ਕੇਜਰੀਵਾਲ ਦਾ ਐੱਲ.ਜੀ. ਨੂੰ ਸਵਾਲ- ਫਾਈਲ ਪਹਿਲਾਂ ਭਾਜਪਾ ਨੂੰ ਭੇਜਣਾ ਕਿੰਨਾ ਉੱਚਿਤ?

06/16/2017 11:07:31 AM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਰਾਜਪਾਲ ਅਨਿਲ ਬੈਜਲ ਦਰਮਿਆਨ ਇਕ ਵਾਰ ਫਿਰ ਠਨ ਗਈ ਹੈ। ਕੇਜਰੀਵਾਲ ਨੇ ਉੱਪ ਰਾਜਪਾਲ ਦਫ਼ਤਰ 'ਤੇ ਮੁੱਖ ਮੰਤਰੀ ਨੂੰ ਭੇਜੀਆਂ ਜਾਣ ਵਾਲੀਆਂ ਫਾਈਲਾਂ ਨੂੰ ਲੀਕ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਬੈਜਲ ਨੂੰ ਚਿੱਠੀ ਲਿਖ ਕੇ ਇਹ ਪੁੱਛਿਆ ਹੈ ਕਿ ਉਪ ਰਾਜਪਾਲ ਦੇ ਦਫ਼ਤਰ ਤੋਂ ਮੁੱਖ ਮੰਤਰੀ ਦਫ਼ਤਰ ਨੂੰ ਭੇਜੀ ਜਾਣ ਵਾਲੀ ਫਾਈਲ ਦੀ ਕਾਪੀ ਭਾਜਪਾ ਨੂੰ ਪਹਿਲੇ ਭੇਜਣੀ ਕਿੰਨੀ ਉੱਚਿਤ ਹੈ। ਦਰਅਸਲ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ 'ਚ ਵੱਖ-ਵੱਖ ਥਾਂਵਾਂ 'ਤੇ ਮੰਡੀ ਸਭਾਵਾਂ ਦੇ ਗਠਨ ਦੀ ਮਨਜ਼ੂਰੀ ਦੀ ਫਾਈਲ ਬੈਜਲ ਨੇ ਕੇਜਰੀਵਾਲ ਸਰਕਾਰ ਨੂੰ ਵਾਪਸ ਕਰ ਦਿੱਤੀ ਸੀ ਅਤੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਕੀ ਇਸ 'ਚ ਮੰਡੀ ਸਭਾਵਾਂ 'ਚ ਚੋਣ ਲਈ ਸਾਰੀਆਂ ਪ੍ਰਕਿਰਿਆਵਾਂ ਦੀ ਪਾਲਣਾ ਹੋਈ ਹੈ। ਮੰਡੀ ਸਭਾਵਾਂ ਦੇ ਗਠਨ ਦੇ ਕੇਜਰੀਵਾਲ ਸਰਕਾਰ ਦੇ ਫੈਸਲੇ ਦੇ ਖਿਲਾਫ ਨੇਤਾ ਵਿਰੋਧੀ ਧਿਰ ਅਤੇ ਭਾਜਪਾ ਨੇਤਾ ਵਿਜੇਂਦਰ ਗੁਪਤਾ ਉਪ ਰਾਜਪਾਲ ਨੂੰ ਮਿਲੇ ਸਨ ਅਤੇ ਮਾਮਲੇ 'ਚ ਨਿਯਮਾਂ ਦੀ ਅਣਦੇਖੀ ਦਾ ਦੋਸ਼ ਲਾਇਆ ਸੀ।
ਕੇਜਰੀਵਾਲ ਨੇ ਵੀਰਵਾਰ ਨੂੰ ਉਪ ਰਾਜਪਾਲ ਅਨਿਲ ਬੈਜਲ ਨੂੰ ਚਿੱਠੀ ਭੇਜ ਕੇ ਸਵਾਲ ਕੀਤਾ ਕਿ ਜੋ ਫਾਈਲ ਉਪ-ਰਾਜਪਾਲ ਦਫ਼ਤਰ ਤੋਂ ਮੁੱਖ ਮੰਤਰੀ ਦਫ਼ਤਰ ਨੂੰ ਭੇਜੀ ਗਈ, ਉਹ ਮੁੱਖ ਮੰਤਰੀ ਦਫ਼ਤਰ ਨੂੰ ਬੁੱਧਵਾਰ ਨੂੰ ਦੇਰ ਸ਼ਾਮ ਨੂੰ ਮਿਲੀ, ਜਦੋਂ ਕਿ ਨੇਤਾ ਵਿਰੋਧੀ ਵਿਜੇਂਦਰ ਗੁਪਤਾ ਨੇ ਮੀਡੀਆ ਨੂੰ ਦਿੱਤੇ ਗਏ ਬਿਆਨ 'ਚ ਇਹ ਪਹਿਲਾਂ ਹੀ ਕਹਿ ਦਿੱਤਾ ਕਿ ਉਪ ਰਾਜਪਾਲ ਨੇ ਮੁੱਖ ਮੰਤਰੀ ਦਫ਼ਤਰ ਨੂੰ ਫਾਈਲ ਵਾਪਸ ਕਰ ਦਿੱਤੀ ਹੈ। ਖੱਤ ਨਾਲ ਕੇਜਰੀਵਾਲ ਨੇ ਉਪ ਰਾਜਪਾਲ ਨੂੰ ਅਖਬਾਰ ਦੀ ਇਕ ਪ੍ਰਤੀਨਿਧੀ ਵੀ ਭੇਜੀ ਹੈ, ਜਿਸ 'ਚ ਵਿਜੇਂਦਰ ਗੁਪਤਾ ਵੱਲੋਂ ਮੀਡੀਆ ਨੂੰ ਦਿੱਤੇ ਗਏ ਬਿਆਨ ਵੀ ਸ਼ਾਮਲ ਹਨ। ਕੇਜਰੀਵਾਲ ਨੇ ਪੁੱਛਿਆ ਮੁੱਖ ਮੰਤਰੀ ਦਫ਼ਤਰ 'ਚ ਫਾਈਲ ਪੁੱਜਣ ਤੋਂ ਪਹਿਲਾਂ ਨੇਤਾ ਵਿਰੋਧੀ ਤੱਕ ਇਹ ਜਾਣਕਾਰੀ ਕਿਵੇਂ ਲੀਕ ਹੋਈ। ਕੀ ਇਹ ਉੱਚਿਤ ਹੈ ਕਿ ਮੁੱਖ ਮੰਤਰੀ ਨੂੰ ਭੇਜੀ ਗਈ ਫਾਈਲ ਦੀ ਕਾਪੀ ਪਹਿਲਾਂ ਭਾਜਪਾ ਨੂੰ ਪੁੱਜੇ? ਮੁੱਖ ਮੰਤਰੀ ਵੱਲੋਂ ਚੁੱਕੇ ਗਏ ਇਨ੍ਹਾਂ ਸਵਾਲਾਂ ਤੋਂ ਬਾਅਦ ਉੱਪ-ਰਾਜਪਾਲ ਅਤੇ ਕੇਜਰੀਵਾਲ ਸਰਕਾਰ ਦਰਮਿਆਨ ਤਲੱਖੀਆਂ ਦਾ ਦੌਰ ਹੋਰ ਵੀ ਵਧ ਸਕਦਾ ਹੈ।