ਰਵਾਂਡਾ ਜਾਣ ਵਾਲੇ ਪਹਿਲੇ ਪੀ.ਐੱਮ. ਹੋਣਗੇ ਮੋਦੀ, ਦੇਣਗੇ ਇਹ ਖਾਸ ਤੋਹਫਾ

07/22/2018 12:15:45 PM

ਕਿਗਾਲੀ/ਨਵੀਂ ਦਿੱਲੀ (ਬਿਊਰੋ)— ਵਿਦੇਸ਼ ਮੰਤਰਾਲੇ ਨੇ ਐਲਾਨ ਜਾਰੀ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਦਿਨੀਂ ਦੌਰੇ 'ਤੇ (23 ਜੁਲਾਈ ਤੋਂ 27 ਜੁਲਾਈ) ਜਾ ਰਹੇ ਹਨ। ਇਸ ਦੌਰੇ ਦੌਰਾਨ ਉਹ ਰਵਾਂਡਾ, ਯੂਗਾਂਡਾ ਅਤੇ ਦੱਖਣੀ ਅਫਰੀਕਾ ਜਾਣਗੇ। ਦੱਖਣੀ ਅਫਰੀਕਾ ਦੇ ਦੌਰੇ ਦੌਰਾਨ ਪੀ.ਐੱਮ. ਮੋਦੀ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣਗੇ, ਜਿਸ ਵਿਚ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਸਮੇਤ ਕਈ ਗਲੋਬਲ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ। ਸਭ ਤੋਂ ਪਹਿਲਾਂ ਮੋਦੀ ਰਵਾਂਡਾ ਦੇਸ਼ ਦਾ ਦੌਰਾ ਕਰਨਗੇ। ਰਵਾਂਡਾ ਦੇਸ਼ ਦੇ ਦੌਰੇ ਦੌਰਾਨ ਉਹ ਮੇਜ਼ਬਾਨ ਦੇਸ਼ ਨੂੰ ਵਿਸ਼ੇਸ਼ ਤੋਹਫਾ ਦੇਣਗੇ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਰਵੇਰੂ ਮਾਡਲ ਪਿੰਡ ਦਾ ਦੌਰਾ ਕਰਨਗੇ ਅਤੇ 200 ਗਾਂਵਾਂ ਉੱਥੋਂ ਦੇ ਲੋਕਾਂ ਨੂੰ ਤੋਹਫੇ ਵਿਚ ਦੇਣਗੇ। ਇਹ ਪਿੰਡ ਰਵਾਂਡਾ ਦੇ ਪੂਰਬੀ ਰਾਜ ਵਿਚ ਸਥਿਤ ਹੈ। ਇਨ੍ਹਾਂ ਗਾਂਵਾਂ ਨੂੰ ਰਵਾਂਡਾ ਦੇ ਰਾਸ਼ਟਰਪਤੀ ਪੌਲ ਕਾਗਾਮੇ ਦੇ ਫਲੈਗਸ਼ਿਪ ਪ੍ਰੋਗਰਾਮ 'ਗਿਰਿੰਕਾ' ਵਿਚ ਯੋਗਦਾਨ ਦੇ ਤਹਿਤ ਦਿੱਤਾ ਜਾਵੇਗਾ। ਭਾਰਤ ਇਹ ਗਾਂਵਾਂ ਸਥਾਨਕ ਲੋਕਾਂ ਤੋਂ ਹੀ ਲਵੇਗਾ। ਭਾਰਤੀ ਅਧਿਕਾਰੀਆਂ ਮੁਤਾਬਕ ਗਾਂਵਾਂ ਨੂੰ ਸਥਾਨਕ ਵਾਤਵਰਣ ਵਿਚ ਰਹਿਣ ਲਈ ਤਿਆਰ ਕੀਤਾ ਗਿਆ ਹੈ। ਰਵਾਂਡਾ ਦੀਆਂ ਸੀਮਾਵਾਂ ਸਮੁੰਦਰੀ ਤੱਟ ਨਾਲ ਨਹੀਂ ਲੱਗਦੀਆਂ ਹਨ। 'ਗਿਰਿੰਕਾ' ਗਰੀਬੀ ਦੇ ਖਾਤਮੇ ਲਈ ਰਵਾਂਡਾ ਦੀ ਸਰਕਾਰ ਦਾ ਇਕ ਮਹੱਤਵਪੂਰਣ ਪ੍ਰੋਗਰਾਮ ਹੈ। ਇਸ ਸ਼ਬਦ ਦਾ ਅਰਥ ਹੈ 'ਇਕ ਗਾਂ ਰੱਖੋ'। ਰਵਾਂਡਾ ਦੀ ਸਰਕਾਰ ਨੇ ਸਾਲ 2006 ਵਿਚ 'ਇਕ ਗਰੀਬ ਪਰਿਵਾਰ ਲਈ ਇਕ ਗਾਂ' ਯੋਜਨਾ ਲਾਂਚ ਕੀਤੀ ਹੈ। ਇਸ ਯੋਜਨਾ ਜ਼ਰੀਏ ਕਈ ਪਰਿਵਾਰ ਗਰੀਬੀ ਦੇ ਚੱਕਰ ਵਿਚੋਂ ਬਾਹਰ ਨਿਕਲੇ ਹਨ। 
ਰਵਾਂਡਾ ਸਰਕਾਰ ਦਾ ਦਾਅਵਾ ਹੈ ਕਿ ਇਸ ਯੋਜਨਾ ਨਾਲ ਹੁਣ ਤੱਕ 3.5 ਲੱਖ ਪਰਿਵਾਰਾਂ ਨੂੰ ਲਾਭ ਪਹੁੰਚਿਆ ਹੈ। ਸਮਾਜਿਕ ਮਹੱਤਵ ਦੇ ਇਸ ਪ੍ਰੋਗਰਾਮ ਦੀ ਨਿਗਰਾਨੀ ਰਾਸ਼ਟਰਪਤੀ ਪੌਲ ਕਾਗਾਮੇ ਖੁਦ ਕਰਦੇ ਹਨ। ਇਸ ਯੋਜਨਾ ਦੇ ਤਹਿਤ ਇਕ ਪਰਿਵਾਰ ਨੂੰ ਇਕ ਗਾਂ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਇਸ ਮਗਰੋਂ ਉਹ ਪਰਿਵਾਰ ਇਸ ਗਾਂ ਤੋਂ ਪੈਦਾ ਹਈ ਮਾਦਾ ਵੱਛੀ ਨੂੰ ਆਪਣੇ ਗੁਆਂਢੀ ਨੂੰ ਬਤੌਰ ਤੋਹਫੇ ਵਜੋਂ ਦਿੰਦਾ ਹੈ। ਇਸ ਯੋਜਨਾ ਦਾ ਉਦੇਸ਼ ਆਰਥਿਕ ਖੁਸ਼ਹਾਲੀ ਦੇ ਨਾਲ-ਨਾਲ ਭਾਈਚਾਰਾ ਅਤੇ ਪਿਆਰ ਵਧਾਉਣਾ ਵੀ ਹੈ। ਇਸ ਯੋਜਨਾ 'ਤੇ ਕੰਮ ਕਰਨ ਵਾਲੇ ਵਿਦੇਸ਼ ਮੰਤਰਾਲੇ ਦੇ ਸਕੱਤਰ ਟੀ.ਐੱਸ. ਤਿਰੂਮੂਰਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਪ੍ਰੋਗਰਾਮ ਪੀ.ਐੱਮ. ਦੀ ਯਾਤਰਾ ਦਾ ਖਾਸ ਹਿੱਸਾ ਹੈ। ਗਾਂ ਨੂੰ ਤੋਹਫੇ ਵਿਚ ਦੇਣ ਦਾ ਰਿਵਾਜ ਰਵਾਂਡਾ ਵਿਚ ਸਦੀਆਂ ਪੁਰਾਣਾ ਹੈ। ਇਸ ਯਾਤਰਾ ਵਿਚ ਪੀ.ਐੱਮ. ਮੋਦੀ ਕਿਗਾਲੀ ਕਤਲੇਆਮ ਮੈਮੋਰੀਅਲ ਵੀ ਜਾਣਗੇ। ਇੱਥੇ ਉਹ ਰਵਾਂਡਾ ਦੀ ਜਨਤਾ ਦਾ ਸ਼ੁਕਰੀਆ ਅਦਾ ਕਰਨਗੇ।