ਰੋਟੋਮੈਕ ਕਰਜ਼ਾ ਘਪਲਾ : ਵਿਕਰਮ ਤੇ ਰਾਹੁਲ ਕੋਠਾਰੀ ਗ੍ਰਿਫਤਾਰ

02/23/2018 5:20:34 AM

ਨਵੀਂ ਦਿੱਲੀ - ਪੀ. ਐੱਨ. ਬੀ. ਘਪਲੇ ਪਿੱਛੋਂ ਚਰਚਾ ਵਿਚ ਆਏ ਰੋਟੋਮੈਟ ਕਰਜ਼ਾ ਘਪਲੇ ਵਿਚ ਵੱਡੀ ਕਾਰਵਾਈ ਕਰਦਿਆਂ ਸੀ. ਬੀ. ਆਈ. ਨੇ ਰੋਟੋਮੈਕ ਕੰਪਨੀ ਦੇ ਪ੍ਰਮੋਟਰ ਵਿਕਰਮ ਕੋਠਾਰੀ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਨੂੰ ਵੀਰਵਾਰ ਗ੍ਰਿਫਤਾਰ ਕਰ ਲਿਆ। ਦਿੱਲੀ ਵਿਚ 4 ਦਿਨ ਦੀ  ਪੁੱਛਗਿਛ ਪਿੱਛੋਂ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕੋਠਾਰੀ 'ਤੇ 3700 ਕਰੋੜ ਰੁਪਏ ਦੀ ਧੋਖਾਦੇਹੀ ਕਰਨ ਦਾ ਦੋਸ਼ ਹੈ।
ਇਸ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕੋਠਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ  ਜ਼ਮੀਨ, ਸਮੁੰਦਰ ਅਤੇ ਹਵਾਈ ਰਸਤੇ ਰਾਹੀਂ ਭਾਰਤ ਛੱਡਣ 'ਤੇ ਰੋਕ ਲਾ ਦਿੱਤੀ ਸੀ। ਸੀ. ਬੀ. ਆਈ. ਨੇ ਕੋਠਾਰੀ ਦੇ ਕਈ ਟਿਕਾਣਿਆਂ 'ਤੇ ਵੀ ਛਾਪੇ ਮਾਰੇ। ਉਸ ਦੇ ਘਰ, ਦਫਤਰ, ਪਰਿਵਾਰ ਦੇ ਬੈਂਕ ਲਾਕਰਾਂ ਅਤੇ ਕੋਟਕ ਮਹਿੰਦਰਾ ਬੈਂਕ ਦੇ ਖਾਤਿਆਂ ਦੀ ਵੀ ਜਾਂਚ-ਪੜਤਾਲ ਕੀਤੀ ਗਈ। ਈ. ਡੀ. ਨੇ ਮਨੀ ਲਾਂਡਰਿੰਗ ਦਾ ਮਾਮਲਾ ਵੀ ਦਰਜ ਕੀਤਾ ਹੈ।