ਅਜੀਤ ਸਿੰਘ ਦੇ ਦਿਹਾਂਤ ’ਤੇ ਸਿਆਸੀ ਗਲਿਆਰੇ ’ਚ ਸੋਗ, ਮੋਦੀ ਬੋਲੇ- ‘ਉਹ ਹਮੇਸ਼ਾ ਕਿਸਾਨਾਂ ਦੇ ਹਿੱਤ ’ਚ ਸਮਰਪਿਤ ਰਹੇ’

05/06/2021 12:05:08 PM

ਨਵੀਂ ਦਿੱਲੀ— ਰਾਸ਼ਟਰੀ ਲੋਕ ਦਲ ਦੇ ਮੁਖੀ ਅਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦਾ ਵੀਰਵਾਰ ਯਾਨੀ ਕਿ ਅੱਜ ਸਵੇਰੇ ਕੋਰੋਨਾ ਲਾਗ ਕਾਰਨ ਦਿਹਾਂਤ ਹੋ ਗਿਆ। ਉਹ ਹਰਿਆਣਾ ’ਚ ਗੁਰੂਗ੍ਰਾਮ ਦੇ ਇਕ ਪ੍ਰਾਈਵੇਟ ਹਸਪਤਾਲ ਦੇ ਆਈ. ਸੀ. ਯੂ. ’ਚ ਸਨ। ਉਨ੍ਹਾਂ ਦੇ ਫੇਫੜਿਆਂ ਵਿਚ ਇਨਫੈਕਸ਼ਨ ਸੀ। ਅਜੀਤ ਸਿੰਘ ਦੇ ਦਿਹਾਂਤ ਤੋਂ ਬਾਅਦ ਸਿਆਸੀ ਗਲਿਆਰੇ ’ਚ ਸੋਗ ਦੀ ਲਹਿਰ ਹੈ। ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਪੁੱਤਰ ਅਤੇ ਪੱਛਮੀ-ਉੱਤਰ ਪ੍ਰਦੇਸ਼ ਦੇ ਪ੍ਰਮੁੱਖ ਨੇਤਾ ਮੰਨੇ ਜਾਣ ਵਾਲੇ ਚੌਧਰੀ ਅਜੀਤ ਸਿੰਘ ਕਿਸਾਨਾਂ ਦੀ ਆਵਾਜ਼ ਮੰਨੇ ਜਾਂਦੇ ਸਨ। ਉਨ੍ਹਾਂ ਦਾ ਜਨਮ 12 ਫਰਵਰੀ 1939 ਨੂੰ ਹੋਇਆ ਸੀ। ਅਜੀਤ ਸਿੰਘ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਡਾ. ਮਨਮੋਹਨ ਸਿੰਘ ਅਤੇ ਪੀ. ਵੀ. ਨਰਸਿੰਘ ਰਾਵ ਦੀਆਂ ਸਰਕਾਰਾਂ ਵਿਚ ਕੇਂਦਰੀ ਮੰਤਰੀ ਰਹੇ। 

ਇਹ ਵੀ ਪੜ੍ਹੋ: ਕਿਸਾਨਾਂ ਦੇ ਮਸੀਹਾ RLD ਮੁਖੀ ਚੌਧਰੀ ਅਜੀਤ ਸਿੰਘ ਦਾ ਕੋਰੋਨਾ ਨਾਲ ਦਿਹਾਂਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦਿਹਾਂਤ ’ਤੇ ਸ਼ਰਧਾਂਜਲੀ ਭੇਟ ਕਰਦਿਆਂ ਲਿਖਿਆ ਕਿ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਜੀ ਦੇ ਦਿਹਾਂਤ ਤੋਂ ਬਹੁਤ ਦੁੱਖ ਹੋਇਆ ਹੈ। ਉਹ ਹਮੇਸ਼ਾ ਕਿਸਾਨਾਂ ਦੇ ਹਿੱਤ ’ਚ ਸਮਰਪਿਤ ਰਹੇ। ਉਨ੍ਹਾਂ ਨੇ ਕੇਂਦਰ ਵਿਚ ਕਈ ਮਹਿਕਮਿਆਂ ਦੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਨਿਸ਼ਚਾ ਨਾਲ ਨਿਭਾਇਆ। ਸੋਗ ਦੀ ਇਸ ਘੜੀ ’ਚ ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹੈ। 

ਕਿਸਾਨ ਵਰਗ ਨੇ ਸੱਚਾ ਮਸੀਹਾ ਗੁਆਇਆ—
ਓਧਰ ਕਾਂਗਰਸ ਨੇ ਟਵੀਟ ਕੀਤਾ। ਸੋਨੀਆ ਗਾਂਧੀ ਨੇ ਅਜੀਤ ਸਿੰਘ ਦੇ ਦਿਹਾਂਤ ’ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਸੋਨੀਆ ਨੇ ਕਿਹਾ ਕਿ ਕਿਸਾਨ ਵਰਗ ਨੇ ਇਕ ਸੱਚਾ ਮਸੀਹਾ ਗੁਆ ਦਿੱਤਾ। ਕਿਸਾਨਾਂ ਲਈ ਉਨ੍ਹਾਂ ਦਾ ਸੰਘਰਸ਼ ਅਤੇ ਖੇਤੀ ਲਈ ਵਿਸ਼ੇਸ਼ ਯੋਗਦਾਨ ਦੇਸ਼ ਸਦਾ ਯਾਦ ਰੱਖੇਗਾ। ਨਿਮਰਤਾਪੂਰਵਕ ਸ਼ਰਧਾਂਜਲੀ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਰਾਸ਼ਟਰੀ ਲੋਕ ਦਲ ਮੁਖੀ ਅਜੀਤ ਸਿੰਘ ਜੀ ਦੇ ਅਚਾਨਕ ਦਿਹਾਂਤ ਦਾ ਸਮਾਚਾਰ ਦੁਖ਼ਦ ਹੈ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਹਮਦਰਦੀ। 

ਸਮਾਚਾਰ ਦੁਖ਼ਦ- ਰਾਜਨਾਥ ਸਿੰਘ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਚੌਧਰੀ ਅਜੀਤ ਸਿੰਘ ਦੇ ਦਿਹਾਂਤ ਦਾ ਸਮਾਚਾਰ ਬੇਹੱਦ ਦੁਖ਼ਦ ਹੈ। ਆਪਣੀ ਜ਼ਿੰਦਗੀ ਵਿਚ ਉਹ ਹਮੇਸ਼ਾ ਜਨਤਾ ਅਤੇ ਜ਼ਮੀਨ ਨਾਲ ਜੁੜੇ ਰਹੇ। ਨਾਲ ਹੀ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਕਮਜ਼ੋਰ ਵਰਗ ਦੇ ਹਿੱਤਾਂ ਲਈ ਸੰਘਰਸ਼ ਵੀ ਕਰਦੇ ਰਹੇ। ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਪ੍ਰਤੀ ਮੇਰੀ ਹਮਦਰਦੀ। 

ਅਜੀਤ ਸਿੰਘ ਦਾ ਦਿਹਾਂਤ ਅਤਿਅੰਤ ਦੁਖ਼ਦ-ਯੋਗੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦੁੱਖ ਜ਼ਾਹਰ ਕਰਦੇ ਹੋਏ ਟਵੀਟ ਕੀਤਾ। ਸਾਬਕਾ ਕੇਂਦਰੀ ਮੰਤਰੀ ਅਤੇ ਜੁਝਾਰੂ ਨੇਤਾ ਚੌਧਰੀ ਅਜੀਤ ਸਿੰਘ ਜੀ ਦਾ ਦਿਹਾਂਤ ਅਤਿਅੰਤ ਦੁਖ਼ਦ ਹੈ। ਉਨ੍ਹਾਂ ਨੂੰ ਸ਼ਰਧਾਪੂਰਵਕ ਸ਼ਰਧਾਂਜਲੀ। ਭਗਵਾਨ ਸ਼੍ਰੀਰਾਮ ਨੂੰ ਪ੍ਰਾਰਥਨਾ ਹੈ ਕਿ ਮਰਹੂਮ ਆਤਮਾ ਨੂੰ ਆਪਣੇ ਪਰਮ ਧਾਮ ਵਿਚ ਸਥਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਹ ਅਥਾਹ ਦੁੱਖ ਸਹਿਣ ਦੀ ਸ਼ਕਤੀ ਪ੍ਰਦਾਨ ਕਰੇ। 

Tanu

This news is Content Editor Tanu