ਅੱਜ ਤੋਂ ਮੁੜ ਸ਼ੁਰੂ ਹੋਣਗੀਆਂ ਸ਼ਿਰਡੀ ਏਅਰਪੋਰਟ ਤੋਂ ਉਡਾਣਾਂ, ਇਸ ਵਜ੍ਹਾ ਕਰ ਕੇ ਸੀ ਬੰਦ

12/11/2019 12:54:54 PM

ਮਹਾਰਾਸ਼ਟਰ— ਮਹਾਰਾਸ਼ਟਰ ਸਥਿਤ ਸ਼ਿਰਡੀ ਇੰਟਰਨੈਸ਼ਨਲ ਏਅਰਪੋਰਟ 27 ਦਿਨ ਬੰਦ ਰਹਿਣ ਤੋਂ ਬਾਅਦ ਬੁੱਧਵਾਰ ਨੂੰ ਫਿਰ ਤੋਂ ਸ਼ੁਰੂ ਹੋ ਰਿਹਾ ਹੈ। ਦੱਸਣਯੋਗ ਹੈ ਕਿ ਵਿਜ਼ੀਬਿਲਟੀ (ਧੁੰਦ ਕਾਰਨ ਸਾਫ ਨਜ਼ਰ) ਨਾ ਆਉਣ ਕਾਰਨ 14 ਨਵੰਬਰ ਨੂੰ ਜਹਾਜ਼ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਲਾਈਟਿੰਗ ਜ਼ਰੀਏ ਲੈਂਡਿੰਗ ਅਤੇ ਟੇਕ-ਆਫ ਲਈ ਵਿਜ਼ੀਬਿਲਟੀ ਸੁਧਾਰਨ ਤੋਂ ਬਾਅਦ ਸਪਾਈਸ ਜੈੱਟ ਨੇ ਬੁੱਧਵਾਰ ਦੁਪਹਿਰ 12 ਵਜੇ ਸ਼ਿਰਡੀ ਲਈ ਉਡਾਣਾਂ ਦਾ ਸ਼ੈਡਿਊਲ ਜਾਰੀ ਕੀਤਾ ਹੈ।

ਏਅਰਲਾਈਨ ਨੇ ਬੁੱਧਵਾਰ ਦੁਪਹਿਰ 12 ਵਜੇ ਤੋਂ ਦਿੱਲੀ, ਚੇਨਈ, ਬੈਂਗਲੁਰੂ, ਹੈਦਰਾਬਾਦ ਆਦਿ ਥਾਵਾਂ ਤੋਂ 12 ਜਹਾਜ਼ਾਂ ਦੀ ਲੈਂਡਿੰਗ ਅਤੇ ਟੇਕ-ਆਫ ਦਾ ਸ਼ੈਡਿਊਲ ਤੈਅ ਕੀਤਾ ਹੈ। 70 ਫੀਸਦੀ ਬੁਕਿੰਗ ਇਕ ਹੀ ਦਿਨ 'ਚ ਹੋ ਚੁੱਕੀ ਹੈ। ਵੀਰਵਾਰ ਭਾਵ ਕੱਲ ਸਪਾਈਸ ਜੈੱਟ ਪਹਿਲਾਂ ਤੋਂ ਤੈਅ ਸ਼ੈਡਿਊਲ ਮੁਤਾਬਕ ਸਾਰੇ ਜਹਾਜ਼ਾਂ ਦੀ ਲੈਂਡਿੰਗ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਇੰਡੀਗੋ ਸਮੇਤ ਹੋਰ ਏਅਰਲਾਈਨਜ਼ ਵੀ ਇਕ-ਦੋ ਦਿਨਾਂ ਵਿਚ ਸ਼ਿਰਡੀ ਲਈ ਸ਼ੈਡਿਊਲ ਦਾ ਐਲਾਨ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਔਸਤ ਤੋਂ ਦੋਗੁਣੀ ਬਾਰਿਸ਼ ਪੈਣ ਕਾਰਨ ਸ਼ਿਰਡੀ ਏਅਰਪੋਰਟ ਕੰਪਲੈਕਸ 'ਚ ਨਮੀ ਵਧ ਗਈ ਸੀ। ਇਸ ਵਜ੍ਹਾ ਕਰ ਕੇ ਏਅਰਪੋਰਟ ਕੰਪਲੈਕਸ 'ਚ ਧੁੰਦ ਦੀ ਇਕ ਮੋਟੀ ਪਰਤ ਛਾ ਗਈ ਸੀ। ਇਸ ਕਾਰਨ ਲੈਂਡਿੰਗ ਲਈ 5 ਕਿਲੋਮੀਟਰ ਦੀ ਵਿਜ਼ੀਬਿਲਟੀ ਨਹੀਂ ਮਿਲ ਪਾ ਰਹੀ ਸੀ। ਇਸ ਕਾਰਨ ਸਾਵਧਾਨੀ ਦੇ ਤੌਰ 'ਤੇ ਜਹਾਜ਼ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ।

Tanu

This news is Content Editor Tanu