ਸਕੂਲ ਦੀ ਵਰਦੀ ਬਣੀ ਕਫਨ, ਧੁੰਦ ਕਾਰਨ ਸਕੂਲੀ ਬੱਸ ਨਾਲ ਵਾਪਰੇ ਦਰਦਨਾਕ ਹਾਦਸੇ 25 ਬੱਚੇ ਗਏ ਮੌਤ ਦੇ ਮੂੰਹ ''ਚ (ਤਸਵੀਰਾਂ

01/19/2017 11:12:39 PM

ਲਖਨਊ— ਉੱਤਰ ਪ੍ਰਦੇਸ਼ (ਯੂ. ਪੀ.) ਦੇ ਏਟਾ ਜ਼ਿਲੇ ''ਚ ਧੁੰਦ ਕਾਰਨ ਸਕੂਲੀ ਬੱਸ ਦੇ ਹਾਦਸੇ ਦੇ ਸ਼ਿਕਾਰ ਹੋ ਜਾਣ ਕਾਰਨ 25 ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ ਕਈ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅਲੀਗੰਜ ਰੋਡ ''ਤੇ ਇਹ ਸਕੂਲੀ ਬੱਸ ਇਕ ਟਰੱਕ ਨਾਲ ਟਕਰਾਅ ਗਈ। ਬੱਸ ''ਚ 50 ਤੋਂ ਵਧ ਬੱਚੇ ਸਵਾਰ ਸਨ। ਇਹ ਸਾਰੇ ਬੱਚੇ ਜੇ. ਐੱਸ. ਪਬਲਿਕ ਸਕੂਲ ਦੇ ਸਨ। ਹਾਦਸਾ ਇੰਨਾਂ ਭਿਆਨਕ ਸੀ ਕਿ ਮੌਕੇ ''ਤੇ ਹੀ ਕਈ ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ ਕਈਆਂ ਨੇ ਹਸਪਤਾਲ ਜਾਂਦੇ-ਜਾਂਦੇ ਦਮ ਤੋੜ ਦਿੱਤਾ। ਯੂ. ਪੀ. ਦੇ ਏ. ਡੀ. ਜੀ. (ਐਡੀਸ਼ਨਲ ਡਾਇਰੈਕਟਰ ਜਨਰਲ) ਲਾਅ ਐਂਡ ਆਰਡਰ ਦਲਜੀਤ ਸਿੰਘ ਨੇ 25 ਬੱਚਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਹਾਦਸੇ ਤੋਂ ਬਾਅਦ ਤੋਂ ਪੂਰੇ ਯੂ. ਪੀ. ''ਚ ਸੋਗ ਦੀ ਲਹਿਰ ਹੈ। ਸਵੇਰ ਨੂੰ ਸਕੂਲ ਜਾਣ ਲਈ ਤਿਆਰ ਹੋਏ ਬੱਚਿਆਂ ਦੀ ਵਰਦੀ ਹੀ ਉਨ੍ਹਾਂ ਦਾ ਕਫਨ ਬਣ ਗਈ ਅਤੇ ਇਸ ਹਾਦਸੇ ਵਿਚ ਕਈ ਘਰਾਂ ਦੀਆਂ ਖੁਸ਼ੀਆਂ ਉੱਜੜ ਗਈਆਂ। ਦੱਸਿਆ ਜਾ ਰਿਹਾ ਹੈ ਕਿ ਧੁੰਦ ਕਾਰਨ ਸਕੂਲੀ ਬੱਸ ਦੇ ਡਰਾਈਵਰ ਨੂੰ ਟਰੱਕ ਨਹੀਂ ਦਿਸਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। 

ਪ੍ਰਸ਼ਾਸਨ ਦੇ ਹੁਕਮਾਂ ਦੇ ਬਾਵਜੂਦ ਖੁੱਲ੍ਹਾ ਰੱਖਿਆ ਗਿਆ ਸੀ ਸਕੂਲ—
ਠੰਢ ਦੇ ਕਾਰਨ ਏਟਾ ਦੇ ਡੀ. ਐੱਮ. (ਜ਼ਿਲਾ ਅਧਿਕਾਰੀ) ਨੇ 20 ਜਨਵਰੀ ਤੱਕ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਸਨ ਪਰ ਇਸ ਦੇ ਬਾਵਜੂਦ ਇਹ ਸਕੂਲ ਖੁੱਲ੍ਹਾ ਰੱਖਿਆ ਗਿਆ ਸੀ। ਯੂ. ਪੀ. ਇਸ ਸਮੇਂ ਸੀਤ ਲਹਿਰ ਚੱਲ ਰਹੀ ਹੈ। ਵੱਖ-ਵੱਖ ਥਾਵਾਂ ''ਤੇ ਠੰਢ ਕਾਰਨ ਹੁਣ ਤੱਕ 28 ਲੋਕਾਂ ਦੀ ਜਾਨ ਜਾ ਚੁੱਕੀ ਹੈ। ਵੀਰਵਾਰ ਨੂੰ ਸਾਵਧਾਨੀ ਵਰਤਦੇ ਹੋਏ ਇਕ ਵਾਰ ਫਿਰ ਲਖਨਊ, ਲਖੀਮਪੁਰ ਸਮੇਤ ਕਈ ਜ਼ਿਲਿਆ ''ਚ ਅੱਠਵੀ ਕਲਾਸ ਤੱਕ ਲਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ। ਮੌਸਸ ਵਿਭਾਗ ਦਾ ਕਹਿਣਾ ਹੈ ਕਿ ਠੰਢ ਅਤੇ ਧੁੰਦ ਦਾ ਕਹਿਰ ਅਜੇ ਕੁਝ ਦਿਨਾਂ ਤੱਕ ਰਹੇਗਾ। 

ਸੀਤਾਪੁਰ ''ਚ ਵੀ ਵਾਪਰਿਆ ਹਾਦਸਾ, ਬੱਸ ਡਰਾਈਵਰ ਦੀ ਮੌਤ 
ਉੱਥੇ ਦੂਜੇ ਪਾਸੇ ਸੀਤਾਪੁਰ ''ਚ ਵੀ ਅੱਜ ਸਵੇਰੇ ਧੁੰਦ ਕਾਰਨ ਵਾਪਰੇ ਬੱਸ ਹਾਦਸੇ ''ਚ ਡਰਾਈਵਰ ਦੀ ਮੌਤ ਹੋ ਗਈ ਅਤੇ 20 ਲੋਕ ਗੰਭੀਰ ਰੂਪ ''ਚ ਜ਼ਖਮੀ ਹੋ ਗਏ। ਬੱਸ ਦੇਵਰੀਆ ਤੋਂ ਦਿੱਲੀ ਜਾ ਰਹੀ ਸੀ ਅਤੇ ਧੁੰਦ ਦੇ ਕਾਰਨ ਸੜਕ ਕੰਢੇ ਡੂੰਘੀ ਖੱਡ ''ਚ ਜਾ ਡਿੱਗੀ।