ਗਿਲਾਨੀ ਦਾ ਚੱਲ ਰਿਹਾ ਸੀ ਇੰਟਰਨੈੱਟ! BSNL ਦੇ 2 ਅਧਿਕਾਰੀ ਸਸਪੈਂਡ

08/19/2019 4:36:47 PM

ਜੰਮੂ— ਜੰਮੂ-ਕਸ਼ਮੀਰ 'ਚ ਧਾਰਾ-370 ਹਟਾਏ ਜਾਣ ਤੋਂ ਬਾਅਦ ਘਾਟੀ 'ਚ ਸ਼ਾਂਤੀ ਵਿਵਸਥਾ ਬਣਾਏ ਰੱਖਣ ਲਈ ਧਾਰਾ 144 ਲਗਾਈ ਗਈ ਸੀ। ਇਸ ਦੇ ਨਾਲ ਹੀ ਕਿਸੇ ਅਫਵਾਹ ਤੋਂ ਬਚਣ ਲਈ ਇੰਟਰਨੈੱਟ ਅਤੇ ਲੈਂਡਲਾਈਨ ਫੋਨ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਸੀ। ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਇਕ ਵੱਡੀ ਲਾਪਰਵਾਹੀ ਦਾ ਪਤਾ ਲੱਗਾ ਹੈ। ਮੀਡੀਆ ਰਿਪੋਰਟਸ ਅਨੁਸਾਰ ਰੋਕ ਦੇ ਬਾਵਜੂਦ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦੇ ਘਰ ਇੰਟਰਨੈੱਟ ਚੱਲ ਰਿਹਾ ਸੀ। ਇਸ ਟਵੀਟ ਦੇ ਸਾਹਮਣੇ ਆਉਣ ਤੋਂ ਬਾਅਦ ਬੀ.ਐੱਸ.ਐੱਨ.ਐੱਲ. ਦੇ 2 ਅਧਿਕਾਰੀਆਂ 'ਤੇ ਗਾਜ਼ ਡਿੱਗੀ ਹੈ।

8 ਦਿਨਾਂ ਤੱਕ ਚਾਲੂ ਸੀ ਇੰਟਰਨੈੱਟ ਸੇਵਾ
ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਦੇ ਬਾਅਦ ਤੋਂ ਭਾਰਤ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਸਨ। ਇਸੇ ਪਾਬੰਦੀ ਦੇ ਅਧੀਨ ਪੂਰੇ ਜੰਮੂ-ਕਸ਼ਮੀਰ 'ਚ ਇੰਟਰਨੈੱਟ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਸੀ। ਇਨ੍ਹਾਂ ਸਹੂਲਤਾਂ 'ਤੇ ਪਿਛਲੇ 4 ਅਗਸਤ ਤੋਂ ਰੋਕ ਲੱਗਾ ਦਿੱਤੀ ਗਈ ਸੀ। ਹਾਲਾਂਕਿ ਇਕ ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦੇ ਘਰ ਮੌਜੂਦ ਲੈਂਡਲਾਈਨ ਅਤੇ ਇੰਟਰਨੈੱਟ ਸੇਵਾ 8 ਦਿਨਾਂ ਤੱਕ ਚਾਲੂ ਸੀ। ਸੂਤਰਾਂ ਅਨੁਸਾਰ ਅਧਿਕਾਰੀਆਂ ਨੂੰ ਇਸ ਗੱਲ ਦੀ ਖਬਰ ਹੀ ਨਹੀਂ ਸੀ ਕਿ ਗਿਲਾਨੀ ਕਸ਼ਮੀਰ 'ਚ ਇੰਟਰਨੈੱਟ ਚਲਾਉਂਦੇ ਹਨ ਅਤੇ ਉਨ੍ਹਾਂ ਨੇ ਆਪਣੇ ਅਕਾਊਂਟ ਤੋਂ ਹੀ ਕੁਝ ਟਵੀਟ ਵੀ ਕੀਤੇ ਸਨ।

ਗਿਲਾਨੀ ਨੂੰ ਪਾਕਿਸਤਾਨ ਭੇਜਣ ਦੀ ਕੀਤੀ ਮੰਗ
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਰ ਗਿਲਾਨੀ ਇੰਟਰਨੈੱਟ ਅਤੇ ਲੈਂਡਲਾਈਨ ਸਹੂਲਤ ਪਾਉਣ 'ਚ ਕਿਵੇਂ ਸਮਰੱਥ ਹੋ ਗਏ। ਬੀ.ਐੱਸ.ਐੱਨ.ਐੱਲ. ਨੇ ਇਸ ਮਾਮਲੇ 'ਚ ਹੁਣ 2 ਅਧਿਕਾਰੀਆਂ 'ਤੇ ਐਕਸ਼ਨ ਲਿਆ ਹੈ। ਮਾਮਲੇ ਦਾ ਪਤਾ ਲੱਗਣ ਤੋਂ ਬਾਅਦ ਗਿਲਾਨੀ ਦੀ ਸਰਵਿਸ ਬੰਦ ਕਰ ਦਿੱਤੀ ਗਈ ਸੀ। ਵੱਖਵਾਦੀ ਨੇਤਾ ਸਈਅਦ ਅਲੀ ਗਿਲਾਨੀ ਹਮੇਸ਼ਾ ਤੋਂ ਹੀ ਭਾਰਤ ਵਿਰੋਧੀ ਪੋਸਟ ਕਰਦੇ ਰਹੇ ਹਨ। ਗਿਲਾਨੀ ਨੂੰ ਲੈ ਕੇ ਲੋਕਾਂ 'ਚ ਇਸ ਕਦਰ ਗੁੱਸਾ ਦੇਖਿਆ ਗਿਆ ਹੈ ਕਿ ਕੁਝ ਲੋਕਾਂ ਨੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਗਿਲਾਨੀ ਨੂੰ ਪਾਕਿਸਤਾਨ ਭੇਜਣ ਤੱਕ ਦੀ ਮੰਗ ਕਰ ਦਿੱਤੀ।

DIsha

This news is Content Editor DIsha