ਗੁਜਰਾਤ ਵਿਧਾਨ ਸਭਾ ਚੋਣਾਂ: ਮੋਦੀ ਸਮੇਤ ਕਈ ਵੀ.ਆਈ.ਪੀ. ਨੇ ਪਾਈ ਵੋਟ

12/14/2017 5:04:05 PM

ਅਹਿਮਦਾਬਾਦ— ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ 'ਚ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਸਮੇਤ ਕਈ ਵਿਸ਼ੇਸ਼ ਲੋਕਾਂ (ਵੀ.ਆਈ.ਪੀ.) ਨੇ ਵੋਟਿੰਗ ਕੀਤੀ। ਮੋਦੀ ਨੇ ਅਹਿਮਦਾਬਾਦ ਜ਼ਿਲੇ 'ਚ ਸਾਬਰਮਤੀ ਚੋਣ ਖੇਤਰ ਦੇ ਇਕ ਵੋਟ ਕੇਂਦਰ 'ਚ ਦੁਪਹਿਰ ਦੇ ਕਰੀਬ ਵੋਟ ਪਾਇਆ। ਉਨ੍ਹਾਂ ਨੇ ਅਹਿਮਦਾਬਾਦ ਜ਼ਿਲੇ ਦੇ ਸਾਬਰਮਤੀ ਵਿਧਾਨ ਸਭਾ ਖੇਤਰ ਦੇ ਇਕ ਸਕੂਲ 'ਚ ਬਣਾਏ ਗਏ ਵੋਟ ਕੇਂਦਰ 'ਤੇ ਇਕ ਪੰਕਤੀ 'ਚ ਕੁਝ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਆਪਣਾ ਵੋਟ ਪਾਇਆ। ਪ੍ਰਧਾਨ ਮੰਤਰੀ ਦੇ ਵੋਟ ਪਾਉਣ ਲਈ ਆਉਣ 'ਤੇ ਲੋਕਾਂ ਨੇ 'ਮੋਦੀ-ਮੋਦੀ' ਦੇ ਨਾਅਰੇ ਲਗਾਏ। ਪ੍ਰਧਾਨ ਮੰਤਰੀ ਨੇ ਵੋਟ ਕੇਂਦਰ ਦੇ ਬਾਹਰ ਸੜਕ ਦੇ ਦੋਹਾਂ ਪਾਸੇ ਖੜ੍ਹੇ ਲੋਕਾਂ ਦਾ ਸਵਾਗਤ ਕੀਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਾਰ ਦੇ ਫੁੱਟ ਬੋਰਡ 'ਤੇ ਖੜ੍ਹੇ ਹੋ ਕੇ ਭੀੜ ਵੱਲ ਹੱਥ ਹਿਲਾਇਆ। ਪ੍ਰਧਾਨ ਮੰਤਰੀ ਦੀ ਮਾਂ ਹੀਰਾਬਾ ਨੇ ਗਾਂਧੀਨਗਰ 'ਚ ਇਕ ਵੋਟ ਕੇਂਦਰ 'ਤੇ ਆਪਣਾ ਵੋਟ ਪਾਇਆ। ਮੋਦੀ ਤੋਂ ਇਲਾਵਾ ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ, ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ, ਵਿੱਤ ਮੰਤਰੀ ਅਰੁਣ ਜੇਤਲੀ ਅਤੇ ਉੱਪ ਮੁੱਖ ਮੰਤਰੀ ਨਿਤਿਨ ਪਟੇਲ ਅਤੇ ਸਾਬਕਾ ਮੁੱਖ ਮੰਤਰੀ ਆਨੰਦੀਬੇਨ ਪਟੇਲ ਸਮੇਤ ਰਾਜ ਦੇ ਕਈ ਨੇਤਾਵਾਂ ਨੇ ਸਵੇਰੇ ਵੋਟ ਪਾਈ। ਹਾਰਦਿਕ ਪਟੇਲ ਅਤੇ ਓ.ਬੀ.ਸੀ. ਨੇਤਾ ਅਲਪੇਸ਼ ਠਾਕੁਰ ਨੇ ਵਿਰਮਗਾਮ 'ਚ ਵੋਟ ਪਾਇਆ। ਕਾਂਗਰਸ 'ਚ ਸ਼ਾਮਲ ਹੋਏ ਅਲਪੇਸ਼ ਠਾਕੁਰ ਰਾਧਾਨਪੁਰ ਤੋਂ ਚੋਣਾਂ ਲੜ ਰਹੇ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਭਰਤ ਸੋਲੰਕੀ, ਸਾਬਕਾ ਪਾਰਟੀ ਮੁਖੀ ਸਿਧਾਰਥ ਪਟੇਲ, ਸੀਨੀਅਰ ਨੇਤਾ ਸ਼ਕਤੀਸਿੰਘ ਗੋਹਿਲ ਅਤੇ ਸਾਬਕਾ ਸੰਸਦ ਮੈਂਬਰ ਦਿੰਸ਼ਾ ਪਟੇਲ ਨੇ ਵੀ ਵੋਟ ਪਾਈ। ਕਾਂਗਰਸ ਦੇ ਬਾਗੀ ਨੇਤਾ ਸ਼ੰਕਰ ਸਿੰਘ ਵਾਘੇਲਾ ਨੇ ਗਾਂਧੀਨਗਰ ਚੋਣ ਖੇਤਰ 'ਚ ਵਸਾਨੀਆ ਪਿੰਡ 'ਚ ਵੋਟ ਪਾਈ।