SC ਨੇ ''ਆਪ'' ਨੇਤਾ ਸਤੇਂਦਰ ਜੈਨ ਦੀ ਅੰਤਰਿਮ ਜ਼ਮਾਨਤ ਦੀ ਮਿਆਦ 4 ਦਸੰਬਰ ਤੱਕ ਵਧਾਈ

11/24/2023 1:06:16 PM

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ 'ਚ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸਤੇਂਦਰ ਜੈਨ ਦੀ ਅੰਤਰਿਮ ਜ਼ਮਾਨਤ ਦੀ ਮਿਆਦ ਸ਼ੁੱਕਰਵਾਰ ਨੂੰ ਚਾਰ ਦਸੰਬਰ ਤੱਕ ਵਧਾ ਦਿੱਤੀ। ਜੱਜ ਬੇਲਾ ਐੱਮ. ਤ੍ਰਿਵੇਦੀ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਲਈ ਚਾਰ ਦਸੰਬਰ ਦੀ ਤਾਰੀਖ਼ ਤੈਅ ਕੀਤੀ ਕਿਉਂਕਿ ਸੁਣਵਾਈ 'ਚ ਸ਼ਾਮਲ ਰਹੇ ਜੱਜ ਏ.ਐੱਸ. ਬੋਪੰਨਾ ਅੱਜ ਮੌਜੂਦ ਨਹੀਂ ਸਨ। ਬੈਂਚ ਨੇ ਕਿਹਾ,''ਇਸ ਵਿਚ ਪਹਿਲਾਂ 'ਚ ਦਿੱਤੀ ਗਈ ਅੰਤਰਿਮ ਜ਼ਮਾਨਤ ਸੁਣਵਾਈ ਦੀ ਅਗਲੀ ਤਾਰੀਖ਼ ਤੱਕ ਵਧਾਈ ਜਾਂਦੀ ਹੈ।'' ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਜੈਨ ਦੀ ਅੰਤਰਿਮ ਜ਼ਮਾਨਤ ਦੀ ਮਿਆਦ 9 ਅਕਤੂਬਰ ਤੱਕ ਵਧਾਈ ਸੀ ਅਤੇ ਕਿਹਾ ਸੀ ਸੁਪਰੀਮ ਕੋਰਟ ਦੇ ਸਾਹਮਣੇ ਪੈਂਡਿੰਗ ਕਾਰਵਾਈ ਨੂੰ ਮਾਮਲੇ ਦੀ ਸੁਣਵਾਈ 'ਚ ਦੇਰੀ ਕਰਨ ਦਾ ਬਹਾਨਾ ਨਾ ਬਣਾਓ। ਦਰਅਸਲ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਾਅਵਾ ਕੀਤਾ ਸੀ ਕਿ 'ਆਪ' ਨੇਤਾ ਹੇਠਲੀ ਅਦਾਲਤ 'ਚ ਇਸ ਆਧਾਰ 'ਤੇ ਵਾਰ-ਵਾਰ ਮੁਲਤਵੀ ਦੀ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀ ਪਟੀਸ਼ਨ ਸੁਪਰੀਮ ਕੋਰਟ 'ਚ ਪੈਂਡਿੰਗ ਹੈ। ਜਾਂਚ ਏਜੰਸੀ ਨੇ ਦੋਸ਼ ਲਗਾਇਆ ਹੈ ਕਿ ਜੈਨ ਨੇ ਹੇਠਲੀ ਅਦਾਲਤ ਤੋਂ ਕਰੀਬ 16 ਵਾਰ ਤਾਰੀਖ਼ ਲਈ ਹੈ।

ਇਹ ਵੀ ਪੜ੍ਹੋ : ਉੱਤਰਕਾਸ਼ੀ ਸੁਰੰਗ ਹਾਦਸਾ : ਫਸੇ ਹੋਏ ਮਜ਼ਦੂਰਾਂ ਦਾ ਤਣਾਅ ਦੂਰ ਕਰਨ ਲਈ ਲੂਡੋ, ਸ਼ਤਰੰਜ ਤੇ ਤਾਸ਼ ਭੇਜਣ ਦੀ ਯੋਜਨਾ

ਸੁਪਰੀਮ ਕੋਰਟ ਨੇ 26 ਮਈ ਨੂੰ ਜੈਨ ਨੂੰ ਰੀੜ੍ਹ ਦੀ ਹੱਡੀ ਦੀ ਸਰਜਰੀ ਲਈ 6 ਹਫ਼ਤੇ ਦੀ ਅੰਤਰਿਮ ਜ਼ਮਾਨਤ ਦਿੰਦੇ ਹੋਏ ਕਿਹਾ ਸੀ ਕਿ ਕਿਸੇ ਨਾਗਰਿਕ ਨੂੰ ਆਪਣੇ ਖਰਚ 'ਤੇ ਨਿੱਜੀ ਅਦਾਲਤ 'ਚ ਆਪਣੀ ਪਸੰਦ ਦਾ ਇਲਾਜ ਕਰਵਾਉਣ ਦਾ ਅਧਿਕਾਰ ਹੈ। ਅਦਾਲਤ ਨੇ 12 ਸਤੰਬਰ ਨੂੰ ਇਸ ਮਾਮਲੇ 'ਚ ਜੈਨ ਦੀ ਅੰਤਰਿਮ ਜ਼ਮਾਨਤ 25 ਸਤੰਬਰ ਤੱਕ ਵਧਾ ਦਿੱਤੀ ਸੀ। ਈ.ਡੀ. ਨੇ ਮਨੀ ਲਾਂਡਰਿੰਗ ਦੇ ਦੋਸ਼ 'ਚ 'ਆਪ' ਨੇਤਾ ਨੂੰ ਪਿਛਲੇ ਸਾਲ 30 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਜੈਨ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਉਨ੍ਹਾਂ ਚਾਰ ਕੰਪਨੀਆਂ ਰਾਹੀਂ ਮਨੀ ਲਾਂਡਰਿੰਗ ਕੀਤੀ ਜੋ ਕਥਿਤ ਤੌਰ 'ਤੇ ਉਨ੍ਹਾਂ ਨਾਲ ਜੁੜੀਆਂ ਸਨ। ਈ.ਡੀ. ਨੇ 2017 'ਚ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਅਧੀਨ ਜੈਨ ਖ਼ਿਲਾਫ਼ ਦਰਜ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਸ਼ਿਕਾਇਤ ਦੇ ਆਧਾਰ 'ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸੀ.ਬੀ.ਆਈ. ਦੇ ਮਾਮਲੇ 'ਚ ਜੈਨ ਨੂੰ ਹੇਠਲੀ ਅਦਾਲਤ ਨੇ 6 ਸਤੰਬਰ 2019 ਨੂੰ ਨਿਯਮਿਤ ਜ਼ਮਾਨਤ ਦਿੱਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha