ਸੀ. ਐੱਮ. ਚੰਨੀ ਨੇ ਕਿਸਾਨ, ਗਰੀਬ, ਮਿਡਲ ਕਲਾਸ ਲਈ ਕੰਮ ਕੀਤਾ : ਸਚਿਨ ਪਾਇਲਟ

02/16/2022 10:15:48 AM

ਚੰਡੀਗੜ੍ਹ/ਰਾਜਸਥਾਨ- ਪੰਜਾਬ ਵਿਚ ਵਿਧਾਨਸਭਾ ਚੋਣਾਂ ’ਚ ਹੁਣ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਸਾਰੀਆਂ ਪਾਰਟੀਆਂ ਦੇ ਵੱਡੇ ਨੇਤਾ ਆਪਣੇ-ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਪ੍ਰਚਾਰ ਕਰਨ ਪੰਜਾਬ ਪਹੁੰਚੇ ਹੋਏ ਹਨ। ਰਾਜਸਥਾਨ ਕਾਂਗਰਸ ਦੇ ਵੱਡੇ ਨੇਤਾ ਸਚਿਨ ਪਾਇਲਟ ਵੀ ਕਾਂਗਰਸ ਉਮੀਦਵਾਰਾਂ ਦੇ ਪੱਖ ਵਿਚ ਲੋਕਾਂ ਨੂੰ ਭਰਮਾਉਣ ਵਿਚ ਲੱਗੇ ਹਨ। ਉਹ ਕਹਿੰਦੇ ਹਨ ਕਿ ਪਹਿਲੀ ਵਾਰ ਕਾਂਗਰਸ ਪਾਰਟੀ ਨੇ ਇੱਕ ਅਜਿਹੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਇਆ ਹੈ, ਜੋ ਐੱਸ. ਸੀ. ਸਮਾਜ ਤੋਂ ਆਉਂਦੇ ਹਨ। 70 ਸਾਲ ਦੇ ਇਤਿਹਾਸ ਵਿਚ ਅਜਿਹਾ ਹੋਇਆ ਨਹੀਂ ਹੈ। ਚੰਨੀ ਨੇ ਕਿਸਾਨ, ਗਰੀਬ ਅਤੇ ਮਿਡਲ ਕਲਾਸ ਲਈ ਕੰਮ ਕੀਤਾ ਹੈ। ਪੇਸ਼ ਹੈ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ ਹਿੰਦ ਸਮਾਚਾਰ ਦੇ ਸ਼੍ਰਮਿਤ ਚੌਧਰੀ ਨਾਲ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸਚਿਨ ਪਾਇਲਟ ਨਾਲ ਵਿਸ਼ੇਸ਼ ਗੱਲਬਾਤ ਦੇ ਮੁੱਖ ਅੰਸ਼ . . .

ਸਚਿਨ ਪਾਇਲਟ- ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ, ਸੀਨੀਅਰ ਨੇਤਾ, ਕਾਂਗਰਸ

-ਪੰਜਾਬ ਦੀਆਂ ਹਵਾਵਾਂ ’ਚ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ, ਵੱਡੇ ਮੁੱਦੇ ਕੀ ਹਨ?

-ਮੈਨੂੰ ਲੱਗਦਾ ਹੈ ਕਿ 5 ਸਾਲ ਦੇ ਕਾਰਜਕਾਲ ਵਿਚ ਖਾਸ ਕਰ ਕੇ ਜੋ 3 ਮਹੀਨੇ ਦਾ ਕਾਰਜਕਾਲ ਰਿਹਾ ਹੈ, ਉਸ ਨੂੰ ਲੋਕਾਂ ਨੇ ਪਸੰਦ ਕੀਤਾ ਹੈ। ਪਹਿਲੀ ਵਾਰ ਕਾਂਗਰਸ ਪਾਰਟੀ ਨੇ ਇੱਕ ਅਜਿਹੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਇਆ ਹੈ, ਜੋ ਐੱਸ. ਸੀ. ਸਮਾਜ ਤੋਂ ਆਉਂਦੇ ਹਨ। 70 ਸਾਲ ਦੇ ਇਤਿਹਾਸ ਵਿਚ ਅਜਿਹਾ ਹੋਇਆ ਨਹੀਂ ਹੈ। ਉਨ੍ਹਾਂ ਨੇ ਕਿਸਾਨ, ਗਰੀਬ ਅਤੇ ਮਿਡਲ ਕਲਾਸ ਲਈ ਕੰਮ ਕੀਤਾ ਹੈ। ਇਹੀ ਮੁੱਦਾ ਹੈ, ਇਸ ਨੂੰ ਲੈ ਕੇ ਅਸੀਂ ਆਪਣਾ ਰੋਡਮੈਪ ਤਿਆਰ ਕੀਤਾ ਹੈ। ਵਿਰੋਧੀ ਪਾਰਟੀਆਂ ਅਟੈਕ ਕਰਦੀਆਂ ਹਨ, ਏਜੰਸੀਆਂ ਦੀ ਦੁਰਵਰਤੋਂ ਕਰਦੀਆਂ ਹਨ ਪਰ ਪਬਲਿਕ ਮਨ ਬਣਾ ਚੁੱਕੀ ਹੈ ਕਿ ਇਸ ਵਾਰ ਕਾਂਗਰਸ ਨੂੰ ਦੁਬਾਰਾ ਰਿਪੀਟ ਕਰਨਾ ਹੈ।

-ਸਰਕਾਰ ਦੇ ਸਾਢੇ ਚਾਰ ਸਾਲ ਦੇ ਕੰਮਕਾਜ ਨੂੰ ਲੈ ਕੇ ਪੰਜਾਬ ਵਿਚ ਨੈਗੇਟਿਵਿਟੀ ਹੈ। ਤੁਹਾਡੇ ਪੁਰਾਣੇ ਸਾਥੀ ਦੂਜੀ ਜਗ੍ਹਾ ਚਲੇ ਗਏ ਹਨ ? ਪ੍ਰਧਾਨ ਮੰਤਰੀ ਮੋਦੀ ਨੇ ਰੈਲੀ ਕਰ ਕੇ ਕਿਹਾ ਕਿ ਅਸੀਂ ਨਸ਼ਾ ਮੁਕਤ ਪੰਜਾਬ ਬਣਾਵਾਂਗੇ, ਪੰਜਾਬ ਕਾਂਗਰਸ ਇਹ ਨਹੀਂ ਕਰ ਸਕੀ। ਇਹ ਤੁਹਾਨੂੰ ਕਿੰਨਾ ਵੱਡਾ ਮੁੱਦਾ ਨਜ਼ਰ ਆ ਰਿਹਾ ਹੈ ?

-ਵੇਖੋ, ਬੀ. ਜੇ. ਪੀ. ਦਾ ਪੰਜਾਬ ਵਿਚ ਕੋਈ ਮਤਲਬ ਨਹੀਂ ਹੈ। ਉਹ ਰੈਲੀਆਂ ਕਰ ਰਹੇ ਹਨ, ਸਰੋਤ ਲਗਾ ਰਹੇ ਹਨ ਪਰ ਇੱਥੇ ਬੀ. ਜੇ. ਪੀ. ਦਾ ਕੁਝ ਨਹੀਂ ਨਿਕਲੇਗਾ। ਜਿੱਥੋਂ ਤੱਕ ਕਾਂਗਰਸ ਦੀ ਗੱਲ ਹੈ, ਜੋ ਲੀਡਰਸ਼ਿਪ ਤਬਦੀਲੀ ਹੋਈ, ਮੁੱਖ ਮੰਤਰੀ ਬਦਲੇ, ਉਹ ਸਭ ਵਿਧਾਇਕਾਂ ਦੇ ਮਨ ਮੁਤਾਬਕ ਹੋਇਆ। ਵਿਧਾਇਕ ਦਲ ਦਾ ਨੇਤਾ ਕੌਣ ਹੋਵੇਗਾ, ਇਸਦਾ ਫ਼ੈਸਲਾ ਵਿਧਾਇਕ ਕਰਦੇ ਹਨ। ਉਨ੍ਹਾਂ ਸਾਰਿਆਂ ਨੇ ਆਮ ਰਾਏ ਬਣਾਕੇ ਬੋਲਿਆ ਕਿ ਅਸੀ ਬਦਲਾਅ ਚਾਹੁੰਦੇ ਹਾਂ, ਇਸ ਲਈ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇ ਮੁੱਖ ਮੰਤਰੀ ਬਣਾਇਆ। ਇਹ ਬਦਕਿਸਮਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਾਰਟੀ ਛੱਡ ਕੇ ਚਲੇ ਗਏ ਅਤੇ ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਬਣਾਈ ਹੈ। ਇੱਥੇ ਬਸਪਾ-ਅਕਾਲੀ ਦਲ, ਪੀ.ਐੱਲ. ਸੀ.-ਭਾਜਪਾ ਦਾ ਗਠਜੋੜ ਹੈ। ਆਮ ਆਦਮੀ ਪਾਰਟੀ ਵੀ ਹੈ। ਬਹੁਤ ਸਾਰੀਆਂ ਪਾਰਟੀਆਂ ਲੜ ਰਹੀਆਂ ਹਨ ਪਰ ਵੱਡੀ ਪਾਰਟੀ ਕਾਂਗਰਸ ਹੈ। ਅਸੀਂ ਬਹੁਮਤ ਨਾਲ ਜਿੱਤਾਂਗੇ, ਸਾਨੂੰ ਪੂਰਾ ਵਿਸ਼ਵਾਸ ਹੈ।

-ਪ੍ਰਧਾਨ ਮੰਤਰੀ ਨੇ ਇੱਕ ਇੰਟਰਵਿਊ ਵਿਚ ਤੀਜੀ ਪਾਰਟੀ ਦਾ ਜ਼ਿਕਰ ਕੀਤਾ ਸੀ। ਤੀਜੀ ਪਾਰਟੀ ਦੇ ਵੱਡੇ ਰਸੂਖ ਦੀ ਗੱਲ ਉਨ੍ਹਾਂ ਨੇ ਕਹੀ ਸੀ, ਜੋ ਤਮਾਮ ਸਰਵੇ ਅਤੇ ਗੱਲਾਂ ਤੋਂ ਸਾਹਮਣੇ ਆ ਰਿਹਾ ਹੈ। ਉਹ ਤੁਹਾਨੂੰ ਕਿੰਨੀ ਵੱਡੀ ਚੁਣੌਤੀ ਨਜ਼ਰ ਆ ਰਹੀ ਹੈ। ਇੱਥੇ ਤੀਜੀ ਪਾਰਟੀ ਦਾ ਮਤਲਬ ਕੀ ਆਮ ਆਦਮੀ ਪਾਰਟੀ ਹੈ?

-ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਸਰਕਾਰ ਹੈ। ਆਮ ਆਦਮੀ ਪਾਰਟੀ ਨੇ ਅਨੇਕ ਰਾਜਾਂ ਵਿਚ ਚੋਣਾਂ ਲੜੀਆਂ ਹਨ। ਇੱਥੇ ਵੀ ਉਸਦੇ ਵਿਧਾਇਕ ਜਿੱਤੇ ਸਨ ਅਤੇ ਬਾਅਦ ਵਿਚ ਪਾਰਟੀ ਛੱਡ ਗਏ। ਹਰ ਪਾਰਟੀ ਨੂੰ ਚੋਣ ਲੜਨ ਦਾ ਅਧਿਕਾਰ ਹੈ। ਮੈਂ ਇਸਨੂੰ ਗਲਤ ਨਹੀਂ ਮੰਨਦਾ ਹਾਂ ਪਰ ਜੋ ਗਵਰਨੈਂਸ ਮਾਡਲ ਰਿਹਾ ਅਤੇ ਕਾਂਗਰਸ ਦਾ ਇਤਿਹਾਸ ਰਿਹਾ, ਉਸਨੂੰ ਲੋਕ ਭੁੱਲੇ ਨਹੀਂ ਹਨ। ਪੰਜਾਬ ਲਈ ਕਾਂਗਰਸ ਦੇ ਨੇਤਾਵਾਂ ਨੇ ਜੋ ਸ਼ਹਾਦਤ ਦਿੱਤੀ ਹੈ, ਜੋ ਕੁਰਬਾਨੀ ਦਿੱਤੀ ਹੈ, ਉਹ ਲੋਕਾਂ ਨੂੰ ਯਾਦ ਹੈ। ਇੱਥੋਂ ਦੀ ਮਿੱਟੀ ਵਿਚ ਕਾਂਗਰਸ ਨੇਤਾਵਾਂ ਦਾ ਖੂਨ ਮਿਲਿਆ ਹੋਇਆ ਹੈ। ਠੀਕ ਹੈ ਕਿ ਆਮ ਆਦਮੀ ਪਾਰਟੀ ਆਪਣਾ ਪ੍ਰਚਾਰ ਕਰ ਰਹੀ ਹੈ। ਉਸਦਾ ਥੋੜ੍ਹਾ ਬਹੁਤ ਵੋਟ ਫੀਸਦੀ ਲਾਸਟ ਸਮੇਂ ਵਧਿਆ ਸੀ ਪਰ ਇਸ ਵਾਰ ਉਹ ਬਹੁਤ ਜ਼ਿਆਦਾ ਵਧਾ ਸਕੇਗੀ, ਮੈਂ ਅਜਿਹਾ ਨਹੀਂ ਮੰਨਦਾ। ਵਿਰੋਧੀ ਧਿਰ ਦੇ ਵੋਟ ਵੰਡੇ ਹੋਏ ਹਨ ਅਤੇ ਕਾਂਗਰਸ ਖਿਲਾਫ ਸਭ ਲੜ ਰਹੇ ਹਨ। ਇਟਸ ਐਵਰੀਬਡੀ ਵਰਸਿਜ ਕਾਂਗਰਸ ਹੈ। ਇਸਦਾ ਸਾਨੂੰ ਫਾਇਦਾ ਮਿਲੇਗਾ।

-ਅਰਵਿੰਦ ਕੇਜਰੀਵਾਲ ਕਹਿ ਰਹੇ ਹਨ ਕਿ ਸਾਰੇ ਮਿਲ ਕੇ ਮੈਨੂੰ ਗਾਲ੍ਹਾਂ ਦੇ ਰਹੇ ਹਨ ਅਤੇ ਮੇਰਾ ਵਿਰੋਧ ਕਰ ਰਹੇ ਹਨ ਪਰ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ?

-ਸਾਨੂੰ ਉਨ੍ਹਾਂ ਦਾ ਵਿਰੋਧ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਅਰਵਿੰਦ ਕੇਜਰੀਵਾਲ ਦਾ ਵਿਰੋਧ ਉਨ੍ਹਾਂ ਦੇ ਹੀ ਲੋਕ ਕਰ ਚੁੱਕੇ ਹਨ। ਚਾਹੇ ਅੰਨਾ ਹਜ਼ਾਰੇ, ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਹੋਣ, ਤਾਂ ਮੈਂ ਇਸ ਗੱਲ ’ਤੇ ਨਹੀਂ ਜਾਣਾ ਚਾਹੁੰਦਾ। ਅਸੀਂ ਤਾਂ ਮੁੱਦਿਆਂ ’ਤੇ ਚੋਣ ਲੜ ਰਹੇ ਹਾਂ। ਅਸੀਂ ਕਦੇ ਨੈਗੇਟਿਵ ਪਾਲਿਟਿਕਸ ਨਹੀਂ ਕੀਤੀ ਹੈ। ਮੈਂ ਤਾਂ ਕਦੇ ਨੈਗੇਟਿਵ ਪਾਲਿਟਿਕਸ ਕਰਦਾ ਵੀ ਨਹੀਂ ਹਾਂ। ਇੱਕ ਪਾਜ਼ੇਟਿਵ ਏਜੰਡਾ ਹੋਣਾ ਚਾਹੀਦਾ ਹੈ, ਇੱਕ ਰੋਡਮੈਪ ਅਤੇ ਬਲੂਪ੍ਰਿੰਟ ਹੋਣਾ ਚਾਹੀਦਾ ਹੈ ਅਤੇ ਉਸਦੇ ਆਧਾਰ ’ਤੇ ਅਸੀਂ ਚੋਣ ਲੜ ਰਹੇ ਹਾਂ। ਚੰਨੀ ਜੀ ਇੱਕ ਨੇਕ ਵਿਅਕਤੀ ਹਨ, ਜ਼ਮੀਨ ਨਾਲ ਜੁੜੇ ਹਨ, ਲੋਕ ਉਨ੍ਹਾਂ ਨੂੰ ਪਸੰਦ ਕਰ ਰਹੇ ਹਨ। ਤਿੰਨ ਮਹੀਨੇ ਬਹੁਤ ਘੱਟ ਸਮਾਂ ਹੁੰਦਾ ਹੈ, ਫਿਰ ਵੀ ਉਨ੍ਹਾਂ ਨੇ ਇਕ ਛਾਪ ਛੱਡੀ ਹੈ। ਚਾਹੇ ਉਹ ਬਿਜਲੀ ਦੀ ਗੱਲ ਹੋਵੇ ਜਾਂ ਗਰੀਬਾਂ ਨੂੰ ਮਕਾਨ ਦੇਣ ਦੀ, ਉਸਦਾ ਫਾਇਦਾ ਨਿਸ਼ਚਿਤ ਤੌਰ ’ਤੇ ਕਾਂਗਰਸ ਪਾਰਟੀ ਨੂੰ ਮਿਲੇਗਾ।

-ਕੇਜਰੀਵਾਲ ਨੇ ਲਿਖ ਕੇ ਦੇ ਦਿੱਤਾ ਹੈ ਕਿ ਚਰਨਜੀਤ ਸਿੰਘ ਚੰਨੀ ਦੋਵਾਂ ਸੀਟਾਂ ਤੋਂ ਹਾਰ ਰਹੇ ਹਨ। ਤੁਹਾਨੂੰ ਚੁਣੌਤੀ ਨਹੀਂ ਲੱਗ ਰਹੀ ਕਿ ਮੁੱਖ ਮੰਤਰੀ ਉਮੀਦਵਾਰ ਲਈ ਇਹ ਦਾਅਵੇ ਹੋ ਰਹੇ ਹਨ?

-ਉਨ੍ਹਾਂ ਨੇ ਲਿਖ ਕੇ ਦਿੱਤਾ ਹੈ ਅਤੇ ਜੇਕਰ ਚੰਨੀ ਸਾਹਿਬ ਦੋਵਾਂ ਸੀਟਾਂ ਤੋਂ ਜਿੱਤ ਗਏ ਤਾਂ ਉਹ ਫਿਰ ਕੀ ਕਰਨਗੇ, ਇਹ ਉਨ੍ਹਾਂ ਨੇ ਨਹੀਂ ਕਿਹਾ। ਉਨ੍ਹਾਂ ਨੇ ਕਿਹਾ, ਹਾਰਣਗੇ, ਉਂਝ ਚੋਣਾਂ ਤੋਂ ਪਹਿਲਾਂ ਹਰ ਨੇਤਾ ਆਪਣੀ ਗੱਲ ਰੱਖਦਾ ਹੈ ਪਰ ਚੰਨੀ ਜੀ ਦੋਵਾਂ ਸੀਟਾਂ ਤੋਂ ਜਿੱਤਣਗੇ ਅਤੇ ਭਾਰੀ ਵੋਟਾਂ ਨਾਲ ਜਿੱਤਣਗੇ। ਅਸੀਂ ਹਾਰਨ ਦੀ ਨਹੀਂ, ਜਿੱਤਣ ਦੀ ਗੱਲ ਕਰਦੇ ਹਾਂ। ਲਾਸਟ ਸਮੇਂ ਵੀ ਹਵਾ ਬਣੀ ਸੀ ਕਿ ਆਮ ਆਦਮੀ ਪਾਰਟੀ ਦੇ ਬਹੁਤ ਵਾਲੰਟੀਅਰਜ਼ ਆ ਗਏ ਸਨ। ਦੁਨੀਆ ਭਰ ਦੇ ਲੋਕ ਆ ਗਏ ਸਨ ਪਰ ਅਲਟੀਮੇਟਲੀ ਨਤੀਜਾ 2017 ਵਿਚ ਜੋ ਆਇਆ, ਉਹ ਸਭ ਨੇ ਵੇਖਿਆ ਸੀ। ਮੈਨੂੰ ਲੱਗਦਾ ਹੈ ਕਿ ਉਸੇ ਤਰ੍ਹਾਂ ਦੇ ਨਤੀਜੇ ਇਕ ਵਾਰ ਫਿਰ 2022 ਵਿਚ ਆਉਣਗੇ।

‘ਬੀ.ਜੇ.ਪੀ. ਦਾ ਮਹੱਤਵ ਅਕਾਲੀ ਦਲ ਦੇ ਨਾਲ ਰਹਿਣ ਤੋਂ ਸੀ ਪਰ ਉਹ ਬਹੁਤ ਜ਼ਿਆਦਾ ਸੀਟਾਂ ਨਹੀਂ ਕੱਢ ਸਕੇਗੀ’

-ਗਜੇਂਦਰ ਸਿੰਘ ਸ਼ੇਖਾਵਤ ਨੇ ਪੰਜਾਬ ਬੀ.ਜੇ.ਪੀ. ਨੂੰ ਹੱਥਾਂ ਵਿਚ ਲੈ ਲਿਆ ਹੈ। ਉਹ ਕਹਿ ਰਹੇ ਹਨ ਕਿ ਨਵਾਂ ਪੰਜਾਬ ਬੀ.ਜੇ.ਪੀ. ਦੇ ਨਾਲ ਹੋਵੇਗਾ। ਬਹੁਤ ਚੰਗੀ ਪੰਜਾਬੀ ਵੀ ਉਨ੍ਹਾਂ ਨੇ ਸਿੱਖ ਲਈ ਹੈ, ਰਾਜਸਥਾਨ ਵਿਚ ਵੀ ਉਹ ਸੀ.ਐੱਮ. ਅਸ਼ੋਕ ਗਹਿਲੋਤ ਦੇ ਬੇਟੇ ਨੂੰ ਹਰਾ ਕੇ ਆਏ ਸਨ। ਇੱਧਰ ਉਹ ਕੀ ਵੱਡਾ ਕਰ ਸਕਣਗੇ?

-ਮੈਨੂੰ ਨਹੀਂ ਲੱਗਦਾ ਕਿ ਉਹ ਬਹੁਤ ਜ਼ਿਆਦਾ ਕੁੱਝ ਕਰ ਸਕਣਗੇ। ਬੀ.ਜੇ.ਪੀ. ਦਾ ਮਹੱਤਵ ਅਕਾਲੀ ਦਲ ਦੇ ਨਾਲ ਰਹਿਣ ਤੋਂ ਸੀ ਪਰ ਉਹ ਬਹੁਤ ਜ਼ਿਆਦਾ ਸੀਟਾਂ ਨਹੀਂ ਕੱਢ ਸਕਣਗੇ। ਉਹ ਪ੍ਰਚਾਰ ਬਹੁਤ ਕਰ ਰਹੇ ਹਨ, ਹੋਰਡਿੰਗਸ, ਬੈਨਰ ਲਗਾ ਰਹੇ ਹਨ। ਸਰੋਤ ਬਹੁਤ ਵੇਸਟ ਕਰ ਰਹੇ ਹਨ ਪਰ ਆਖਿਰਕਾਰ ਲੋਕ ਜਾਣਦੇ ਹਨ ਕਿ ਬੀ.ਜੇ.ਪੀ. ਦੀ ਸਰਕਾਰ ਬਣਨ ਦਾ ਸਵਾਲ ਹੀ ਨਹੀਂ ਉਠਦਾ। ਮੈਂ ਮੰਨਦਾ ਹਾਂ ਕਿ ਲੋਕ ਆਪਣੀ ਵੋਟ ਬੇਕਾਰ ਨਹੀਂ ਕਰਨਗੇ।

-ਕੈਪਟਨ ਸਾਹਿਬ ਉਨ੍ਹਾਂ ਦੇ ਨਾਲ ਹਨ। ਉਹ ਕਹਿ ਰਹੇ ਹਨ ਕਿ ਉਹ ਨੈਸ਼ਨਲਿਸਟ ਸੀ. ਐੱਮ. ਰਹੇ ਹਨ। ਉਨ੍ਹਾਂ ਨੂੰ ਇਸ ਨਾਲ ਮਜ਼ਬੂਤੀ ਮਿਲ ਰਹੀ ਹੈ?

-ਚੋਣਾਂ ਤੋਂ ਪਹਿਲਾਂ ਕਲੇਮ ਤਾਂ ਹਰ ਪਾਰਟੀ ਕਰਦੀ ਹੈ। ਪੰਜਾਬ ਦਾ ਵੋਟਰ ਸਮਝਦਾਰ ਅਤੇ ਬਹੁਤ ਸੁਲਝਿਆ ਹੋਇਆ ਹੈ। ਉਹ ਉਸੇ ਨੂੰ ਵੋਟ ਪਾਵੇਗਾ, ਜੋ ਜਿੱਤਣ ਵਾਲਾ ਹੈ ਅਤੇ ਉਹ ਕਾਂਗਰਸ ਪਾਰਟੀ ਹੈ।

-ਵੋਟਰ ਨੂੰ ਤੁਸੀਂ ਸਮਝਦਾਰ ਦੱਸ ਰਹੇ ਹੋ ਪਰ ਬਹੁਤ ਸਾਰੇ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਨੇ ਆਪਣੇ ਲੋਕ ਪਾਰਟੀ ਦੇ ਦੂਜੇ ਉਮੀਦਵਾਰ ਦੇ ਅੱਗੇ ਖੜ੍ਹੇ ਕੀਤੇ ਹਨ, ਫਿਰ ਵੋਟਰ ਕਿਵੇਂ ਸਪੱਸ਼ਟ ਹੋ ਕੇ ਆਪਣੀ ਰਾਏ ਬਣਾਉਣ?

-ਉਮੀਦਵਾਰ ਆਉਂਦੇ-ਜਾਂਦੇ ਰਹਿੰਦੇ ਹਨ। ਪਾਰਟੀ ਦੀ ਸੋਚ, ਵਿਚਾਰਧਾਰਾ, ਸੱਭਿਆਚਾਰ, ਸੰਸਕਾਰ ਅਤੇ ਇਤਿਹਾਸ ਨਹੀਂ ਬਦਲਿਆ ਜਾ ਸਕਦਾ। ਪਾਰਟੀ ਨੂੰ ਵੇਖ ਕੇ ਸਿੰਬਲ ’ਤੇ ਵੋਟ ਪੈਂਦੀ ਹੈ। 117 ਸੀਟਾਂ ਪੰਜਾਬ ਵਿਚ ਹਨ, ਅਸੀਂ 117 ਹੀ ਟਿਕਟਾਂ ਦੇ ਸਕਦੇ ਹਾਂ। 200 ਨਹੀਂ ਦੇ ਸਕਦੇ, ਇਸ ਲਈ ਹਰ ਵਿਅਕਤੀ ਨੂੰ ਖੁਸ਼ ਕਰਨਾ ਬਹੁਤ ਮੁਸ਼ਕਿਲ ਹੈ ਪਰ ਮੈਨੂੰ ਲੱਗ ਰਿਹਾ ਹੈ ਕਿ ਜੋ ਅਸੀਂ ਉਮੀਦਵਾਰ ਉਤਾਰੇ ਹਨ, ਉਹ ਜਿੱਤਣ ਵਾਲੇ ਹਨ ਅਤੇ ਅਸੀਂ ਲੋਕ ਚੋਣ ਜਿੱਤਾਂਗੇ।

-ਕਾਂਗਰਸ ਨੂੰ ਕਿੰਨੀਆਂ ਸੀਟਾਂ ਦੀ ਉਮੀਦ ਹੈ?

-ਮੈਂ ਭਵਿੱਖਵਾਣੀ ਨਹੀਂ ਕਰ ਸਕਦਾ ਪਰ ਮੈਨੂੰ ਲੱਗਦਾ ਹੈ ਕਿ ਜਿੰਨੀਆਂ ਸੀਟਾਂ ਪਹਿਲਾਂ ਮਿਲੀਆਂ ਸਨ, ਉਸ ਤੋਂ ਜ਼ਿਆਦਾ ਮਿਲਣਗੀਆਂ।

-ਸੀ.ਐੱਮ. ਚੰਨੀ ਦੀ ਪ੍ਰਾਪਰਟੀ ਨੂੰ ਲੈ ਕੇ ਬੜੀਆਂ ਗੱਲਾਂ ਹੋਈਆਂ। ਚਰਚਾ ਸੀ ਕਿ ਉਹ ਇਲੈਕਸ਼ਨ ਕਮਿਸ਼ਨ ਦੇ ਦਰ ’ਤੇ ਜਾਣਗੇ ਪਰ ਪ੍ਰੋਗਰਾਮ ਕੈਂਸਲ ਹੋ ਗਿਆ? ਚੰਨੀ ਸਾਹਿਬ ਨੂੰ ਰਾਹੁਲ ਗਾਂਧੀ ਕਹਿੰਦੇ ਹਨ ਕਿ ਅਸੀਂ ਗਰੀਬ ਸੀ.ਐੱਮ. ਉਮੀਦਵਾਰ ਦਿੱਤਾ ਹੈ ਪਰ ਵਿਰੋਧੀ ਪਾਰਟੀਆਂ ਬਹੁਤ ਤੰਜ ਕੱਸ ਰਹੀਆਂ ਹਨ?

-ਵਿਰੋਧੀ ਪਾਰਟੀਆਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਹੈ ਕਿ ਗਰੀਬ ਘਰ ਵਿਚ ਪੈਦਾ ਹੋ ਕੇ ਇਕ ਵਿਅਕਤੀ ਵਿਧਾਇਕ, ਵਿਰੋਧੀ ਧਿਰ ਦਾ ਨੇਤਾ ਅਤੇ ਮੁੱਖ ਮੰਤਰੀ ਬਣ ਸਕਦਾ ਹੈ। ਉਨ੍ਹਾਂ ਨੂੰ ਤਾਂ ਕਾਂਗਰਸ ਪਾਰਟੀ ਨੂੰ ਐਪ੍ਰੀਸ਼ੀਏਟ ਕਰਨਾ ਚਾਹੀਦਾ ਹੈ, ਜੋ ਕੰਮ 70 ਸਾਲਾਂ ਵਿਚ ਕਿਸੇ ਪਾਰਟੀ ਨੇ ਨਹੀਂ ਕੀਤਾ, ਉਹ ਕੰਮ ਕਾਂਗਰਸ ਨੇ ਕੀਤਾ ਹੈ। ਇਕ ਦਲਿਤ ਵਿਅਕਤੀ ਨੂੰ ਮੌਕਾ ਦਿੱਤਾ ਹੈ, ਇਸ ਲਈ ਨਹੀਂ ਕਿ ਉਹ ਦਲਿਤ ਸਮਾਜ ਤੋਂ ਹਨ, ਸਗੋਂ ਇਸ ਲਈ ਕਿ ਉਹ ਜੁਝਾਰੂ ਹਨ ਅਤੇ ਉਹ ਪਬਲਿਕ ਦੀ ਨਬਜ਼ ਨੂੰ ਸਮਝਦੇ ਹਨ। ਹੁਣ ਚੋਣਾਂ ਤੋਂ ਪਹਿਲਾਂ ਏਜੰਸੀਆਂ ਛੱਡ ਦੇਵੋ, ਉਨ੍ਹਾਂ ’ਤੇ ਦੋਸ਼ ਲਗਾ ਦੇਵੋ। ਈ.ਡੀ., ਇਨਕਮ ਟੈਕਸ ਇਹ ਸਭ 5 ਸਾਲ ਤੱਕ ਸੌਂ ਰਹੇ ਸਨ ਅਤੇ ਹੁਣ ਇਕਦਮ ਤੋਂ ਇਨ੍ਹਾਂ ਦੀ ਨੀਂਦ ਖੁੱਲ੍ਹ ਗਈ। ਪਬਲਿਕ ਸਭ ਜਾਣਦੀ ਹੈ ਕਿ ਇਕ ਦਲਿਤ ਵਿਅਕਤੀ ਨੂੰ ਇਹ ਹਜ਼ਮ ਨਹੀਂ ਕਰ ਪਾ ਰਹੇ ਹਨ ਕਿ ਉਹ ਇਸ ਪੋਸਟ ’ਤੇ ਕਿਵੇਂ ਬੈਠਾ ਹੈ? ਅਸੀਂ ਤਾਂ ਹੁਣ ਡਿਕਲੇਅਰ ਕਰ ਦਿੱਤਾ ਹੈ ਕਿ ਚੰਨੀ ਅਗਲੇ ਸੀ.ਐੱਮ. ਬਣਨਗੇ, ਇਸ ਲਈ ਸਭ ਬੌਖਲਾਏ ਹੋਏ ਹਨ ਅਤੇ ਚਹੁੰਂਤਰਫ਼ਾ ਅਟੈਕ ਕਰ ਰਹੇ ਹਨ।

-ਕਿਹਾ ਜਾ ਰਿਹਾ ਹੈ ਕਿ ਪ੍ਰਿਯੰਕਾ ਗਾਂਧੀ ਦੀ ਰੈਲੀ ਵਿਚ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਸਾਹਮਣੇ ਆਈ। ਇਸ ਨਾਰਾਜ਼ਗੀ ਨੂੰ ਤੁਸੀ ਇੰਟਰਨਲੀ ਕਿਵੇਂ ਬੈਲੇਂਸ ਕਰੋਗੇ?

-ਨਾਰਾਜ਼ਗੀ ਕੀ ਹੋ ਸਕਦੀ ਹੈ, ਉਨ੍ਹਾਂ ਨੂੰ ਪਾਰਟੀ ਨੇ ਪ੍ਰਧਾਨ ਬਣਾਇਆ ਹੋਇਆ ਹੈ ਅਤੇ ਉਹ ਇਕ ਮਹੱਤਵਪੂਰਣ ਨੇਤਾ ਹਨ। ਪੂਰੇ ਸੂਬੇ ਵਿਚ ਸਭ ਉਨ੍ਹਾਂ ਨੂੰ ਜਾਣਦੇ ਹਨ ਅਤੇ ਵਿਰੋਧੀ ਧਿਰ ਨਾਲ ਲੜਨ ਦਾ ਉਨ੍ਹਾਂ ਵਿਚ ਇਕ ਜਜ਼ਬਾ ਹੈ। ਉਹ ਆਪਣੀ ਸੀਟ ਤੋਂ ਚੋਣ ਲੜ ਰਹੇ ਹਨ ਤਾਂ ਸਾਰੇ ਵਿਰੋਧੀ ਮਿਲ ਕੇ ਉਨ੍ਹਾਂ ਨੂੰ ਉਥੇ ਘੇਰਨਾ ਚਾਹੁੰਦੇ ਹਨ। ਉਹ ਆਪਣੇ ਵਿਧਾਨਸਭਾ ਖੇਤਰ ਵਿਚ ਰੁੱਝੇ ਹੋਏ ਹਨ ਅਤੇ ਉਨ੍ਹਾਂ ਨੇ ਪੂਰਾ ਪ੍ਰਚਾਰ ਕੀਤਾ ਹੈ। ਉਹ ਰਾਹੁਲ ਜੀ ਦੇ ਨਾਲ ਗਏ ਸਨ, ਪ੍ਰਿਯੰਕਾ ਜੀ ਦੇ ਨਾਲ ਉਹ ਜਾ ਰਹੇ ਹਨ। ਮੈਨੂੰ ਲੱਗਦਾ ਹੈ ਕਿ ਉਹ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ ਅਤੇ ਉਹ ਵੀ ਚੋਣ ਜਿੱਤਣਗੇ, ਉਨ੍ਹਾਂ ਦਾ ਸਰਕਾਰ ਬਣਾਉਣ ਵਿਚ ਅਹਿਮ ਰੋਲ ਹੋਵੇਗਾ।

-ਬਿਕਰਮ ਮਜੀਠੀਆ ਅਕਾਲੀ ਦਲ ਤੋਂ ਨਵਜੋਤ ਸਿੱਧੂ ਨੂੰ ਚੁਣੌਤੀ ਦੇ ਰਹੇ ਹਨ। ਇਸ ਨੂੰ ਲੈ ਕੇ ਪਾਰਟੀ ਦੇ ਅੰਦਰ ਕੋਈ ਬੇਚੈਨੀ ਹੈ?

-ਜਿਸ ਸੀਟ ਤੋਂ ਸਿੱਧੂ ਜੀ ਲੜ ਰਹੇ ਹਨ, ਉਥੋਂ ਉਹ ਐੱਮ.ਪੀ. ਅਤੇ ਵਿਧਾਇਕ ਰਹਿ ਚੁੱਕੇ ਹਨ। ਮਜੀਠੀਆ ਲਈ ਉਹ ਨਵਾਂ ਇਲਾਕਾ ਹੈ। ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਚੈਲੇਂਜ ਨਵਜੋਤ ਸਿੰਘ ਸਿੱਧੂ ਨੂੰ ਮਿਲੇਗਾ। ਉਥੇ ਅਸੀਂ ਜਿੱਤਾਂਗੇ ਅਤੇ ਚੰਗੀਆਂ ਵੋਟਾਂ ਨਾਲ ਜਿੱਤਾਂਗੇ। ਅਕਾਲੀ ਦਲ ਅਤੇ ਬਸਪਾ ਦਾ ਜੋ ਗਠਜੋੜ ਹੈ, ਮੈਨੂੰ ਨਹੀਂ ਲੱਗਦਾ ਕਿ ਉਹ ਬਹੁਤ ਜ਼ਿਆਦਾ ਸੀਟਾਂ ਜਿੱਤ ਸਕਣਗੇ, ਸਗੋਂ ਪਹਿਲਾਂ ਤੋਂ ਘੱਟ ਜਿੱਤਣਗੇ।

-ਕਾਂਗਰਸ ਦੇ ਸਾਹਮਣੇ ਆਪਸੀ ਫੁੱਟ ਅਤੇ ਅੰਦਰੂਨੀ ਕਲੇਸ਼ ਦੀ ਚੁਣੌਤੀ ਬੜੀ ਰਹਿੰਦੀ ਹੈ। ਤੁਹਾਨੂੰ ਲੈ ਕੇ ਵੀ ਬਹੁਤ ਚਰਚਾਵਾਂ ਹਨ। ਪੰਜਾਬ ਵਿਚ ਵੀ ਅਜਿਹੀਆਂ ਚਰਚਾਵਾਂ ਹੁੰਦੀਆਂ ਰਹਿੰਦੀਆਂ ਹਨ। ਪਾਰਟੀ ਕੀ ਕੰਮ ਕਰੇ ਕਿ ਅਜਿਹੀਆਂ ਚੁਣੌਤੀਆਂ ਤੋਂ ਪਾਰ ਪਾਇਆ ਜਾ ਸਕੇ?

-ਅਸੀਂ ਕਿਸੇ ਨਾਲ ਕੋਈ ਲੜਾਈ ਨਹੀਂ ਕਰਦੇ । ਮੈਨੂੰ ਮੇਰੀ ਪਾਰਟੀ ਵਿਚ ਬੋਲਣ ਦਾ ਅਧਿਕਾਰ ਹੈ। ਡੇਢ-ਦੋ ਸਾਲ ਪਹਿਲਾਂ ਮੈਂ ਇਹ ਕਿਹਾ ਕਿ ਰਾਜਸਥਾਨ ਵਿਚ ਅਸੀਂ ਪਾਰਟੀ ਨੂੰ ਰਿਪੀਟ ਕਿਵੇਂ ਕਰੀਏ। ਤੁਹਾਨੂੰ ਯਾਦ ਹੋਵੇਗਾ ਕਿ ਇਕ ਵਾਰ ਸਾਡੇ 150 ਵਿਧਾਇਕ ਸਨ। 5 ਸਾਲ ਬਾਅਦ 50 ਵਿਧਾਇਕ ਰਹਿ ਗਏ। ਫਿਰ ਦੁਬਾਰਾ ਸਰਕਾਰ ਬਣੀ ਤਾਂ ਸਾਡੇ 100 ਵਿਧਾਇਕ ਬਣੇ, ਫਿਰ 20 ਰਹਿ ਗਏ। ਅਸੀਂ ਦੁਬਾਰਾ ਆਪਣੇ ਆਪ ਨੂੰ ਰਿਪੀਟ ਕਿਵੇਂ ਕਰੀਏ, ਇਹ ਮੇਰੀ ਪਹਿਲ ਹੈ। ਇਹ ਸੁਝਾਅ ਮੈਂ ਪਾਰਟੀ ਨੂੰ, ਸੋਨੀਆ ਜੀ ਨੂੰ ਅਤੇ ਰਾਹੁਲ ਜੀ ਨੂੰ ਦਿੱਤੇ ਹਨ। ਉਨ੍ਹਾਂ ਨੇ ਕਮੇਟੀ ਬਣਾਈ ਹੈ ਅਤੇ ਹੁਣ ਅਸੀਂ ਲੋਕ ਠੀਕ ਦਿਸ਼ਾ ਵਿਚ ਕਦਮ ਚੁੱਕ ਰਹੇ ਹਾਂ। ਅਗਲੇ ਸਾਲ ਰਾਜਸਥਾਨ ਵਿਚ ਚੋਣਾਂ ਹਨ। ਆਪਸੀ ਫੁੱਟ ਕਿਸੇ ਵਿਚ ਨਹੀਂ ਹੈ, ਪਰ ਗੱਲਬਾਤ, ਚਰਚਾ ਅਤੇ ਮਸਲਿਆਂ ’ਤੇ ਆਪਣੀ ਗੱਲ ਨੂੰ ਰੱਖੋ, ਇਹੀ ਲੋਕਤੰਤਰ ਦੀ ਬਹੁਤ ਵੱਡੀ ਜ਼ਰੂਰਤ ਹੈ। ਹੁਣ ਤਾਨਾਸ਼ਾਹੀ ਨਹੀਂ ਹੈ ਕਿ ਇਕ ਬੰਦੇ ਦੇ ਕਹਿਣ ਨਾਲ ਸਭ ਲਾਈਨ ’ਤੇ ਚੱਲਣਗੇ। ਜੋ ਪਾਰਟੀ ਦਾ ਫ਼ੈਸਲਾ ਅੰਤ ਵਿਚ ਹੋ ਜਾਂਦਾ ਹੈ, ਉਸ ਦੇ ਨਾਲ ਫਿਰ ਸਭ ਲੋਕ ਖੜ੍ਹੇ ਰਹਿੰਦੇ ਹਨ।

Tanu

This news is Content Editor Tanu