ਲਖੀਮਪੁਰ ਹਿੰਸਾ ਮਾਮਲਾ: SC ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ’ਤੇ UP ਸਰਕਾਰ ਤੋਂ ਮੰਗਿਆ ਜਵਾਬ

03/16/2022 2:06:32 PM

ਨਵੀਂ ਦਿੱਲੀ (ਭਾਸ਼ਾ)– ਸੁਪਰੀਮ ਕੋਰਟ ਨੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਅਤੇ ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈ ਕੋਰਟ ਵਲੋਂ ਜ਼ਮਾਨਤ ਦਿੱਤੇ ਜਾਣ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਆਪਣਾ ਰਵੱਈਆ ਸਪੱਸ਼ਟ ਕਰਨ ਦਾ ਨਿਰਦੇਸ਼ ਦਿੱਤਾ। ਚੀਫ਼ ਜਸਟਿਸ ਐੱਨ. ਵੀ. ਰੰਮਨਾ, ਜਸਟਿਸ ਸੂਰਈਆਕਾਂਤ ਅਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਗਵਾਹਾਂ ਦੀ ਸੁਰੱਖਿਆ ਯਕੀਨੀ ਕਰਨ ਦਾ ਵੀ ਨਿਰਦੇਸ਼ ਦਿੱਤਾ। 

ਇਹ ਵੀ ਪੜ੍ਹੋ: ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ; 156 ਦੇਸ਼ਾਂ ਦੇ ਨਾਗਰਿਕਾਂ ਲਈ ਈ-ਟੂਰਿਸਟ ਵੀਜ਼ਾ ਬਹਾਲ

ਦਰਅਸਲ ਕਿਸਾਨਾਂ ਵਲੋਂ ਪੇਸ਼ ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ 12 ਮਾਰਚ ਨੂੰ ਇਕ ਮੁੱਖ ਗਵਾਹ ’ਤੇ ਹਮਲੇ ਦਾ ਜ਼ਿਕਰ ਕੀਤਾ ਸੀ। ਕਿਸਾਨ ਜਗਜੀਤ ਸਿੰਘ, ਪਵਨ ਕਸ਼ਯਪ ਅਤੇ ਸੁਖਵਿੰਦਰ ਸਿੰਘ ਦੇ ਵਕੀਲ ਦਵੇ ਅਤੇ ਪ੍ਰਸ਼ਾਂਤ ਭੂਸ਼ਣ ਹਾਈ ਕੋਰਟ ਦੀ ਲਖਨਊ ਬੈਂਚ ਵਲੋਂ 10 ਫਰਵਰੀ ਨੂੰ ਆਸ਼ੀਸ਼ ਮਿਸ਼ਰਾ ਨੂੰ ਦਿੱਤੀ ਗਈ ਜ਼ਮਾਨਤ ਰੱਦ ਕਰਨ ਦੀ ਮੰਗ ਕਰ ਰਹੇ ਹਨ। ਦਵੇ ਨੇ ਕਿਹਾ ਕਿ ਹਾਈ ਕੋਰਟ ਦੇ ਜੱਜ ਨੇ ਜ਼ਮਾਨਤ ਦੇਣ ਦੇ ਸਿਧਾਂਤਾਂ ’ਤੇ ਇਕਦਮ ਗਲਤ ਰਵੱਈਆ ਅਪਣਾਇਆ, ਉਹ ਵੀ ਉਦੋਂ ਜਦੋਂ ਹੇਠਲੀ ਅਦਾਲਤ ਨੇ ਇਕ ਬਹੁਤ ਹੀ ਤਰਕ ਸੰਗਤ ਆਦੇਸ਼ ’ਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। 

ਇਹ ਵੀ ਪੜ੍ਹੋ: PM ਮੋਦੀ ਨੇ CM ਭਗਵੰਤ ਮਾਨ ਨੂੰ ਦਿੱਤੀ ਵਧਾਈ, ਕਿਹਾ-ਪੰਜਾਬ ਦੇ ਵਿਕਾਸ ਲਈ ਮਿਲ ਕੇ ਕਰਾਂਗੇ ਕੰਮ

ਵਕੀਲ ਨੇ ਅੱਗੇ ਕਿਹਾ ਕਿ ਦੋਸ਼ੀ ਨੂੰ ਕਟਹਿਰੇ ’ਚ ਲਿਆਉਣ ਲਈ ਉੱਚਿਤ ਸਬੂਤ ਹਨ ਪਰ ਹਾਈ ਕੋਰਟ ਨੇ ਐੱਫ. ਆਈ. ਆਰ. ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਐੱਫ. ਆਈ. ਆਰ. ’ਚ ਦਰਜ ਗੋਲੀ ਲੱਗਣ ਦੀ ਗੱਲ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ’ਚ ਨਹੀਂ ਹੋਈ ਹੈ, ਇਸ ਲਈ ਉਸ ਨੂੰ (ਆਸ਼ੀਸ਼ ਨੂੰ) ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਵਕੀਲ ਦਵੇ ਨੇ ਕਿਹਾ ਕਿ ਐੱਫ. ਆਈ. ਆਰ. ਮਹੱਤਵਪੂਰਨ ਨਹੀਂ ਹੈ ਸਗੋਂ ਜਾਂਚ ਮਹੱਤਵਪੂਰਨ ਹੈ। ਇਸ ’ਤੇ ਤੁਰੰਤ ਕੋਈ ਕਦਮ ਚੁੱਕਣ ਦੀ ਲੋੜ ਹੈ, ਕਿਉਂਕਿ ਹੋਰ ਦੋਸ਼ੀ ਵੀ ਇਸੇ ਆਦੇਸ਼ ਦੇ ਆਧਾਰ ’ਤੇ ਜ਼ਮਾਨਤ ਦੀ ਮੰਗ ਕਰ ਰਹੇ ਹਨ। 

ਇਹ ਵੀ ਪੜ੍ਹੋ: ਉੱਤਰਾਖੰਡ: ਹਾਰ ਤੋਂ ਬਾਅਦ ਹਰੀਸ਼ ਰਾਵਤ ’ਤੇ ਲੱਗੇ ਦੋਸ਼, ਕਿਹਾ- ਮੈਨੂੰ ਵੀ ਹੋਲਿਕਾ ਦਹਨ ’ਚ ‘ਸਾੜ’ ਦੇਵੇ ਕਾਂਗਰਸ

ਸੁਪਰੀਮ ਕੋਰਟ ਦੀ ਬੈਂਚ ਨੇ ਵਕੀਲ ਦਵੇ ਦੀ ਦਲੀਲ ਸੁਣਨ ਤੋਂ ਬਾਅਦ ਕਿਹਾ ਕਿ ਅਸੀਂ ਇਕ ਨੋਟਿਸ ਜਾਰੀ ਕਰਾਂਗੇ, ਹੋਲੀ ਦੀ ਛੁੱਟੀ ਤੋਂ ਬਾਅਦ ਅਸੀਂ 24 ਮਾਰਚ ਨੂੰ ਪਟੀਸ਼ਨ ਨੂੰ ਸੁਣਵਾਈ ਲਈ ਤੁਰੰਤ ਸੂਚੀਬੱਧ ਕਰਾਂਗੇ। ਬੈਂਚ ਨੇ ਉੱਤਰ ਪ੍ਰਦੇਸ਼ ਸਰਕਾਰ ਵਲੋਂ ਪੇਸ਼ ਹੋਈ ਵਕੀਲ ਰੁਚਿਰਾ ਗੋਇਲ ਨੂੰ ਇਕ ਵਿਸਥਾਰਪੂਰਵਕ ਹਲਫ਼ਨਾਮਾ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਅਤੇ ਕਿਹਾ ਕਿ ਤੁਸੀਂ ਗਵਾਹਾਂ ਦੀ ਸੁਰੱਖਿਆ ਯਕੀਨੀ ਕਰੋ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਮਿਸ਼ਰਾ ਨੂੰ ਜ਼ਮਾਨਤ ਦਿੱਤੇ ਜਾਣ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਲਈ ਬੈਂਚ ਦਾ ਗਠਨ ਕਰੇਗਾ।

ਕੀ ਹੈ ਪੂਰਾ ਮਾਮਲਾ- 
ਦੱਸ ਦੇਈਏ ਕਿ ਕਿਸਾਨਾਂ ਦਾ ਇਕ ਸਮੂਹ ਭਾਜਪਾ ਦੇ ਆਗੂ ਕੇਸ਼ਵ ਪ੍ਰਸਾਦ ਮੌਰਿਆ ਦੇ ਦੌਰੇ ਖਿਲਾਫ਼ ਪਿਛਲੇ ਸਾਲ 3 ਅਕਤੂਬਰ ਨੂੰ ਪ੍ਰਦਰਸ਼ਨ ਕਰ ਰਿਹਾ ਸੀ। ਇਸ ਦੌਰਾਨ ਲਖੀਮਪੁਰ ਖੀਰੀ ’ਚ ਇਕ ਐੱਸ. ਯੂ. ਵੀ. ਕਾਰ ਨੇ 4 ਕਿਸਾਨਾਂ ਨੂੰ ਕੁਚਲ ਦਿੱਤਾ ਸੀ। ਇਸ ਤੋਂ ਗੁੱਸੇ ’ਚ ਆਏ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਦੇ 2 ਵਰਕਰਾਂ ਅਤੇ ਇਕ ਡਰਾਈਵਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ, ਜਦਕਿ ਹਿੰਸਾ ’ਚ ਸਥਾਨਕ ਪੱਤਰਕਾਰ ਦੀ ਮੌਤ ਹੋ ਗਈ ਸੀ। ਇਸ ਪੂਰੇ ਘਟਨਾਕ੍ਰਮ ’ਚ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਦੋਸ਼ੀ ਮੰਨਿਆ ਗਿਆ।
 

Tanu

This news is Content Editor Tanu