਜਪਾ ਵਰਕਰਾਂ 'ਤੇ ਜ਼ੁਲਮ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ,''ਇਸ ਦਾ (ਮਕਾਨ, ਹੋਟਲ, ਰਿਜੋਰਟ) ਤੋੜ ਦਿਓ, ਇਸ ਨੂੰ ਮਿਟਾ ਦਿਓ, ਤੁਹਾਡੇ ਘਰ ਦਾ ਰਾਜ ਹੈ ਕੀ? ਜੇਕਰ ਤੁਸੀਂ ਠੀਕ ਤਰ੍ਹਾਂ ਰਾਜ ਕਰਦੇ ਤਾਂ ਅਸੀਂ ਸੜਕਾਂ 'ਤੇ ਨਹੀਂ ਉਤਰਦੇ।'' 

ਚੌਹਾਨ ਨੇ ਕਿਹਾ,''ਪਰ ਅੱਜ ਅਸੀਂ ਇਹ ਸੰਕਲਪ ਕਰਦੇ ਹਾਂ ਕਿ ਕਮਲਨਾਥ ਜਦੋਂ ਤੱਕ ਤੇਰੇ ਪਾਪ, ਅੱਤਿਆਚਾਰ, ਅਨਿਆਂ, ਭ੍ਰਿਸ਼ਟਾਚਾਰ ਅਤੇ ਆਤੰਕ ਦੀ ਲੰਕਾ ਨੂੰ ਸਾੜ ਕੇ ਸੁਆਹ ਨਹੀਂ ਕਰ ਦਿੰਦੇ, ਅਸੀਂ ਚੁੱਪ ਨਹੀਂ ਬੈਠਾਂਗੇ। ਅਸੀਂ ਆਰਾਮ ਨਾਲ ਨਹੀਂ ਬੈਠਾਂਗੇ।'' ਸਿੰਧੀਆ ਵੱਲ ਸੰਕੇਤ ਕਰਦੇ ਹੋਏ ਚੌਹਾਨ ਨੇ ਕਿਹਾ,''ਪਰ ਰਾਵਣ ਦੀ ਲੰਕਾ ਜੇਕਰ ਪੂਰੀ ਤਰ੍ਹਾਂ ਸਾੜਨੀ ਹੈ ਤਾਂ ਵਿਭੀਸ਼ਣ ਦੀ ਤਾਂ ਲੋੜ ਹੁੰਦੀ ਹੈ ਮੇਰੇ ਭਾਈ।'' ਇਸ 'ਤੇ ਉੱਥੇ ਮੌਜੂਦ ਭਾਜਪਾ ਵਰਕਰ ਹੱਸਣ ਲੱਗੇ। ਚੌਹਾਨ ਨੇ ਆਪਣਾ ਭਾਸ਼ਣ ਜਾਰੀ ਰੱਖਦੇ ਹੋਏ ਕਿਹਾ,''ਹੋਰ ਹੁਣ ਸਿੰਧੀਆ ਜੀ ਸਾਡੇ ਨਾਲ ਹਨ। ਮਿਲ ਕੇ ਲੜਾਂਗੇ, ਇਨ੍ਹਾਂ ਨੂੰ (ਕਮਲਨਾਥ ਸਰਕਾਰ) ਮਿਟਾ ਦੇਵਾਂਗੇ।''


DIsha

Content Editor

Related News