ਸਕੂਲ ਨੇ ਸੁੱਕੇ ਦਰੱਖਤ ਨੂੰ 6 ਫੁੱਟ ਦੀ ਪੈਂਸਿਲ ''ਚ ਕੀਤਾ ਤਬਦੀਲ, ਬਣੀ ਖਿੱਚ ਦਾ ਕੇਂਦਰ

03/28/2021 4:44:35 PM

ਪੁਣੇ- ਮਹਾਰਾਸ਼ਟਰ ਦੇ ਵਾਈ ਸ਼ਹਿਰ 'ਚ ਇਕ ਸਕੂਲ ਨੇ ਸੁੱਕ ਗਏ 'ਸਿਲਵਰ ਓਕ' ਦਰੱਖਤ ਨੂੰ ਉਖਾੜਨ ਦੀ ਬਜਾਏ, ਉਸ ਨੂੰ 6 ਫੁੱਟ ਦੀ ਪੈਂਸਿਲ 'ਚ ਤਬਦੀਲ ਕਰ ਕੇ ਇਕ ਅਨੋਖਾ ਰੂਪ ਦਿੱਤਾ ਹੈ। ਹਾਲਾਂਕਿ ਸਤਾਰਾ ਦੇ ਵਾਈ ਸ਼ਹਿਰ 'ਚ ਸਿੱਖਿਆ ਸੰਸਥਾਵਾਂ ਕੋਵਿਡ 19 ਦੇ ਵਧਦੇ ਮਾਮਲਿਆਂ ਕਾਰਨ ਬੰਦ ਹਨ ਪਰ ਹੁਣ ਦਰਵਿੜ ਹਾਈ ਸਕੂਲ ਦੇ ਨੇੜੇ-ਤੇੜੇ ਦੇ ਲੋਕ ਇਸ ਨੂੰ ਦੇਖਣ ਲਈ ਆ ਰਹੇ ਹਨ, ਜੋ ਸਕੂਲ ਦੇ ਪ੍ਰਵੇਸ਼ ਦੁਆਰ 'ਤੇ ਸਥਿਤ ਹੈ। ਡੇਕਨ ਐਜ਼ੂਕੇਸ਼ਨ ਸੋਸਾਇਟੀ ਵਲੋਂ ਸੰਚਾਲਤ ਸਕੂਲ ਨੇ ਦਰੱਖਤ ਨੂੰ 6 ਫੁੱਟ ਦੀ ਪੈਂਸਿਲ ਦਾ ਰੂਪ ਦੇਣ ਲਈ ਇਕ ਤਰਖਾਣ ਦੀ ਮਦਦ ਲਈ। ਪੈਂਸਿਲ, ਕੇਂਦਰ ਸਰਕਾਰ ਦੇ ਸਰਵ ਸਿੱਖਿਆ ਮੁਹਿੰਮ ਦਾ ਪ੍ਰਤੀਕ ਚਿੰਨ੍ਹ ਹੈ।

ਸਕੂਲ ਦੇ ਪ੍ਰਿੰਸੀਪਲ ਨਾਗੇਸ ਮੋਨੇ ਕਿਹਾ,''ਸਾਡੇ ਇੱਥੇ ਇਕ ਪੁਰਾਣਾ ਸਿਲਵਰ ਓਕ ਦਰੱਖਤ ਸੀ, ਜੋ ਕਈ ਸਾਲਾਂ ਤੋਂ ਸੁੱਕਾ ਪਿਆ ਸੀ ਅਤੇ ਕਿਉਂਕਿ ਇਹ ਸਕੂਲ ਦੇ ਪ੍ਰਵੇਸ਼ ਦੁਆਰ 'ਤੇ ਸੀ, ਇਸ ਲਈ ਇਹ ਸਕੂਲ ਭਵਨ ਲਈ ਖ਼ਤਰਾ ਪੈਦਾ ਕਰ ਸਕਦਾ ਸੀ, ਕਿਉਂਕਿ ਉਹ ਕਦੇ ਵੀ ਡਿੱਗ ਸਕਦਾ ਸੀ।'' ਮੋਨੇ ਨੇ ਇਸ ਸੁੱਕੇ ਦਰੱਖਤ ਨੂੰ ਇੱਥੋਂ ਕੱਟ ਕੇ ਹਟਾਉਣ ਲਈ ਸ਼ੁਰੂ 'ਚ ਇਕ ਲੱਕੜਹਾਰੇ ਨੂੰ ਬੁਲਾਇਆ ਸੀ। ਪ੍ਰਿੰਸੀਪਲ ਨੇ ਕਿਹਾ,''ਕਿਉਂਕਿ ਇਸ ਕੰਮ 'ਤੇ ਖ਼ਰਚਾ ਬਹੁਤ ਜ਼ਿਆਦਾ ਸੀ, ਇਸ ਲਈ ਅਸੀਂ ਕੁਝ ਨਵਾਂ ਕਰਨ ਬਾਰੇ ਸੋਚਿਆ।'' ਫਿਰ ਉਨ੍ਹਾਂ ਨੇ ਸਕੂਲ 'ਚ ਪਹਿਲੇ ਕਈ ਕੰਮ ਕਰ ਚੁਕੇ ਤਰਖਾਣ ਨੂੰ ਬੁਲਾਇਆ ਅਤੇ ਉਸ ਤੋਂ ਪੁੱਛਿਆ ਕਿ ਕੀ ਇਸ ਦਰੱਖਤ ਨੂੰ ਪੈਂਸਿਲ ਦਾ ਆਕਾਰ ਦਿੱਤਾ ਜਾ ਸਕਦਾ ਹੈ। ਮੋਨੇ ਨੇ ਕਿਹਾ,''ਤਰਖਾਣ ਨੂੰ ਇਸ ਨੂੰ ਪੈਂਸਿਲ ਦਾ ਆਕਾਰ ਦੇਣ 'ਚ 5-6 ਦਿਨ ਲੱਗੇ।''

ਨੋਟ : ਸਕੂਲ ਦੇ ਇਸ ਅਨੋਖੇ ਤਰੀਕੇ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ 'ਚ ਦਿਓ ਜਵਾਬ

DIsha

This news is Content Editor DIsha