ਸਾਵਿਤਰੀ ਫੁਲੇ : ਦੇਸ਼ ਦੀ ਪਹਿਲੀ ਮਹਿਲਾ ਟੀਚਰ ਨੂੰ PM ਮੋਦੀ ਨੇ ਦਿੱਤੀ ਸ਼ਰਧਾਂਜਲੀ

01/03/2020 11:40:31 AM

ਨਵੀਂ ਦਿੱਲੀ— ਦੇਸ਼ ਦੀ ਪਹਿਲੀ ਮਹਿਲਾ ਅਧਿਆਪਕ ਸਾਵਿਤਰੀਬਾਈ ਫੁਲੇ, ਜਿਨ੍ਹਾਂ ਨੇ ਆਪਣਾ ਜੀਵਨ ਸਿਰਫ਼ ਲੜਕੀਆਂ ਨੂੰ ਪੜ੍ਹਾਉਣ ਅਤੇ ਸਮਾਜ ਨੂੰ ਉੱਪਰ ਚੁੱਕਣ 'ਚ ਲੱਗਾ ਦਿੱਤਾ। ਅੱਜ ਸਾਵਿਤਰੀ ਫੁਲੇ ਦੀ 189ਵੀਂ ਜਯੰਤੀ ਹੈ, ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸਿੱਖਿਆ, ਮਹਿਲਾ ਮਜ਼ਬੂਤੀਕਰਨ ਲਈ ਉਨ੍ਹਾਂ ਨੇ ਜੋ ਕੀਤਾ, ਉਸ ਲਈ ਪੀ.ਐੱਮ. ਮੋਦੀ ਨੇ ਉਨ੍ਹਾਂ ਨੂੰ ਨਮਨ ਕੀਤਾ। ਸਾਵਿਤਰੀ ਫੁਲੇ ਇਕ ਦਲਿਤ ਪਰਿਵਾਰ 'ਚ ਪੈਦਾ ਹੋਈ ਸੀ ਪਰ ਉਦੋਂ ਵੀ ਉਨ੍ਹਾਂ ਦਾ ਟੀਚਾ ਇਹੀ ਰਹਿੰਦਾ ਸੀ ਕਿ ਕਿਸੇ ਨਾਲ ਭੇਦਭਾਵ ਨਾ ਹੋਵੇ ਅਤੇ ਹਰ ਕਿਸੇ ਨੂੰ ਪੜ੍ਹਨ ਦਾ ਮੌਕਾ ਮਿਲੇ, ਸਾਵਿਤਰੀ ਫੁਲੇ ਨਾਲ ਜੁੜੀਆਂ ਕੁਝ ਅਹਿਮ ਗੱਲਾਂ ਪੜ੍ਹੋ:- 

9 ਸਾਲ ਦੀ ਉਮਰ 'ਚ ਹੋਇਆ ਸੀ ਵਿਆਹ
ਸਾਵਿਤਰੀ ਫੁਲੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ, ਕਵਿਤਰੀ , ਸਮਾਜ ਸੇਵਿਕਾ ਜਿਨ੍ਹਾਂ ਦਾ ਟੀਚਾ ਕੁੜੀਆਂ ਨੂੰ ਸਿੱਖਿਅਤ ਕਰਨਾ ਰਿਹਾ। ਸਾਵਿਤਰੀ ਦਾ ਜਨਮ 3 ਜਨਵਰੀ 1831 ਨੂੰ ਮਹਾਰਾਸ਼ਟਰ ਦੇ ਇਕ ਦਲਿਤ ਪਰਿਵਾਰ 'ਚ ਹੋਇਆ। ਸਿਰਫ਼ 9 ਸਾਲ ਦੀ ਉਮਰ 'ਚ ਉਨ੍ਹਾਂ ਦਾ ਵਿਆਹ ਕ੍ਰਾਂਤੀਕਾਰੀ ਜਯੋਤਿਬਾ ਫੁਲੇ ਨਾਲ ਹੋ ਗਿਆ, ਉਸ ਸਮੇਂ ਜਯੋਤਿਬਾ ਫੁਲੇ ਸਿਰਫ਼ 13 ਸਾਲ ਦੇ ਸਨ। ਪਤੀ ਕ੍ਰਾਂਤੀਕਾਰੀ ਅਤੇ ਸਮਾਜ ਸੇਵੀ ਸਨ ਤਾਂ ਸਾਵਿਤਰੀ ਨੇ ਵੀ ਆਪਣਾ ਜੀਵਨ ਇਸੇ 'ਚ ਲੱਗਾ ਦਿੱਤਾ ਅਤੇ ਦੂਜਿਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ।

ਪਲੇਗ ਕਾਰਨ ਹੋਈ ਸਾਵਿਤਰੀ ਫੁਲੇ ਦੀ ਮੌਤ
10 ਮਾਰਚ 1897 ਨੂੰ ਪਲੇਗ ਨਾਲ ਪੀੜਤ ਮਰੀਜ਼ਾਂ ਦੀ ਸੇਵਾ ਕਰਦੇ ਸਮੇਂ ਸਾਵਿਤਰੀ ਫੁਲੇ ਦਾ ਦਿਹਾਂਤ ਹੋ ਗਿਆ। ਪਲੇਗ ਨਾਲ ਪੀੜਤ ਬੱਚਿਆਂ ਦੀ ਸੇਵਾ ਕਰਦੇ ਹੋਏ ਉਨ੍ਹਾਂ ਨੂੰ ਵੀ ਪਲੇਗ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਕਰੀਬ 18 ਸਕੂਲ ਖੋਲ੍ਹੇ
ਸਾਵਿਤਰੀ ਬਾਈ ਨੇ ਆਪਣੇ ਜੀਵਨ ਦੇ ਕੁਝ ਟੀਚੇ ਤੈਅ ਕੀਤੇ, ਜਿਸ 'ਚ ਵਿਧਵਾ ਦਾ ਵਿਆਹ ਕਰਵਾਉਣਾ, ਛੂਤਛਾਤ ਨੂੰ ਮਿਟਾਉਣਾ, ਮਹਿਲਾ ਨੂੰ ਸਮਾਜ 'ਚ ਸਹੀ ਸਥਾਨ ਦਿਵਾਉਣਾ ਅਤੇ ਦਲਿਤ ਔਰਤਾਂ ਨੂੰ ਸਿੱਖਿਅਤ ਬਣਾਉਣਾ। ਇਸੇ ਕੜੀ 'ਚ ਉਨ੍ਹਾਂ ਨੇ ਬੱਚਿਆਂ ਲਈ ਸਕੂਲ ਖੋਲ੍ਹਣਾ ਸ਼ੁਰੂ ਕੀਤਾ। ਪੁਣੇ ਤੋਂ ਸਕੂਲ ਖੋਲ੍ਹਣ ਦੀ ਸ਼ੁਰੂਆਤ ਹੋਈ ਅਤੇ ਕਰੀਬ 18 ਸਕੂਲ ਖੋਲ੍ਹੇ ਗਏ।

2 ਸਾੜੀਆਂ ਨਾਲ ਸਕੂਲ ਜਾਂਦੀ ਸੀ ਸਾਵਿਤਰੀ ਫੁਲੇ
1848 ਦੀ ਗੱਲ ਹੈ, ਉਸ ਸਮੇਂ ਸਾਵਿਤਰੀ ਫੁਲੇ ਸਕੂਲ 'ਚ ਪੜ੍ਹਾਉਣ ਲਈ ਜਾਂਦੀ ਸੀ। ਉਦੋਂ ਸਾਵਿਤਰੀ ਫੁਲੇ 2 ਸਾੜੀਆਂ ਨਾਲ ਸਕੂਲ ਜਾਂਦੀ ਹੈ, ਇਕ ਪਾ ਕੇ ਅਤੇ ਇਕ ਝੋਲੇ 'ਚ ਰੱਖ ਕੇ। ਕਿਉਂਕਿ ਰਸਤੇ 'ਚ ਜੋ ਰਹਿੰਦੇ ਸਨ, ਉਨ੍ਹਾਂ ਦਾ ਮੰਨਣਾ ਸੀ ਕਿ ਸ਼ੂਦਰ-ਅਤਿ ਸ਼ੂਦਰ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਹੈ। ਇਸ ਦੌਰਾਨ ਰਸਤੇ 'ਚ ਸਾਵਿਤਰੀ ਬਾਈ 'ਤੇ ਗੋਬਰ ਸੁੱਟਿਆ ਜਾਂਦਾ ਸੀ, ਜਿਸ ਕਾਰਨ ਕੱਪੜੇ ਪੂਰੀ ਤਰ੍ਹਾਂ ਨਾਲ ਗੰਦੇ ਹੋ ਜਾਂਦੇ ਅਤੇ ਬੱਦਬੂ ਮਾਰਨ ਲੱਗਦੇ। ਸਕੂਲ ਪਹੁੰਚ ਕੇ ਸਾਵਿਤਰੀ ਆਪਣੇ ਝੋਲੇ 'ਚ ਲਿਆਂਦੀ ਦੂਜੀ ਸਾੜੀ ਨੂੰ ਪਾਉਂਦੀ ਅਤੇ ਫਿਰ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰਦੀ। ਇਹ ਸਿਲਸਿਲਾ ਚੱਲਦਾ ਰਿਹਾ ਪਰ ਬਾਅਦ 'ਚ ਉਨ੍ਹਾਂ ਨੇ ਖੁਦ ਦੇ ਸਕੂਲ ਖੋਲ੍ਹਣਾ ਸ਼ੁਰੂ ਕਰ ਦਿੱਤਾ, ਜਿਸ ਦਾ ਮੁੱਖ ਟੀਚਾ ਦਲਿਤ ਬੱਚਿਆਂ ਨੂੰ ਸਿੱਖਿਅਤ ਕਰਨਾ ਸੀ।

9 ਵਿਦਿਆਰਥਣਾਂ ਨਾਲ ਸ਼ੁਰੂ ਕੀਤਾ ਸੀ ਸਕੂਲ
ਸਾਵਿਤਰੀ ਫੁਲੇ ਨੇ 3 ਜਨਵਰੀ 1848 ਯਾਨੀ ਆਪਣੇ ਜਨਮ ਦਿਨ ਦੇ ਦਿਨ ਹੀ ਵੱਖ-ਵੱਖ ਜਾਤੀਆਂ ਦੀਆਂ 9 ਵਿਦਿਆਰਥਣਾਂ ਨੂੰ ਇਕੱਠੇ ਕੀਤਾ ਅਤੇ ਸਕੂਲ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਸਫ਼ਲ ਹੋਈ ਅਤੇ ਅਗਲੇ ਇਕ ਸਾਲ ਦੇ ਅੰਦਰ ਵੱਖ-ਵੱਖ ਥਾਂਵਾਂ 'ਤੇ ਸਾਵਿਤਰੀ ਫੁਲੇ, ਜਯੋਤਿਬਾ ਫੁਲੇ ਨੇ 5 ਸਕੂਲ ਖੋਲ੍ਹ ਦਿੱਤੇ। ਜੋ ਸਮਾਜ ਉਸ ਸਮੇਂ ਕੁੜੀਆਂ ਨੂੰ ਘਰ 'ਚ ਰਹਿਣ ਲਈ ਮਜ਼ਬੂਰ ਕਰਦਾ ਸੀ, ਉਸ ਸਮਾਜ ਲਈ ਸਾਵਿਤਰੀ ਦੀ ਮੁਹਿੰਮ ਇਕ ਥੱਪੜ ਸੀ। ਇਸ ਮੁਹਿੰਮ ਨੇ ਔਰਤਾਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਅਤੇ ਲੋਕਾਂ ਨੂੰ ਇਸ ਗੱਲ ਨੂੰ ਸੋਚਣ 'ਤੇ ਮਜ਼ਬੂਰ ਕਰ ਦਿੱਤਾ ਕਿ ਔਰਤਾਂ ਨੂੰ ਵੀ ਪੜ੍ਹਾਈ ਦਾ ਅਧਿਕਾਰ ਹੈ ਅਤੇ ਬਰਾਬਰੀ ਦਾ ਹੱਕ ਹੈ।


DIsha

Content Editor

Related News