ਸ਼ੀਨਾ ਕਤਲ ਕੇਸ: ਇੰਦਰਾਣੀ ਨੇ ਕਿਹਾ, ਜੇਲ ''ਚ ਕੋਈ ਮੈਨੂੰ ਜਾਨੋਂ ਮਾਰਨਾ ਚਾਹੁੰਦਾ ਹੈ

04/24/2018 10:32:58 AM

ਮੁੰਬਈ— ਸ਼ੀਨਾ ਬੋਰਾ ਕਤਲ ਕੇਸ 'ਚ ਸਜ਼ਾ ਕੱਟ ਰਹੀ ਇੰਦਰਾਣੀ ਮੁਖਰਜੀ ਨੇ ਕਿਹਾ ਕਿ ਜੇਲ ਦੇ ਅੰਦਰ ਉਸ ਨੂੰ ਕੋਈ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਸ ਨੂੰ ਜਾਨ ਦਾ ਖਤਰਾ ਹੈ। ਸੀ.ਬੀ.ਆਈ. ਅਦਾਲਤ 'ਚ ਇੰਦਰਾਣੀ ਨੇ ਕਿਹਾ ਕਿ 7 ਅਪ੍ਰੈਲ ਨੂੰ ਉਸ ਨੇ ਸ਼ੁੱਕਰਵਾਰ ਦਾ ਵਰਤ ਰੱਖਿਆ ਹੋਇਆ ਸੀ ਅਤੇ ਉਸ ਦਿਨ ਉਸ ਨੇ ਜੇਲ 'ਚ ਦਿੱਤੀ ਜਾਣ ਵਾਲੀ ਦਾਲ ਨਾਲ ਆਪਣਾ ਵਰਤ ਤੋੜਿਆ ਸੀ। ਇਸ ਤੋਂ ਇਲਾਵਾ ਉਸ ਨੇ ਕੋਈ ਵੀ ਬਾਹਰ ਦੀ ਵਸਤੂ ਨਹੀਂ ਖਾਧੀ ਸੀ। ਦਾਲ ਪੀਣ ਤੋਂ ਬਾਅਦ ਉਸ ਦੀ ਹਾਲਤ ਵਿਗੜਨ ਲੱਗੀ ਸੀ ਅਤੇ ਇਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਇੰਦਰਾਣੀ ਮੁਖਰਜੀ 7 ਅਪ੍ਰੈਲ ਦੀ ਰਾਤ ਦੱਖਣੀ ਮੁੰਬਈ ਦੀ ਭਾਯਖਲਾ ਜੇਲ 'ਚ ਬੇਹੋਸ਼ੀ ਦੀ ਹਾਲਤ 'ਚ ਪਾਈ ਗਈ ਸੀ। ਇਸ ਤੋਂ ਬਾਅਦ ਉਸ ਨੂੰ ਜੇ.ਜੇ. ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਐਡੀਸ਼ਨਲ ਇੰਸਪੈਕਟਰ ਜਨਰਲ ਭੂਸ਼ਣ ਕੁਮਾਰ ਉਪਾਧਿਆਏ ਨੇ ਇਸ ਮਾਮਲੇ 'ਚ ਪੂਰੀ ਜਾਂਚ ਦੇ ਆਦੇਸ਼ ਦਿੱਤੇ ਸਨ। ਇਸ 'ਚ ਜ਼ਿਆਦਾ ਦਵਾਈ ਲੈਣ ਦਾ ਖੁਲਾਸਾ ਹੋਇਆ ਸੀ। ਸ਼ੀਨਾ ਬੋਰਾ ਕਤਲ ਕੇਸ ਦੀ ਮੁੱਖ ਦੋਸ਼ੀ ਇੰਦਰਾਣੀ ਮੁਖਰਜੀ 24 ਅਪ੍ਰੈਲ 2012 ਨੂੰ ਆਪਣੀ ਬੇਟੀ ਸ਼ੀਨਾ ਬੋਰਾ ਦਾ ਕਤਲ ਕਰਨ ਦੇ ਦੋਸ਼ 'ਚ ਜੇਲ 'ਚ ਬੰਦ ਹੈ। ਉਸ ਦੇ ਪਤੀ ਅਤੇ ਮੀਡੀਆ ਵਪਾਰੀ ਪੀਟਰ ਮੁਖਰਜੀ ਵੀ ਇਸ ਕੇਸ 'ਚ ਜੇਲ 'ਚ ਬੰਦ ਹਨ।