ਸੁਪਰੀਮ ਕੋਰਟ ਨੇ ਸੁਨੰਦਾ ਪੁਸ਼ਕਰ ਮਾਮਲੇ ''ਚ ਦਿੱਲੀ ਪੁਲਸ ਤੋਂ ਮੰਗਿਆ ਜਵਾਬ

02/23/2018 3:03:47 PM

ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਰਹੱਸਮਈ ਮੌਤ ਮਾਮਲੇ 'ਚ ਸੁਪਰੀਮ ਕੋਰਟ ਨੇ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕੀਤਾ। ਕੋਰਟ ਨੇ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਇਹ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ।
ਸਵਾਮੀ ਨੇ ਕੀਤੀ ਸੀ ਐੱਸ.ਆਈ.ਟੀ. ਜਾਂਚ ਦੀ ਮੰਗ
ਜ਼ਿਕਰਯੋਗ ਹੈ ਕਿ ਸਵਾਮੀ ਨੇ ਪਿਛਲੇ ਸਾਲ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਖਲ ਕਰ ਕੇ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਐੱਸ.ਆਈ.ਟੀ. ਜਾਂਚ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਕੋਰਟ ਤੋਂ ਅਪੀਲ ਕੀਤੀ ਸੀ ਕਿ ਇਸ ਜਾਂਚ ਦੀ ਨਿਗਰਾਨੀ ਉਹ ਖੁਦ ਕਰਨ। ਹਾਲਾਂਕਿ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਕੇਂਦਰ ਅਤੇ ਦਿੱਲੀ ਪੁਲਸ ਨੇ ਇਸ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਹਾਈ ਕੋਰਟ ਨੂੰ ਕਿਹਾ ਸੀ ਕਿ ਉਹ ਸ਼ਸ਼ੀ ਥਰੂਰ ਵੱਲੋਂ ਕੇਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦੇ ਸਵਾਮੀ ਦੇ ਦਾਅਵੇ ਨਾਲ ਸਹਿਮਤ ਨਹੀਂ ਹਨ।
ਪੁਲਸ 'ਤੇ ਲਗਾਏ ਜਾਂਚ 'ਚ ਦੇਰੀ ਕਰਨ ਦੇ ਦੋਸ਼
ਭਾਜਪਾ ਨੇਤਾ ਦਾ ਦੋਸ਼ ਹੈ ਕਿ ਸ਼ਸ਼ੀ ਥਰੂਰ ਦੇ ਦਬਾਅ 'ਚ ਪੁਲਸ ਇਸ ਮਾਮਲੇ ਦੀ ਜਾਂਚ ਨਹੀਂ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਪੁਲਸ ਨੇ ਮਾਮਲੇ ਦੀ ਜਾਂਚ ਪੂਰੀ ਕਰਨ 'ਚ ਜ਼ਿਆਦਾ ਦੇਰੀ ਕੀਤੀ ਹੈ ਜੋ ਕਿ ਨਿਆਇਕ ਪ੍ਰਕਿਰਿਆ 'ਤੇ ਇਕ ਧੱਬੇ ਦੇ ਸਾਮਾਨ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ 17 ਜਨਵਰੀ 2014 ਨੂੰ ਦਿੱਲੀ ਦੇ ਹੋਟਲ 'ਲੀਲਾ' 'ਚ ਸ਼ੱਕੀ ਹਾਲਤ 'ਚ ਮ੍ਰਿਤ ਮਿਲੀ ਸੀ। ਮੌਤ ਦੇ ਕਰੀਬ ਇਕ ਸਾਲ ਬਾਅਦ ਦਿੱਲੀ ਪੁਲਸ ਨੇ ਕਤਲ ਦਾ ਮੁਕੱਦਮਾ ਦਰਜ ਕੀਤਾ ਸੀ।