ਸਿਆਸਤ 'ਚ ਆਪਣੀ ਛਾਪ ਛੱਡਣ ਵਾਲੀ 'ਦੀਕਸ਼ਿਤ' ਨੇ ਬਦਲੀ ਸੀ ਦਿੱਲੀ ਦੀ ਤਸਵੀਰ

01/20/2019 4:05:41 PM

ਨਵੀਂ ਦਿੱਲੀ (ਭਾਸ਼ਾ)— ਆਜ਼ਾਦ ਭਾਰਤ ਦੀ ਸਿਆਸਤ ਵਿਚ ਕਈ ਚਿਹਰੇ ਅਜਿਹੇ ਹਨ, ਜਿਨ੍ਹਾਂ ਨੇ ਕਦੇ ਸੂਰਜ ਵਾਂਗ ਰੌਸ਼ਨੀ ਬਿਖੇਰੀ ਤਾਂ ਕਦੇ ਹਾਲਾਤ ਦੇ ਹਨ੍ਹੇਰੇ ਸਾਏ 'ਚ ਲੁੱਕ ਗਏ। ਇਨ੍ਹਾਂ ਲੋਕਾਂ ਵਿਚੋਂ ਇਕ ਨਾਂ ਸ਼ੀਲਾ ਦੀਕਸ਼ਿਤ ਦਾ ਵੀ ਹੈ, ਉਹ 3 ਵਾਰ ਦਿੱਲੀ ਦੀ ਮੁੱਖ ਮੰਤਰੀ ਰਹੀ। ਆਓ ਮਾਰਦੇ ਹਾਂ ਉਨ੍ਹਾਂ ਦੀ ਜ਼ਿੰਦਗੀ 'ਤੇ ਇਕ ਝਾਤ-

ਪੰਜਾਬ ਦੇ ਕਪੂਰਥਲਾ 'ਚ ਹੋਇਆ ਜਨਮ—
ਸ਼ੀਲਾ ਦੀਕਸ਼ਿਤ ਦਾ ਪੰਜਾਬ ਦੇ ਕਪੂਰਥਲਾ ਵਿਚ ਪਿਤਾ ਕ੍ਰਿਸ਼ਨ ਕਪੂਰ ਅਤੇ ਮਾਂ ਸਵਰਣ ਲਤਾ ਦੇ ਘਰ 31 ਮਾਰਚ 1938 'ਚ ਜਨਮ ਹੋਇਆ। ਸ਼ੀਲਾ ਨੇ ਦਿੱਲੀ ਦੇ ਕਾਨਵੈਂਟ ਆਫ ਜੀਸਸ ਐਂਡ ਮੈਰੀ ਸਕੂਲ ਵਿਚ ਸਿੱਖਿਆ ਪ੍ਰਾਪਤ ਕੀਤੀ ਅਤੇ ਬਾਅਦ ਵਿਚ ਮਿਰਾਂਡਾ ਹਾਊਸ ਕਾਲਜ ਤੋਂ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਕੀਤੀ। ਪੜ੍ਹਾਈ ਦੌਰਾਨ ਹੀ ਉਨ੍ਹਾਂ ਦਾ ਸੁਤੰਤਰਤਾ ਸੈਨਾਨੀ ਅਤੇ ਸਾਬਕਾ ਰਾਜਪਾਲ ਤੇ ਕੇਦਰੀ ਮੰਤਰੀ ਰਹੇ ਉਮਾ ਸ਼ੰਕਰ ਦੀਕਸ਼ਿਤ ਦੇ ਪੁੱਤਰ ਵਿਨੋਦ ਦੀਕਸ਼ਿਤ ਨਾਲ ਪਰਿਚੈ ਹੋਇਆ ਅਤੇ ਕਿਸਮਤ ਨੇ ਉਨ੍ਹਾਂ ਨੂੰ ਸਿਆਸਤ ਦਾ ਰਾਹ ਦਿਖਾਇਆ। ਸ਼ੀਲਾ ਦੇ ਪਿਤਾ ਸਰਕਾਰੀ ਨੌਕਰੀ ਕਰਦੇ ਸਨ ਅਤੇ ਦਿੱਲੀ ਦੇ ਲੋਧੀ ਅਸਟੇਟ ਇਲਾਕੇ ਵਿਚ ਸਰਕਾਰੀ ਆਵਾਸ 'ਚ ਰਹਿੰਦੇ ਸਨ।



3 ਵਾਰ ਸੰਭਾਲਿਆ ਦਿੱਲੀ ਦੀ ਕੁਰਸੀ—
ਸ਼ੀਲਾ ਦੀਕਸ਼ਿਤ ਨਵੀਂ ਨਵੇਲੀ ਲੁਟੀਅੰਸ ਦਿੱਲੀ ਵਿਚ ਹਰੇ-ਭਰੇ ਦਰੱਖਤਾਂ ਦੀਆਂ ਕਤਾਰਾਂ ਦੇ ਸਾਹਮਣੇ ਤੋਂ ਸਾਈਕਲ ਚਲਾਉਂਦੇ ਹੋਏ ਲੰਘਦੀ ਸੀ ਅਤੇ ਉਸ ਸਮੇਂ ਉਨ੍ਹਾਂ ਨੇ ਸੋਚਿਆ ਤਕ ਨਹੀਂ ਸੀ ਕਿ ਇਕ ਦਿਨ ਅਜਿਹਾ ਵੀ ਆਵੇਗਾ ਕਿ ਉਨ੍ਹਾਂ ਦੀ ਰਹਿਨੁਮਾਈ ਵਿਚ ਦਿੱਲੀ ਦੀ ਤਸਵੀਰ ਬਦਲ ਜਾਵੇਗੀ। ਲਗਾਤਾਰ ਦਿਨ ਵਾਰ ਦਿੱਲੀ ਦਾ ਮੁੱਖ ਮੰਤਰੀ ਅਹੁਦਾ ਸੰਭਾਲਣ ਵਾਲੀ ਸ਼ੀਲਾ ਦੀਕਸ਼ਿਤ ਮੈਟਰੋ, ਸੀ. ਐੱਨ. ਜੀ. ਅਤੇ ਰਾਜਧਾਨੀ ਦੀ ਹਰਿਆਲੀ ਨੂੰ ਆਪਣੀ ਸਭ ਤੋਂ ਵੱਡੀ ਪ੍ਰਾਪਤੀ ਮੰਨਦੀ ਹੈ। 

 


ਇਕ ਸਖਤ ਮਾਂ ਰਹੀ ਸ਼ੀਲਾ ਦੀਕਸ਼ਿਤ—
ਆਪਣੇ ਦੋਹਾਂ ਬੱਚਿਆਂ ਸੰਦੀਪ ਅਤੇ ਲਤਿਕਾ ਲਈ ਸ਼ੀਲਾ ਦੀਕਸ਼ਿਤ ਇਕ ਸਖਤ ਮਾਂ ਰਹੀ। ਬੇਟੀ ਲਤਿਕਾ ਨੇ ਦੱਸਿਆ ਕਿ ਕੋਈ ਗਲਤੀ ਕਰਨ 'ਤੇ ਮਾਂ ਉਨ੍ਹਾਂ ਨੂੰ ਬਾਥਰੂਮ ਵਿਚ ਬੰਦ ਕਰ ਦਿੰਦੀ ਸੀ ਪਰ ਮਾਂ ਨੇ ਪੜ੍ਹਾਈ ਅਤੇ ਪ੍ਰੀਖਿਆ ਵਿਚ ਬਿਹਤਰ ਕਰਨ ਲਈ ਕਦੇ ਦਬਾਅ ਨਹੀਂ ਬਣਾਇਆ। ਉਨ੍ਹਾਂ ਨੇ ਤਮੀਜ ਅਤੇ ਤਹਜ਼ੀਬ ਵਿਚ ਹਮੇਸ਼ਾ ਪਹਿਲੇ ਨੰਬਰ 'ਤੇ ਰਹਿਣ ਦਾ ਜ਼ੋਰ ਦਿੱਤਾ। 



15 ਸਾਲ ਦੀ ਉਮਰ 'ਚ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਮਿਲੀ—
ਸ਼ੀਲਾ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਜਦੋਂ ਉਹ 15 ਸਾਲ ਦੀ ਸੀ ਤਾਂ ਇਕ ਦਿਨ ਉਹ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਮਿਲਣ ਆਪਣੇ ਘਰ ਤੋਂ ਪੈਦਲ ਹੀ 'ਤਿੰਨ ਮੂਰਤੀ ਭਵਨ' ਪਹੁੰਚ ਗਈ। ਚੌਕੀਦਾਰ ਨੇ ਪੰਡਿਤ ਜੀ ਨੂੰ ਮਿਲਣ ਦੀ ਗੱਲ ਸੁਣ ਕੇ ਗੇਟ ਖੋਲ੍ਹ ਦਿੱਤਾ ਪਰ ਨਹਿਰੂ ਜੀ ਆਪਣੀ ਕਾਰ ਵਿਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ, ਲਿਹਾਜ਼ਾ ਸ਼ੀਲਾ ਨੇ ਆਪਣਾ ਹੱਥ ਹਿਲਾ ਦਿੱਤਾ ਅਤੇ ਨਹਿਰੂ ਜੀ ਨੇ ਵੀ ਹੱਥ ਹਿਲਾ ਕੇ ਜਵਾਬ ਦਿੱਤਾ। 


 

1998 'ਚ ਸ਼ੀਲਾ ਦੀਕਸ਼ਿਤ ਬਣੀ ਦਿੱਲੀ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ—
1998 'ਚ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਬਣਾਇਆ ਅਤੇ ਉਨ੍ਹਾਂ ਦੀ ਲੀਡਰਸ਼ਿਪ ਵਿਚ ਕਾਂਗਰਸ ਨੇ ਦਿੱਲੀ 'ਚ 3 ਵਾਰ ਸਰਕਾਰ ਬਣਾਈ। 2013 ਦੀਆਂ ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਬਾਅਦ ਸ਼ੀਲਾ ਦੀਕਸ਼ਿਤ ਦਿੱਲੀ ਦੀ ਸਿਆਸਤ ਦਾ ਚਿਹਰਾ ਨਹੀਂ ਰਹੀ ਅਤੇ ਅਗਲੇ 5 ਸਾਲ ਕਦੇ-ਕਦੇ ਹੀ ਸੁਰਖੀਆਂ ਦਾ ਹਿੱਸਾ ਬਣੀ ਪਰ 80 ਦੀ ਉਮਰ ਵਿਚ ਉਨ੍ਹਾਂ ਦੇ ਸਿਆਸੀ ਸਿਤਾਰੇ ਇਕ ਵਾਰ ਫਿਰ ਚਮਕੇ ਅਤੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੀ ਸਭ ਤੋਂ ਪੁਰਾਣੇ ਨੇਤਾਵਾਂ 'ਚੋਂ ਇਕ ਸ਼ੀਲਾ ਨੂੰ ਇਕ ਵਾਰ ਫਿਰ ਦਿੱਲੀ ਦੀ ਕਮਾਨ ਸੌਂਪੀ ਗਈ ਹੈ। 

Tanu

This news is Content Editor Tanu