2000 ਦੇ ਨੋਟ ਦਬਾ ਕੇ ਨਕਦੀ ਦੀ ਕਮੀ ਪੈਦਾ ਕਰਨ ਦੀ ਚੱਲ ਰਹੀ ਸਾਜ਼ਿਸ਼ : ਚੌਹਾਨ

04/16/2018 10:05:43 PM

ਨਵੀਂ ਦਿੱਲੀ- ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਏ. ਟੀ. ਐੱਮ. 'ਚ ਨਕਦੀ ਦੀ ਕਮੀ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ ਕਿਹਾ ਕਿ ਕੁਝ ਲੋਕਾਂ ਵਲੋਂ 2000 ਦੇ ਨੋਟ ਦਬਾ ਕੇ ਨਕਦੀ ਦੀ ਕਮੀ ਪੈਦਾ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ। ਚੌਹਾਨ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਦੱਸਿਆ ਕਿ ਸਾਜ਼ਿਸ਼ ਕਰਨ ਵਾਲੇ ਇਹ ਲੋਕ ਕੌਣ ਹਨ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਨਵੰਬਰ 2016 'ਚ ਨੋਟਬੰਦੀ ਹੋਈ ਸੀ, ਉਦੋਂ 15 ਲੱਖ ਕਰੋੜ ਰੁਪਏ ਦੇ ਨੋਟ ਬਾਜ਼ਾਰ 'ਚ ਸੀ ਅਤੇ ਅੱਜ 16.50 ਲੱਖ ਕਰੋੜ ਨੋਟ ਛੱਪ ਕੇ ਬਾਜ਼ਾਰ 'ਚ ਭੇਜੇ ਗਏ ਹਨ। 

ਉਨ੍ਹਾਂ ਕਿਹਾ ਕਿ ਪਰ ਦੋ-ਦੋ ਹਜ਼ਾਰ ਦੇ ਨੋਟ ਕਿੱਥੇ ਜਾ ਰਹੇ ਹਨ, ਕੌਣ ਦਬਾ ਕੇ ਰੱਖ ਰਿਹਾ ਹੈ, ਕੌਣ ਨਕਦੀ ਦੀ ਕਮੀ ਪੈਦਾ ਕਰ ਰਿਹਾ ਹੈ, ਇਹ ਇਕ ਸਾਜ਼ਿਸ਼ ਹੈ। ਚੌਹਾਨ ਨੇ ਕਿਹਾ ਕਿ ਇਹ ਸਾਜ਼ਿਸ਼ ਇਸ ਲਈ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ 'ਚ ਦਿੱਕਤਾਂ ਪੈਦਾ ਹੋ ਸਕਣ। ਉਨ੍ਹਾਂ ਕਿਹਾ ਕਿ ਅੱਜ ਸੂਬੇ 'ਚ ਨਕਦੀ ਦੀ ਕਮੀ ਪੈਦਾ ਕੀਤੀ ਜਾ ਰਹੀ ਹੈ। ਸੂਬਾ ਸਰਕਾਰ ਇਸ 'ਤੇ ਸਖਤੀ ਨਾਲ ਕਾਰਵਾਈ ਕਰੇਗੀ। ਕਿਸਾਨਾਂ ਨੂੰ ਕੋਈ ਵੀ ਦਿੱਕਤ ਹੋਵੇ ਤਾਂ ਮੁੱਖ ਮੰਤਰੀ ਨਿਵਾਸ 'ਤੇ ਸਥਾਪਿਤ ਕੰਟਰੋਲ ਰੂਮ ਦੇ ਫੋਨ ਨੰਬਰ 0755-2540500 'ਤੇ ਫੋਨ ਕਰੋ। ਚੌਹਾਨ ਨੇ ਕਾਂਗਰਸ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਸੱਤਾ ਲਈ ਸੂਬੇ 'ਚ ਅੱਗ ਲਗਾਉਣਾ ਚਾਹੁੰਦੀ ਹੈ, ਹਿੰਸਾ ਫੈਲਾਉਣਾ ਚਾਹੁੰਦੀ ਹੈ।