ਪਨੂੰ ਦੀ ਨਵੀਂ ਧਮਕੀ- ਮੋਹਾਲੀ ਹਮਲੇ ਤੋਂ ਸਬਕ ਲੈਣ CM ਜੈਰਾਮ ਠਾਕੁਰ

05/11/2022 2:26:04 PM

ਹਮੀਰਪੁਰ (ਭਾਸ਼ਾ)– ਪਾਬੰਦੀਸ਼ੁਦਾ ਵੱਖਵਾਦੀ ਸੰਗਠਨ ਅਤੇ ਖਾਲਿਸਤਾਨ ਸਮਰਥਕ ਗਰੁੱਪ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਨੇ ਇਕ ਆਡੀਓ ਸੰਦੇਸ਼ ਜਾਰੀ ਕਰ ਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਬਕ ਲੈਣਾ ਚਾਹੀਦਾ ਅਤੇ ਐੱਸ. ਐੱਫ. ਜੇ. ਨਾਲ ਲੜਾਈ ਸ਼ੁਰੂ ਨਹੀਂ ਕਰਨੀ ਚਾਹੀਦੀ।

ਸੂਬੇ ਦੇ ਕੁਝ ਮੀਡੀਆ ਕਰਮੀਆਂ ਨੂੰ ਭੇਜੇ ਗਏ ਆਡੀਓ ਸੰਦੇਸ਼ ’ਚ ਐੱਸ. ਐੱਫ. ਜੇ. ਦੇ ਮੈਂਬਰ ਗੁਰਪਤਵੰਤ ਸਿੰਘ ਪੰਨੂ ਨੇ ਠਾਕੁਰ ਨੂੰ ਧਮਕੀ ਦਿੱਤੀ ਹੈ ਕਿ ਜੇ ਉਨ੍ਹਾਂ ਨੇ ਧਰਮਸ਼ਾਲਾ ’ਚ ਖਾਲਿਸਤਾਨੀ ਝੰਡੇ ਲਹਿਰਾਉਣ ਵਿਰੁੱਧ ਕਾਰਵਾਈ ਕੀਤੀ ਤਾਂ ਹਿੰਸਾ ਹੋਵੇਗੀ। ਮੋਹਾਲੀ ’ਚ ਸੋਮਵਾਰ ਸ਼ਾਮ ਪੰਜਾਬ ਪੁਲਸ ਦੇ ਖੁਫੀਆ ਵਿਭਾਗ ਹੈੱਡਕੁਆਰਟਰ ’ਤੇ ਆਰ. ਪੀ. ਜੀ. ਨਾਲ ਹੋਏ ਹਮਲੇ ਦਾ ਜਵਾਬ ਦਿੰਦੇ ਹੋਏ ਪੰਨੂ ਨੇ ਕਿਹਾ ਕਿ ਅਜਿਹਾ ‘ਸ਼ਿਮਲਾ ’ਚ ਵੀ ਹੋ ਸਕਦਾ ਸੀ।

ਐੱਸ. ਐੱਫ. ਜੇ. ਨੇ ਕਿਹਾ ਕਿ ਜੂਨ ’ਚ ਆਪ੍ਰੇਸ਼ਨ ਬਲਿਊ ਸਟਾਰ ਦੀ 38ਵੀਂ ਵਰ੍ਹੇਗੰਢ ’ਤੇ ਪਾਊਂਟਾ ਸਾਹਿਬ ਤੋਂ ਹਿਮਾਚਲ ਪ੍ਰਦੇਸ਼ ’ਚ ਖਾਲਿਸਤਾਨ ’ਤੇ ਰਾਏਸ਼ੁਮਾਰੀ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਐੱਸ. ਐੱਫ. ਜੇ. ਨੇ ਹਾਲ ਹੀ ’ਚ ਧਰਮਸ਼ਾਲਾ ’ਚ ਵਿਧਾਨ ਸਭਾ ਦੇ ਗੇਟ ’ਤੇ ਖਾਲਿਸਤਾਨੀ ਝੰਡੇ ਲਗਾਏ ਸਨ।

ਸੂਬੇ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ : ਮੁੱਖ ਮੰਤਰੀ
ਓਧਰ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਸੂਬੇ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਹਿਮਾਚਲ ਦਾ ਮਾਹੌਲ ਖੁਸ਼ਹਾਲ ਹੈ ਅਤੇ ਇਹ ਖੁਸ਼ਹਾਲ ਹੀ ਰਹੇਗਾ। ਇਹ ਬਿਹਤਰ ਮਾਹੌਲ ਖਰਾਬ ਨਾ ਹੋਵੇ, ਇਸ ਦੇ ਲਈ ਹਰ ਸੰਭਵ ਯਤਨ ਕਰਾਂਗੇ। ਸੀ. ਐੱਮ. ਜੈਰਾਮ ਠਾਕੁਰ ਨੇ ਇਹ ਗੱਲ ਕੋਟਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ।

Tanu

This news is Content Editor Tanu