ਅੱਜ ਖੁੱਲ੍ਹਣਗੇ ਸਬਰੀਮਾਲਾ ਮੰਦਰ ਦੇ ਦੁਆਰ, ਕੀਤੇ ਗਏ ਸਖਤ ਸੁਰੱਖਿਆ ਦਾ ਪ੍ਰਬੰਧ

10/17/2018 8:55:30 AM

ਸਬਰੀਮਾਲਾ(ਏਜੰਸੀ)— ਕੇਰਲ ਦੇ ਸਬਰੀਮਾਲਾ ਮੰਦਰ ਦੇ ਦੁਆਰ ਅੱਜ ਭਾਵ ਬੁੱਧਵਾਰ ਨੂੰ ਖੁੱਲ੍ਹਣਗੇ, ਜਿਸ ਨੂੰ ਦੇਖਦਿਆਂ ਹੋਇਆਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਮਗਰੋਂ ਬੁੱਧਵਾਰ ਨੂੰ ਪਹਿਲੀ ਵਾਰ ਮੰਦਰ ਦੇ ਦੁਆਰ ਖੁੱਲ੍ਹਣ ਜਾ ਰਹੇ ਹਨ। ਅਦਾਲਤ ਮੁਤਾਬਕ ਹਰ ਉਮਰ ਦੀਆਂ ਔਰਤਾਂ ਮੰਦਰ 'ਚ ਜਾ ਸਕਦੀਆਂ ਹਨ, ਜਦਕਿ ਪਹਿਲਾਂ ਔਰਤਾਂ ਨੂੰ ਇਸ ਦੀ ਇਜਾਜ਼ਤ ਨਹੀਂ ਸੀ। ਮੰਗਲਵਾਰ ਨੂੰ ਇਥੇ ਕੁਝ ਔਰਤਾਂ ਨੂੰ ਸਬਰੀਮਾਲਾ ਮੰਦਰ ਅੰਦਰ ਜਾਣ ਤੋਂ ਰੋਕਿਆ ਗਿਆ, ਜਿਸ ਕਾਰਨ ਕੁਝ ਖਿਚਾਅ ਪੈਦਾ ਹੋ ਗਿਆ ਸੀ।


ਮਿਲੀਆਂ ਖਬਰਾਂ ਮੁਤਾਬਕ ਔਰਤਾਂ ਦਾ ਇਕ ਗਰੁੱਪ ਇਕ ਸਰਕਾਰੀ ਬੱਸ 'ਚ ਸਵਾਰ ਹੋ ਕੇ ਜਦੋਂ ਮੰਦਰ ਨੇੜਲੀ ਇਕ ਸੜਕ 'ਤੇ ਪੁੱਜਾ ਤਾਂ ਸ਼ਰਧਾਲੂਆਂ ਨੇ ਬੱਸ ਨੂੰ ਰੁਕਵਾ ਕੇ ਉਸ 'ਚ ਸਵਾਰ ਸਭ ਔਰਤਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਮੰਦਰ ਵੱਲ ਨਹੀਂ ਜਾਣ ਦਿੱਤਾ ਜਾਵੇਗਾ। ਇਨ੍ਹਾਂ 'ਚ ਦੋ ਕੁੜੀਆਂ ਵੀ ਸਨ। ਪੁਲਸ ਨੇ ਸ਼ਰਧਾਲੂਆਂ ਦੇ ਵਿਰੋਧ ਕਾਰਨ ਇਲਾਕੇ 'ਚ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਸਨ। ਬੁੱਧਵਾਰ ਸ਼ਾਮ ਨੂੰ ਇਸ ਮੰਦਰ ਦੇ ਖੁੱਲ੍ਹਣ ਨੂੰ ਧਿਆਨ 'ਚ ਰੱਖਦਿਆਂ ਸੈਂਕੜੇ ਲੋਕ ਧਰਨੇ ਦੇ ਰਹੇ ਹਨ ਅਤੇ ਵਿਖਾਵੇ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਪੰਜ ਦਿਨਾਂ ਦੀ ਪੂਜਾ ਮਗਰੋਂ ਇਹ ਮੰਦਰ 22 ਅਕਤੂਬਰ ਨੂੰ ਬੰਦ ਹੋਵੇਗਾ।