ਓਮਾਨ 'ਚ ਸਜ਼ਾ ਭੁਗਤ ਰਹੇ 17 ਭਾਰਤੀਆਂ ਨੂੰ ਮਿਲੀ 'ਸ਼ਾਹੀ ਮੁਆਫੀ'

06/13/2019 11:21:59 AM

ਨਵੀਂ ਦਿੱਲੀ/ ਮਾਸਕਟ— ਓਮਾਨ ਦੇ ਸੁਲਤਾਨ ਕਬੂਸ ਨੇ ਉਨ੍ਹਾਂ ਦੇ ਦੇਸ਼ 'ਚ ਸਜ਼ਾ ਭੁਗਤ ਰਹੇ 17 ਭਾਰਤੀਆਂ ਨੂੰ ਈਦ ਦੇ ਮੌਕੇ 'ਤੇ 'ਸ਼ਾਹੀ ਮੁਆਫੀ' ਦਿੱਤੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕੀਤਾ,''ਅਸੀਂ ਈਦ-ਉਲ-ਫਿਤਰ ਦੇ ਮੌਕੇ 'ਤੇ ਓਮਾਨ ਦੇ ਮਾਣਯੋਗ ਸੁਲਤਾਨ ਕਬੂਸ ਵਲੋਂ ਦਿਖਾਈ ਗਈ ਇਸ ਰਹਿਮਦਿਲੀ ਦੀ ਸਰਾਹਨਾ ਕਰਦੇ ਹਾਂ।''

ਓਮਾਨ 'ਚ ਭਾਰਤੀ ਅੰਬੈਸੀ ਨੇ ਦੱਸਿਆ ਕਿ ਸੁਲਤਾਨ ਕਬੂਸ ਨੇ ਓਮਾਨ 'ਚ ਸਜ਼ਾ ਭੁਗਤ ਰਹੇ 17 ਭਾਰਤੀਆਂ ਨੂੰ ਈਦ ਮੌਕੇ 'ਸ਼ਾਹੀ ਮੁਆਫੀ' ਦਿੱਤੀ ਹੈ। ਅੰਬੈਸੀ ਨੇ ਟਵੀਟ ਕੀਤਾ,''ਭਾਰਤ ਸਰਕਾਰ ਇਕ ਮਿੱਤਰ ਦੇਸ਼ ਵਲੋਂ ਦਿਖਾਈ ਗਈ ਇਸ ਰਹਿਮ ਦੀ ਭਾਵਨਾ ਦੀ ਸਿਫਤ ਕਰਦੀ ਹੈ।'' ਤੁਹਾਨੂੰ ਦੱਸ ਦਈਏ ਕਿ ਵਿਸ਼ਵ ਭਰ 'ਚ ਪਿਛਲੇ ਹਫਤੇ ਈਦ ਮਨਾਈ ਗਈ ਸੀ। 
ਜ਼ਿਕਰਯੋਗ ਹੈ ਕਿ ਸਾਲ 2017 'ਚ ਸੁਲਤਾਨ ਨੇ 190 ਕੈਦੀਆਂ ਨੂੰ ਆਪਣੇ ਪਰਿਵਾਰ ਵਾਲਿਆਂ ਨਾਲ ਈਦ ਮਨਾਉਣ ਦੀ ਇਜਾਜ਼ਤ ਦਿੱਤੀ ਸੀ। ਇਨ੍ਹਾਂ 'ਚੋਂ 92 ਵਿਦੇਸ਼ੀ ਕੈਦੀ ਸਨ। ਉਸ ਸਮੇਂ ਵੀ ਸੁਲਤਾਨ ਵਲੋਂ ਕੀਤੇ ਗਏ ਇਸ ਫੈਸਲੇ ਦੀ ਕਾਫੀ ਸਿਫਤ ਹੋਈ ਸੀ।