ਸਬਰੀਮਾਲਾ ਵਿਵਾਦ : ਹਿੰਦੂ ਮਹਿਲਾ ਨੇਤਾ ਦੀ ਗ੍ਰਿਫਤਾਰੀ ਦੇ ਵਿਰੋਧ ''ਚ ਕੇਰਲ ''ਚ ਹੜਤਾਲ

11/17/2018 11:47:56 AM

ਕੋਚੀ (ਭਾਸ਼ਾ)— ਭਗਵਾਨ ਅਯੱਪਾ ਸਵਾਮੀ ਦੇ ਦਰਸ਼ਨਾਂ ਲਈ ਸਬਰੀਮਾਲਾ ਮੰਦਰ ਜਾ ਰਹੀ ਸੰਘ ਪਰਿਵਾਰ ਦੀ ਸੀਨੀਅਰ ਨੇਤਾ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ ਸੱਜੇ-ਪੱਖੀ ਹਿੰਦੂ ਸੰਗਠਨਾਂ ਨੇ ਸ਼ਨੀਵਾਰ ਨੂੰ ਕੇਰਲ 'ਚ ਸਵੇਰ ਤੋਂ ਸ਼ਾਮ ਤਕ ਹੜਤਾਲ ਬੁਲਾਈ ਹੈ। ਵਿਸ਼ਵ ਹਿੰਦੂ ਪਰੀਸ਼ਦ ਦੇ ਪ੍ਰਧਾਨ ਐੱਸ. ਜੇ. ਆਰ. ਕੁਮਾਰ ਨੇ ਦੋਸ਼ ਲਾਇਆ ਹੈ ਕਿ ਹਿੰਦੂ ਏਕਯਾਵੇਦੀ ਪ੍ਰਦੇਸ਼ ਪ੍ਰਧਾਨ ਕੇ. ਪੀ. ਸ਼ਸ਼ੀਕਲਾ ਨੂੰ ਪੁਲਸ ਨੇ ਸਬਰੀਮਾਲਾ ਦੇ ਨੇੜੇ ਮਾਰਾਕੋਟਾਮ ਤੋਂ ਸ਼ੁੱਕਰਵਾਰ ਦੇਰ ਰਾਤ ਕਰੀਬ ਢਾਈ ਵਜੇ ਗ੍ਰਿਫਤਾਰ ਕੀਤਾ।



ਕੁਮਾਰ ਨੇ ਦੱਸਿਆ ਕਿ ਉਹ ਭਗਵਾਨ ਦੀ ਪੂਜਾ ਕਰਨ ਲਈ ਪੂਜਾ ਦੀ ਸਮੱਗਰੀ ਲੈ ਕੇ ਪਹਾੜੀ 'ਤੇ ਚੜ੍ਹ ਰਹੀ ਸੀ, ਉਸ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕੁਝ ਹੋਰ ਵਰਕਰਾਂ ਨੂੰ ਵੀ ਸਾਵਧਾਨੀ ਦੇ ਤੌਰ 'ਤੇ ਹਿਰਾਸਤ ਵਿਚ ਲਿਆ ਗਿਆ। ਹਿੰਦੂ ਪਰੀਸ਼ਦ ਨੇਤਾ ਨੇ ਕਿਹਾ ਕਿ ਹੜਤਾਲ ਦੌਰਾਨ ਜ਼ਰੂਰੀ ਸਹੂਲਤਾਂ ਅਤੇ ਅਯੱਪਾ ਸ਼ਰਧਾਲੂਆਂ ਦੇ ਵਾਹਨਾਂ ਨੂੰ ਨਹੀਂ ਰੋਕਿਆ ਜਾਵੇਗਾ। 

 

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵਲੋਂ ਅਯੱਪਾ ਸਵਾਮੀ ਦੇ ਦਰਸ਼ਨਾਂ ਲਈ ਹਰ ਉਮਰ ਦੀਆਂ ਔਰਤਾਂ ਨੂੰ ਐਂਟਰੀ ਦੇਣ ਦੀ ਆਗਿਆ ਦਿੱਤੇ ਜਾਣ ਮਗਰੋਂ ਮੰਦਰ ਤੀਜੀ ਵਾਰ ਖੁੱਲਿਆ ਹੈ। ਸ਼ਨੀਵਾਰ ਤੋਂ ਸ਼ੁਰੂ ਹੋ ਰਹੀ ਦੋ ਮਹੀਨੇ ਲੰਬੀ ਤੀਰਥ ਯਾਤਰਾ ਲਈ ਮੰਦਰ ਸ਼ੁੱਕਰਵਾਰ ਨੂੰ ਖੁੱਲ੍ਹਿਆ। ਇੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। 41 ਦਿਨਾਂ ਤਕ ਚੱਲਣ ਵਾਲਾ ਮੰਡਲਮ ਉਤਸਵ ਮੰਡਲਾ ਪੂਜਾ ਮਗਰੋਂ 27 ਦਸੰਬਰ ਨੂੰ ਸੰਪੰਨ ਹੋਵੇਗਾ, ਮੰਦਰ ਨੂੰ ਪੂਜਾ ਮਗਰੋਂ ਸ਼ਾਮ ਨੂੰ ਬੰਦ ਕਰ ਦਿੱਤਾ ਜਾਵੇਗਾ। ਇਹ 30 ਦਸੰਬਰ ਨੂੰ ਮਕਰਾਵਿਲਕੂ ਉਤਸਵ 'ਤੇ ਮੁੜ ਤੋਂ ਖੁੱਲ੍ਹੇਗਾ। ਮਕਰਾਵਿਲਰੂ ਉਤਸਵ 14 ਜਨਵਰੀ ਨੂੰ ਮਨਾਇਆ ਜਾਵੇਗਾ, ਜਿਸ ਤੋਂ ਬਾਅਦ ਮੰਦਰ 20 ਜਨਵਰੀ ਨੂੰ ਬੰਦ ਹੋ ਜਾਵੇਗਾ।