ਰਾਮ ਮੰਦਰ ਲਈ ਨੇਪਾਲ ਤੋਂ ਆਏ ਸ਼ਾਲਿਗਰਾਮ ਪੱਥਰ, ਗਰਭ ਗ੍ਰਹਿ ''ਚ ਸਥਾਪਤ ਹੋਵੇਗੀ ਮੂਰਤੀ (ਵੇਖੋ ਤਸਵੀਰਾਂ)

02/02/2023 4:29:07 AM

ਗੋਰਖਪੁਰ (ਭਾਸ਼ਾ): ਨੇਪਾਲ ਦੇ ਪੋਖਰਾ ਤੋਂ ਅਯੁੱਧਿਆ ਜਾ ਰਹੇ ਦੋ ਸ਼ਾਲਿਗਰਾਮ ਪੱਥਰ ਮੰਗਲਵਾਰ ਦੇਰ ਰਾਤ ਗੋਰਖਨਾਥ ਮੰਦਰ ਪਹੁੰਚੇ, ਜਿੱਥੇ ਵੱਡੀ ਗਿਣਤੀ 'ਚ ਮੌਜੂਦ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਨਾਲ ਪਟਾਕੇ ਚਲਾਏ ਅਤੇ ਜੈ ਸ਼੍ਰੀ ਰਾਮ ਦੇ ਜੈਕਾਰੇ ਲਗਾ ਕੇ ਸੁਆਗਤ ਕੀਤਾ। ਦੋ ਟਰੱਕਾਂ ਵਿਚ ਜਾ ਰਹੇ ਇਨ੍ਹਾਂ ਪਵਿੱਤਰ ਪੱਥਰਾਂ ਨੂੰ ਮੰਗਲਵਾਰ ਰਾਤ ਗੋਰਖਨਾਥ ਮੰਦਰ ਵਿਚ ਵਿਸ਼ਰਾਮ ਕਰਵਾਇਆ ਗਿਆ।

ਦੇਵੀਪਾਟਨ ਮੰਦਰ ਦੇ ਪ੍ਰਧਾਨ ਪੁਜਾਰੀ ਕਮਲਨਾਥ, ਦੀਵਪਾਟਨ ਮੰਦਰ ਤੁਲਸੀਪੁਰ ਮਹੰਤ ਯੋਗੀ ਮਿਥਿਲੇਸ਼ਨਾਥ ਅਤੇ ਹੋਰਨਾਂ ਵੱਲੋਂ ਪੂਜਾ ਅਰਚਨਾ ਤੋਂ ਬਾਅਦ ਬੁੱਧਵਾਰ ਸਵੇਰੇ ਤਕਰੀਬਨ ਪੌਣੇ ਤਿੰਨ ਵਜੇ ਅਯੁੱਧਿਆ ਲਈ ਪਵਿੱਤਰ ਪੱਥਰ ਰਵਾਨਾ ਕੀਤੇ ਗਏ।

ਨੇਪਾਲ ਦੇ ਮੁਸਤਾਂਗ ਜ਼ਿਲ੍ਹੇ 'ਚ ਸ਼ਾਲਿਗਰਾਮ ਜਾਂ ਮੁਕਤੀਨਾਥ ਦੇ ਨੇੜਲੇ ਸਥਾਨ 'ਤੇ ਗੰਡਕੀ ਨਦੀ 'ਚ ਮਿਲੇ 6 ਕਰੋੜ ਸਾਲ ਪੁਰਾਣੇ ਵਿਸ਼ੇਸ਼ ਚੱਟਾਨਾਂ ਦੇ ਪੱਥਰਾਂ ਦੇ 2 ਵੱਡੇ ਟੁਕੜੇ ਪਿਛਲੇ ਬੁੱਧਵਾਰ ਨੂੰ ਨੇਪਾਲ ਤੋਂ ਰਵਾਨਾ ਕੀਤੇ ਗਏ ਸਨ ਅਤੇ ਇਨ੍ਹਾਂ ਦੇ ਵੀਰਵਾਰ ਨੂੰ ਅਯੁੱਧਿਆ ਪਹੁੰਚਣ ਦੀ ਸੰਭਾਵਨਾ ਹੈ।

ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਦਫ਼ਤਰ ਮੁਖੀ ਪ੍ਰਕਾਸ਼ ਗੁਪਤਾ ਨੇ ਪਹਿਲਾਂ ਦੱਸਿਆ ਸੀ ਕਿ ਇਹ ਸ਼ਾਲਿਗਰਾਮ ਪੱਥਰ 6 ਕਰੋੜ ਸਾਲ ਪੁਰਾਣੇ ਹਨ। ਵਿਸ਼ਾਲ ਸ਼ਿਲਾਵਾਂ ਦੋ ਟਰੱਕਾਂ ਰਾਹੀਂ ਨੇਪਾਲ ਤੋਂ ਅਯੁੱਧਿਆ ਪਹੁੰਚਣਗੇ। ਇਕ ਪੱਥਰ ਦਾ ਵਜ਼ਨ 26 ਟਨ ਅਤੇ ਦੂਸਰੇ ਦਾ ਵਜ਼ਨ 14 ਟਨ ਹੈ। ਇਸ ਪੱਥਰ 'ਤੇ ਉਕੇਰੀ ਗਈ ਭਗਵਾਨ ਰਾਮ ਦੀ ਬਾਲ ਰੂਪ ਦੀ ਮੂਰਤੀ ਨੂੰ ਰਾਮ ਮੰਦਰ ਦੇ ਗਰਭ ਗ੍ਰਹਿ ਵਿਚ ਰੱਖਿਆ ਜਾਵੇਗਾ, ਜੋ ਅਗਲੇ ਸਾਲ ਜਨਵਰੀ ਵਿਚ ਮਕਰ ਸਕ੍ਰਾਂਤੀ ਤਕ ਬਣ ਕੇ ਤਿਆਰ ਹੋ ਜਾਵੇਗਾ।

Anmol Tagra

This news is Content Editor Anmol Tagra