''ਸੀਰੀਅਲ ਕਿਲਰ'' ਡਾਕਟਰ ਦਾ ਕਬੂਲਨਾਮਾ; 100 ਲੋਕਾਂ ਨੂੰ ਮਾਰ ਕੇ ਲਾਸ਼ਾਂ ਮਗਰਮੱਛਾਂ ਨੂੰ ਖੁਆਈਆਂ

08/01/2020 12:17:23 PM

ਨਵੀਂ ਦਿੱਲੀ— ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਪਰ ਇਸ ਪੇਸ਼ੇ 'ਚ ਰਹਿ ਕੇ ਲੋਕਾਂ ਦੀ ਬੇਰਹਿਮੀ ਨਾਲ ਜਾਨ ਲੈਣ ਵਾਲੇ ਹੈਵਾਨ ਦਵਿੰਦਰ ਸ਼ਰਮਾ ਬਾਰੇ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਸੀਰੀਅਲ ਕਿਲਰ ਡਾਕਟਰ ਦਵਿੰਦਰ ਸ਼ਰਮਾ ਨੇ ਪਹਿਲਾਂ ਕਬੂਲਿਆ ਸੀ ਕਿ 50 ਕਤਲ ਤੋਂ ਬਾਅਦ ਉਹ ਕਤਲ ਦੀ ਗਿਣਤੀ ਭੁੱਲ ਗਿਆ ਸੀ। ਹੁਣ ਉਸ ਨੇ ਕਬੂਲਿਆ ਹੈ ਕਿ ਉਹ 100 ਤੋਂ ਵਧੇਰੇ ਲੋਕਾਂ ਦੀ ਜਾਨ ਲੈ ਚੁੱਕਾ ਹੈ, ਜਿਸ 'ਚੋਂ ਜ਼ਿਆਦਾਤਰ ਲਾਸ਼ਾਂ ਨੂੰ ਉਸ ਨੇ ਉੱਤਰ ਪ੍ਰਦੇਸ਼ ਦੀ ਇਕ ਨਹਿਰ 'ਚ ਮੌਜੂਦ ਮਗਰਮੱਛਾਂ ਦਾ ਖਾਣਾ ਬਣਾ ਦਿੱਤਾ ਯਾਨੀ ਕਿ ਲਾਸ਼ਾਂ ਨੂੰ ਮਗਰਮੱਛਾਂ ਨੂੰ ਖੁਆਇਆ। 

125 ਤੋਂ ਵਧੇਰੇ ਕਿਡਨੀ ਟਰਾਂਸਪਲਾਂਟ ਕੀਤੇ—
ਦੱਸ ਦੇਈਏ ਕਿ ਦਵਿੰਦਰ ਸ਼ਰਮਾ ਨਾਂ ਦੇ ਇਸ ਡਾਕਟਰ ਨੂੰ ਪਿਛਲੇ ਦਿਨੀਂ ਦਿੱਲੀ ਤੋਂ ਫੜਿਆ ਗਿਆ ਹੈ। ਦਰਅਸਲ ਉਹ ਕਿਡਨੀ ਕੇਸ ਵਿਚ ਪਿਛਲੇ 16 ਸਾਲ ਤੋਂ ਸਜ਼ਾ ਕੱਟ ਰਿਹਾ ਸੀ ਅਤੇ ਹੁਣ ਪੈਰੋਲ 'ਤੇ ਬਾਹਰ ਸੀ। ਕਾਤਲ ਡਾਕਟਰ ਦਵਿੰਦਰ ਸ਼ਰਮਾ ਪੈਰੋਲ 'ਤੇ ਬਾਹਰ ਆਉਣ ਮਗਰੋਂ ਫਰਾਰ ਹੋ ਗਿਆ। ਉਹ ਚੁੱਪ-ਚਪੀਤੇ ਵਿਆਹ ਕਰਵਾ ਕੇ ਦਿੱਲੀ ਵਿਚ ਲੁੱਕ ਕੇ ਰਹਿ ਰਿਹਾ ਸੀ। ਦਵਿੰਦਰ 2004 ਦੇ ਮਸ਼ਹੂਰ ਕਿਡਨੀ ਟਰਾਂਸਪਲਾਂਟ ਕਾਂਡ ਵਿਚ ਜੈਪੁਰ, ਵੱਲਭਗੜ੍ਹ ਅਤੇ ਗੁਰੂਗ੍ਰਾਮ ਦੇ ਮਾਮਲਿਆਂ ਵਿਚ ਗ੍ਰਿਫ਼ਤਾਰ ਹੋਇਆ ਸੀ। ਉਸ 'ਤੇ 125 ਤੋਂ ਵਧੇਰੇ ਕਿਡਨੀ ਟਰਾਂਸਪਲਾਂਟ ਕਰਾਉਣ ਦੇ ਦੋਸ਼ ਲੱਗੇ ਸਨ। ਉਸ ਵਿਰੁੱਧ ਅਗਵਾ ਅਤੇ ਕਤਲ ਦੇ ਦਰਜਨਾਂ ਮਾਮਲਿਆਂ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ 'ਚ ਦਰਜ ਹੋਏ ਸਨ, ਜਿਨ੍ਹਾਂ 'ਚੋਂ ਕਈ ਕੇਸਾਂ 'ਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਹੁਣ ਫੜੇ ਜਾਣ ਤੋਂ ਬਾਅਦ ਉਸ ਦੇ ਕਾਲੇ ਕਾਰਨਾਮਿਆਂ ਦਾ ਕੱਚਾ ਚਿੱਠਾ ਖੁੱਲ੍ਹ ਰਿਹਾ ਹੈ।

ਇਹ ਵੀ ਪੜ੍ਹੋ: 100 ਤੋਂ ਵੱਧ ਕਤਲ ਕਰਨ ਵਾਲਾ ਸੀਰੀਅਲ ਕਿਲਰ ਡਾਕਟਰ ਗ੍ਰਿਫਤਾਰ, 4 ਰਾਜਾਂ ਦੀ ਪੁਲਸ ਨੂੰ ਸੀ ਤਲਾਸ਼

ਲਾਸ਼ਾਂ ਨੂੰ ਮਗਰਮੱਛਾਂ ਨੂੰ ਖੁਆਇਆ—
ਦਵਿੰਦਰ ਕੈਬ ਡਰਾਈਵਰਾਂ ਨੂੰ ਉਨ੍ਹਾਂ ਦੀਆਂ ਗੱਡੀਆਂ ਲਈ ਮਾਰ ਦਿੰਦਾ ਸੀ। ਦਿੱਲੀ ਤੋਂ ਉੱਤਰ ਪ੍ਰਦੇਸ਼ ਜਾਣ ਲਈ ਇਸ ਦੇ ਗੈਂਗ ਦੇ ਲੋਕ ਜਿਸ ਟੈਕਸੀ ਨੂੰ ਬੁਕ ਕਰ ਕੇ ਉਸ ਨੂੰ ਹੀ ਲੁੱਟ ਲੈਂਦੇ। ਫ਼ੜ੍ਹੇ ਜਾਣ ਤੋਂ ਬਾਅਦ ਸ਼ਰਮਾ ਨੇ ਦੱਸਿਆ ਕਿ ਉਸ ਨੇ ਜ਼ਿਆਦਾਤਰ ਲਾਸ਼ਾਂ ਨੂੰ ਉੱਤਰ ਪ੍ਰਦੇਸ਼, ਕਾਸਗੰਜ ਦੇ ਹਜ਼ਾਰਾ ਨਹਿਰ 'ਚ ਸੁੱਟ ਦਿੱਤਾ। ਇਸ ਨਹਿਰ 'ਚ ਵੱਡੀ ਗਿਣਤੀ ਵਿਚ ਮਗਰਮੱਛ ਰਹਿੰਦੇ ਹਨ। ਸਾਲ 2004 'ਚ ਉਹ ਫੜ੍ਹਿਆ ਗਿਆ ਅਤੇ 16 ਸਾਲ ਜੈਪੁਰ ਜੇਲ੍ਹ 'ਚ ਰਿਹਾ। ਫਿਰ ਉਸ ਦੇ ਚੰਗੇ ਵਤੀਰੇ ਲਈ ਉਸ ਨੂੰ ਜਨਵਰੀ 2020 ਨੂੰ 20 ਦਿਨ ਦੀ ਪੈਰੋਲ ਮਿਲੀ ਪਰ ਉਹ ਦੌੜ ਗਿਆ ਅਤੇ ਅੰਡਰ ਗਰਾਊਂਡ ਹੋ ਗਿਆ। ਆਖ਼ਕਾਰ ਪੁਲਸ ਨੂੰ ਉਸ ਦੀ ਭਿਣਕ ਲੱਗੀ ਅਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। 

ਆਯੁਵੈਦਿਕ ਮੈਡੀਸੀਨ 'ਚ ਗਰੈਜੂਏਸ਼ਨ ਕੀਤੀ—
ਇਸ ਹੈਵਾਨ ਡਾਕਟਰ ਨੂੰ ਬੀਤੇ ਬੁੱਧਵਾਰ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸਾਲ 1984 'ਚ ਦਵਿੰਦਰ ਸ਼ਰਮਾ ਨੇ ਆਯੁਵੈਦਿਕ ਮੈਡੀਸੀਨ 'ਚ ਗਰੈਜੂਏਸ਼ਨ ਪੂਰੀ ਕਰ ਕੇ ਰਾਜਸਥਾਨ ਵਿਚ ਕਲੀਨਿਕ ਖੋਲ੍ਹਿਆ। ਫਿਰ 1994 'ਚ ਉਸ ਨੇ ਗੈਸ ਏਜੰਸੀ ਲਈ ਇਕ ਕੰਪਨੀ ਵਿਚ 11 ਲੱਖ ਰੁਪਏ ਦਾ ਨਿਵੇਸ਼ ਕੀਤਾ ਪਰ ਉਸ ਨੂੰ ਨੁਕਸਾਨ ਹੋਇਆ। ਜਿਸ ਤੋਂ ਬਾਅਦ ਉਸ ਨੇ 1995 'ਚ ਫਰਜ਼ੀ ਗੈਸ ਏਜੰਸੀ ਖੋਲ੍ਹ ਲਈ। ਡਾਕਟਰ ਨੇ ਇਕ ਗੈਂਗ ਬਣਾਇਆ, ਜੋ ਕਿ ਐੱਲ. ਪੀ. ਜੀ. ਗੈਸ ਸਿਲੰਡਰ ਲੈ ਕੇ ਜਾਂਦੇ ਟਰੱਕਾਂ ਨੂੰ ਲੁੱਟ ਲੈਂਦਾ। ਇਸ ਲਈ ਉਹ ਲੋਕ ਡਰਾਈਵਰ ਨੂੰ ਮਾਰ ਦਿੰਦੇ ਅਤੇ ਟਰੱਕ ਨੂੰ ਵੀ ਕਿਤੇ ਟਿਕਾਣੇ ਲਾ ਦਿੰਦੇ ਸਨ। ਇਸ ਦੌਰਾਨ ਗੈਂਗ ਨਾਲ ਮਿਲ ਕੇ ਕਰੀਬ 24 ਕਤਲ ਕੀਤੇ। ਫਿਰ ਦਵਿੰਦਰ ਸ਼ਰਮਾ ਕਿਡਨੀ ਟਰਾਂਸਪਲਾਂਟ ਗਿਰੋਹ 'ਚ ਸ਼ਾਮਲ ਹੋ ਗਿਆ। ਉਸ ਨੇ 7 ਲੱਖ ਪ੍ਰਤੀ ਟਰਾਂਸਪਲਾਂਟ ਦੇ ਹਿਸਾਬ ਨਾਲ 125 ਟਰਾਂਸਪਲਾਂਟ ਕਰਵਾਏ।


Tanu

Content Editor

Related News