ਨਤੀਜਿਆਂ ’ਤੇ ਸ਼ਾਹੀਨ ਬਾਗ ਪ੍ਰਦਰਸ਼ਨਕਾਰੀ ਬੋਲੇ, ਅਸੀਂ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰਦੇ

02/11/2020 11:07:22 PM

ਨਵੀਂ ਦਿੱਲੀ - ਮੰਗਲਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ 'ਚ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਦੇ ਨਾਲ ਸਵੇਰ ਤੋਂ ਹੀ ਸ਼ਾਹੀਨ ਬਾਗ ਵਿਚ ਸੰਨਾਟਾ ਛਾਇਆ ਰਿਹਾ। ਉਥੇ ਹਰ ਰੋਜ਼ ਭਾਸ਼ਣ ਤੇ ਨਾਅਰੇਬਾਜ਼ੀ ਹੁੰੰਦੀ ਸੀ ਪਰ ਅੱਜ ਪ੍ਰਦਰਸ਼ਨ ਵਾਲੀ ਜਗ੍ਹਾ 'ਤੇ ਲੋਕ ਟੀ. ਵੀ. 'ਤੇ ਨਤੀਜੇ ਦੇਖਦੇ ਨਜ਼ਰ ਆਏ।

ਇਸ ਤੋਂ ਪਹਿਲਾਂ ਭਾਜਪਾ ਨੇ ਸ਼ਾਹੀਨ ਬਾਗ ਪ੍ਰਦਰਸ਼ਨ ਅਤੇ ਹਿੰਦੂ ਮੁਸਲਮਾਨ 'ਤੇ ਸਿਆਸਤ ਕਰਦੇ ਹੋਏ ਲਗਾਤਾਰ ਸੀ. ਏ. ਏ. ਦੇ ਵਿਰੋਧ ਵਿਚ ਸ਼ਾਹੀਨ ਬਾਗ ਵਿਚ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਨਿਸ਼ਾਨਾ ਲਾਇਆ ਸੀ। ਦਿਨ ਚੜ੍ਹਨ ਅਤੇ ਰੁਝਾਨਾਂ ਦੇ ਨਤੀਜੇ ਬਦਲਣ ਤੋਂ ਬਾਅਦ ਵੀ ਇਥੇ ਸ਼ਾਂਤੀ ਕਾਇਮ ਰਹੀ। ਸਵੇਰੇ ਤਕਰੀਬਨ 8 ਵਜੇ ਇਥੇ 40-50 ਔਰਤਾਂ ਸਨ। ਦਿਨ ਚੜ੍ਹਨ ਦੇ ਨਾਲ ਉਨ੍ਹਾਂ ਦੀ ਗਿਣਤੀ ਵਧਦੀ ਗਈ। ਨਾ ਕੋਈ ਨਾਅਰੇਬਾਜ਼ੀ ਹੋਈ ਤੇ ਨਾ ਹੀ ਭਾਸ਼ਣਬਾਜ਼ੀ। ਸ਼ਾਹੀਨ ਬਾਗ ਰੋਡ 'ਤੇ ਬਣੇ ਪ੍ਰਦਰਸ਼ਨ ਪੰਡਾਲ ਵਿਚ ਦੁਪਹਿਰ 12 ਵਜੇ ਤਕ ਤਕਰੀਬਨ 300 ਔਰਤਾਂ ਇਕੱਠੀਆਂ ਹੋ ਚੁੱਕੀਆਂ ਸਨ। ਸਾਰੀਆਂ ਨੇ ਮੂੰਹ 'ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਹੱਥਾਂ ਵਿਚ ਪੋਸਟਰ ਵੀ ਸਨ ਜਿਨ੍ਹਾਂ ਵਿਚ ਲਿਖਿਆ ਸੀ-ਅੱਜ ਮੌਨ ਧਰਨਾ ਹੈ। ਸ਼ਾਂਤ ਰਹੋ, ਅਸੀਂ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰਦੇ। ਉਥੇ ਹੀ ਉਨ੍ਹਾਂ ਦੀਆਂ ਅੱਖਾਂ ਦੀ ਚਮਕ ਕਹਿ ਰਹੀ ਸੀ ਕਿ ਨਤੀਜਿਆਂ ਨੇ ਸਭ ਕੁਝ ਕਹਿ ਦਿੱਤਾ ਹੈ। ਇਸ ਦੌਰਾਨ ਪੰਡਾਲ ਵਿਚ ਅਨੇਕ ਔਰਤਾਂ ਨੇ ਬੱਚਿਆਂ ਨੂੰ ਗੋਦੀਆਂ ਵਿਚ ਬਿਠਾਇਆ ਹੋਇਆ ਸੀ। ਪੰਡਾਲ ਦੇ ਦੋਵੇਂ ਪਾਸੇ ਕਾਫੀ ਦੂਰ ਤਕ ਹੋਰ ਦਿਨਾਂ ਦੀ ਤੁਲਨਾ ਵਿਚ ਕਾਫੀ ਘੱਟ ਭੀੜ ਸੀ।


Inder Prajapati

Content Editor

Related News