ਸੰਯੁਕਤ ਕਿਸਾਨ ਮੋਰਚੇ ਨੇ ਮੋਦੀ ਵੱਲੋ ਦਿੱਤੇ ਬਿਆਨ ''ਤੇ ਕਿਹਾ- ਅਸੀਂ ਗੱਲਬਾਤ ਦੇ ਰਸਤੇ ਬੰਦ ਨਹੀਂ ਕੀਤੇ

01/30/2021 11:11:38 PM

ਨਵੀਂ ਦਿੱਲੀ - ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਅੱਜ 67ਵੇਂ ਦਿਨ ਵੀ ਜਾਰੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਅੱਜ ਪ੍ਰਧਾਨ ਮੰਤਰੀ ਵੱਲੋਂ ਅੰਤਰ-ਪਾਰਟੀ ਬੈਠਕ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਬਾਰੇ ਕੇਂਦਰ ਸਰਕਾਰ ਵੱਲੋਂ ਦਿੱਤੇ ਪ੍ਰਸਤਾਵ ਬਾਰੇ ਦਿੱਤੇ ਬਿਆਨ ਦਾ ਨੋਟਿਸ ਲਿਆ। ਕਿਸਾਨ ਆਪਣੀ ਚੁਣੀ ਹੋਈ ਸਰਕਾਰ ਨੂੰ ਮਨਾਉਣ ਲਈ ਦਿੱਲੀ ਆਏ ਹਨ ਅਤੇ ਇਸ ਲਈ ਸਰਕਾਰ ਨਾਲ ਗੱਲਬਾਤ ਕਰਨ ਲਈ ਕਿਸਾਨ ਜੱਥੇਬੰਦੀਆਂ ਦੇ ਦਰਵਾਜ਼ੇ ਬੰਦ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਿਸਾਨ ਤਿਨੋਂ ਖੇਤੀ ਕਾਨੂੰਨਾਂ ਨੂੰ ਸਿਰੇ ਤੋਂ ਰੱਦ ਕਰਨ ਦੇ ਲਈ ਅਤੇ ਐੱਮ.ਐੱਸ.ਪੀ. ਦੀ ਕਾਨੂੰਨੀ ਗਰੰਟੀ ਲਈ ਗੱਲਬਾਤ ਲਈ ਹਮੇਸ਼ਾ ਤਿਆਰ ਹਨ।

ਸਦਭਾਵਨਾ ਦਿਵਸ ਮਨਾਉਂਦਿਆਂ ਹੋਇਆ ਇਕ ਰੋਜ਼ਾ ਵਰਤ ਦਿੱਲੀ ਦੇ ਸਾਰੇ ਮੋਰਚਿਆਂ ਅਤੇ ਪੂਰੇ ਭਾਰਤ ਵਿਚ ਰੱਖਿਆ ਗਿਆ। ਕਿਸਾਨਾਂ ਨੇ ਸ਼ਹੀਦੀ ਦਿਵਸ 'ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਗਾਂਧੀ ਜੀ ਦੇ ਜੀਵਨ ਤੋਂ ਸਿੱਖਦਿਆਂ, ਕਿਸਾਨਾਂ ਨੇ ਇਸ ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਜਾਰੀ ਰੱਖਣ ਦਾ ਸੰਕਲਪ ਲਿਆ। ਕਿਸਾਨਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਇਸ ਅੰਦੋਲਨ ਦੇ ਸ਼ਹੀਦ ਹੋਏ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ। ਸਾਰੇ ਦੇਸ਼ ਤੋਂ ਸਦਭਾਵਨਾ ਦਿਵਸ ਦੀਆਂ ਖਬਰਾਂ ਆ ਰਹੀਆਂ ਹਨ। ਸੰਯੁਕਤ ਕਿਸਾਨ ਮੋਰਚਾ ਨੇ ਉਸ ਹਰ ਨਾਗਰਿਕ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਅੱਜ ਦੇ ਸਮਾਗਮਾਂ ਵਿੱਚ ਹਿੱਸਾ ਲਿਆ।

ਸੁਰੱਖਿਆ ਬਲਾਂ ਦੀ ਗੈਰ-ਕਾਨੂੰਨੀ ਵਰਤੋਂ ਕਰਕੇ ਇਸ ਅੰਦੋਲਨ ਨੂੰ ਖ਼ਤਮ ਕਰਨ ਲਈ ਪੁਲਸ ਦੀਆਂ ਕੋਸ਼ਿਸ਼ਾਂ ਦੀ ਅਸੀਂ ਨਿੰਦਾ ਕਰਦੇ ਹਾਂ। ਪੁਲਸ ਅਤੇ ਭਾਜਪਾ ਦੇ ਗੁੰਡਿਆਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹਿੰਸਾ ਸਰਕਾਰ ਦੀ ਨਿਰਾਸ਼ਾ ਨੂੰ ਸਪੱਸ਼ਟ ਤੌਰ ਤੇ ਦਰਸਾਉਂਦੀ ਹੈ। ਪੁਲਸ ਪ੍ਰਦਰਸ਼ਨਕਾਰੀਆਂ ਅਤੇ ਪੱਤਰਕਾਰਾਂ ਨੂੰ ਧਰਨਿਆਂ ਤੋਂ ਅਣਮਨੁੱਖੀ ਤਰੀਕੇ ਨਾਲ ਗ੍ਰਿਫ਼ਤਾਰ ਕਰ ਰਹੀ ਹੈ। ਅਸੀਂ ਸਾਰੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹਾਂ। ਅਸੀਂ ਪੱਤਰਕਾਰਾਂ 'ਤੇ ਹੋਏ ਪੁਲਸ ਹਮਲਿਆਂ ਦੀ ਵੀ ਨਿੰਦਾ ਕਰਦੇ ਹਾਂ ਜੋ ਲਗਾਤਾਰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ' ਨੂੰ ਕਵਰ ਕਰ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati