''ਸਿੰਗਲ ਮਦਰ'' ਦੇ ਬੱਚੇ ਨੂੰ ਸਕੂਲ ਨੇ ਨਹੀਂ ਦਿੱਤਾ ਦਾਖਲਾ

06/15/2019 5:11:49 PM

ਮੁੰਬਈ— ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਵਾਸ਼ੀ ਇਲਾਕੇ 'ਚ ਇਕ ਸਕੂਲ ਨੇ ਦੂਜੀ ਜਮਾਤ ਦੇ ਵਿਦਿਆਰਥੀ ਨੂੰ ਸਿਰਫ ਇਸ ਆਧਾਰ 'ਤੇ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੀ ਮਾਂ ਇਕੱਲੀ ਰਹਿੰਦੀ ਹੈ। ਇਸੇ ਗੱਲ ਨੂੰ ਲੈ ਕੇ ਸਕੂਲ ਦੀ ਪ੍ਰਿੰਸੀਪਲ ਅਤੇ ਬੱਚੇ ਦੀ ਮਾਂ ਦਰਮਿਆਨ ਲੰਬੀ ਗੱਲਬਾਤ ਹੋਈ। ਬੱਚੇ ਦੀ ਮਾਂ ਨੇ ਪ੍ਰਿੰਸੀਪਲ ਨਾਲ ਗੱਲਬਾਤ ਦੀ ਵੀਡੀਓ ਬਣਾ ਲਈ, ਜੋ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਦੂਜੇ ਪਾਸੇ ਸਕੂਲ ਨੇ ਆਪਣੀ ਸਫਾਈ 'ਚ ਕਿਹਾ ਕਿ ਉਹ ਕਿਸੇ ਵੀ ਬੱਚੇ ਨਾਲ ਭੇਦਭਾਵ ਨਹੀਂ ਕਰਦਾ ਹੈ।

ਬੱਚੇ ਦੀ ਮਾਂ ਨੇ ਦੱਸਿਆ ਕਿ ਉਹ ਵਾਸ਼ੀ ਦੇ ਸੇਂਟ ਲਾਰੈਂਸ ਸਕੂਲ ਗਈ। ਇਸੇ ਮਹੀਨੇ ਉਸ ਨੂੰ ਆਪਣੇ ਬੱਚੇ ਦਾ ਦਾਖਲਾ ਕਰਵਾਉਣਾ ਸੀ। ਉਨ੍ਹਾਂ ਕਿਹਾ ਕਿ ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਸਿੰਗਲ ਮਦਰ ਹੈ ਤਾਂ ਸਕੂਲ ਨੇ ਕਿਹਾ ਕਿ ਉਨ੍ਹਾਂ ਕੋਲ ਦਾਖਲੇ ਲਈ ਕੋਈ ਸੀਟ ਖਾਲੀ ਨਹੀਂ ਹੈ। ਬੱਚੇ ਦੀ ਮਾਂ ਨੇ ਕਿਹਾ,''ਮੈਂ ਜਾਣਦੀ ਹਾਂ ਕਿ ਦਾਖਲਾ ਜਾਰੀ ਹੈ। ਇਸ ਲਈ ਮੈਂ ਇਕ ਲੜਕੀ ਦੀ ਮਾਂ ਬਣ ਕੇ ਫੋਨ ਕੀਤਾ। ਇਸ ਤੋਂ ਬਾਅਦ ਪ੍ਰਿੰਸੀਪਲ ਨੇ ਕਿਹਾ ਕਿ ਉਹ ਉਨ੍ਹਾਂ ਨਾਲ ਮੁਲਾਕਾਤ ਕਰੇ।''

ਬੱਚੇ ਦੀ ਮਾਂ ਨੇ ਸਕੂਲ ਕੰਪਲੈਕਸ ਦੇ ਅੰਦਰ ਪ੍ਰਿੰਸੀਪਲ ਨਾਲ ਪੂਰੀ ਗੱਲਬਾਤ ਨੂੰ ਰਿਕਾਰਡ ਕਰ ਲਿਆ। ਇਸ 'ਚ ਪ੍ਰਿੰਸੀਪਲ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਨ੍ਹਾਂ ਦਾ ਸਕੂਲ ਸਿੰਗਲ ਪੇਰੈਂਟ ਵਾਲੇ ਬੱਚਿਆਂ ਨੂੰ ਦਾਖਲਾ ਨਹੀਂ ਦਿੰਦਾ ਹੈ। ਪ੍ਰਿੰਸੀਪਲ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਸੰਭਾਲ ਨਹੀਂ ਸਕਦੇ। ਬੱਚੇ ਦੀ ਮਾਂ ਨੇ ਕਿਹਾ ਕਿ ਜੇਕਰ ਦਾਖਲੇ ਤੋਂ ਬਾਅਦ ਕਿਸੇ ਬੱਚੇ ਦੇ ਮਾਤਾ-ਪਿਤਾ ਵੱਖ ਹੋ ਜਾਂਦੇ ਹਨ ਕੀ ਉਸ ਬੱਚੇ ਦਾ ਦਾਖਲਾ ਰੱਦ ਕਰ ਦਿੱਤਾ ਜਾਵੇਗਾ ਤਾਂ ਇਸ 'ਤੇ ਪ੍ਰਿੰਸੀਪਲ ਨੇ ਜਵਾਬ ਨਹੀਂ 'ਚ ਦਿੱਤਾ। 

ਬੱਚੇ ਦੀ ਮਾਂ ਨੇ ਇਸ ਵੀਡੀਓ ਨੂੰ ਸਕੂਲ ਮੈਨੇਜਮੈਂਟ ਨੂੰ ਭੇਜਿਆ ਹੈ ਅਤੇ ਉਹ ਸਿੱਖਿਆ ਵਿਭਾਗ 'ਚ ਸ਼ਿਕਾਇਤ ਦੀ ਯੋਜਨਾ ਬਣਾ ਰਹੀ ਹੈ। ਇਸ ਦਰਮਿਆਨ ਸਕੂਲ ਨੇ ਕਿਹਾ ਕਿ ਉਹ ਦਾਖਲਾ ਦੇਣ 'ਚ ਕੋਈ ਭੇਦਭਾਵ ਨਹੀਂ ਕਰਦਾ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਹੋਵੇਗੀ।

DIsha

This news is Content Editor DIsha