ਸਬਰੀਮਾਲਾ ਵਿਵਾਦ : ਸੁਪਰੀਮ ਕੋਰਟ 'ਚ ਮੁੜ ਵਿਚਾਰ ਪਟੀਸ਼ਨਾਂ 'ਤੇ ਹੋਵੇਗੀ 13 ਨੂੰ ਸੁਣਵਾਈ

Tuesday, Oct 23, 2018 - 12:16 PM (IST)

ਨਵੀਂ ਦਿੱਲੀ (ਭਾਸ਼ਾ)— ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਉਹ ਕੇਰਲ ਦੇ ਸਬਰੀਮਾਲਾ ਮੰਦਰ ਵਿਚ ਹਰ ਉਮਰ ਵਰਗ ਦੀਆਂ ਔਰਤਾਂ ਦੀ ਐਂਟਰੀ ਦੀ ਆਗਿਆ ਦੇਣ ਸਬੰਧੀ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ 13 ਨਵੰਬਰ ਨੂੰ ਸੁਣਵਾਈ ਕਰੇਗਾ। ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਐੱਸ. ਕੇ. ਕੌਲ ਦੀ ਬੈਂਚ ਨੇ ਵਕੀਲ ਮੈਥਿਊਜ ਜੇ ਨੇਦੁ ਪਾਰਾ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਪਟੀਸ਼ਨਾਂ ਨੂੰ 13 ਨਵੰਬਰ ਤਕ ਲਈ ਸੂਚੀਬੱਧ ਕਰਨ ਸਬੰਧੀ ਹੁਕਮ ਪਾਸ ਕਰ ਦਿੱਤਾ ਹੈ। ਇੱਥੇ ਦੱਸ ਦੇਈਏ ਕਿ ਸਬਰੀਮਾਲਾ ਮੰਦਰ ਵਿਵਾਦ ਨੂੰ ਲੈ ਕੇ ਮੁੜ ਵਿਚਾਰ ਪਟੀਸ਼ਨਾਂ ਵਿਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਅਦਾਲਤ ਨੇ ਕਿਹਾ ਸੀ ਕਿ ਇਸ ਮਾਮਲੇ ਵਿਚ ਨੈਸ਼ਨਲ ਅਯੱਪਾ ਡਿਵੋਟੀਜ ਐਸੋਸੀਏਸ਼ਨ ਅਤੇ ਹੋਰਨਾਂ ਵਲੋਂ ਦਾਇਰ ਕੀਤੀਆਂ ਗਈਆਂ 19 ਮੁੜ ਵਿਚਾਰ ਪਟੀਸ਼ਨਾਂ ਪੈਂਡਿੰਗ ਹਨ, ਜਿਨ੍ਹਾਂ 'ਚ ਉਸ ਦੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ। 5 ਮੈਂਬਰੀ ਸੰਵਿਧਾਨਕ ਬੈਂਚ ਨੇ 4:1 ਦੇ ਅਨੁਪਾਤ ਨਾਲ ਦਿੱਤੇ ਗਏ ਆਪਣੇ ਫੈਸਲੇ 'ਚ ਕਿਹਾ ਸੀ ਕਿ ਕੇਰਲ ਦੇ ਸਬਰੀਮਾਲਾ ਮੰਦਰ ਵਿਚ ਵੀ ਹਰ ਉਮਰ ਵਰਗ ਦੀਆਂ ਔਰਤਾਂ ਨੂੰ ਐਂਟਰੀ ਦੀ ਆਗਿਆ ਦਿੱਤੀ ਜਾਵੇਗੀ। ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਵੀ ਕੇਰਲ ਦੇ ਸਬਰੀਮਾਲਾ ਮੰਦਰ ਵਿਚ ਔਰਤਾਂ ਦੀ ਐਂਟਰੀ ਨੂੰ ਲੈ ਕੇ ਭਾਰੀ ਵਿਰੋਧ ਪ੍ਰਦਰਸ਼ਨ ਚਲ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ 10 ਤੋਂ 50 ਸਾਲ ਦੀ ਉਮਰ ਦਰਮਿਆਨ ਦੀ ਕੋਈ ਵੀ ਔਰਤ ਮੰਦਰ ਵਿਚ ਐਂਟਰੀ ਨਹੀਂ ਕਰੇਗੀ। ਅਸੀਂ ਸਬਰੀਮਾਲਾ ਦੀ ਰੱਖਿਆ ਕਰ ਰਹੇ ਹਾਂ।


Related News