ਨਿਤੀਸ਼ ਵੱਲੋਂ ਅਸਤੀਫਾ, ਫਿਰ ਭਾਜਪਾ ਦੇ ਨਾਲ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼

Thursday, Jul 27, 2017 - 03:14 AM (IST)

ਪਟਨਾ— ਬਿਹਾਰ ਦੀ ਸਿਆਸਤ 'ਚ ਬੁੱਧਵਾਰ ਨੂੰ ਉਦੋਂ ਸਿਆਸੀ ਭੂਚਾਲ ਆ ਗਿਆ ਜਦੋਂ ਨਿਤੀਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਜਦ (ਯੂ) ਦੀ ਬੈਠਕ ਮਗਰੋਂ ਨਿਤੀਸ਼ ਨੇ ਰਾਜ ਭਵਨ ਜਾ ਕੇ ਕੇਸਰੀਨਾਥ ਤ੍ਰਿਪਾਠੀ ਨੂੰ ਆਪਣਾ ਅਸਤੀਫਾ ਸੌਂਪਿਆ। ਅਸਤੀਫਾ ਦੇਣ ਮਗਰੋਂ ਰਾਜ ਭਵਨ ਵਿਚੋਂ ਬਾਹਰ ਨਿਕਲ ਕੇ ਉਨ੍ਹਾਂ ਨੇ ਅਸਤੀਫਾ ਦੇਣ ਦਾ ਕਾਰਨ ਦੱਸਿਆ। 
ਮੈਂ ਰਾਜਪਾਲ ਨੂੰ ਮਿਲ ਕੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਅਸੀਂ 20 ਮਹੀਨਿਆਂ ਵਿਚ ਗਠਜੋੜ ਦੀ ਸਰਕਾਰ ਚਲਾਈ ਹੈ। ਸਾਡੇ ਲਈ  ਜਿੰਨਾ ਸੰਭਵ ਹੋ ਸਕਿਆ, ਓਨਾ ਗਠਜੋੜ ਧਰਮ ਨੂੰ ਨਿਭਾਇਆ। ਅਸੀਂ ਚੋਣਾਂ ਦੌਰਾਨ ਜਨਤਾ ਨਾਲ ਜੋ ਵਾਅਦੇ ਕੀਤੇ, ਜਿੰਨਾ ਕੁ ਸੰਭਵ ਹੋ ਸਕਿਆ, ਅਸੀਂ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਲਗਾਤਾਰ ਬਿਹਾਰ ਲਈ ਕੰਮ ਕੀਤਾ। ਬਿਹਾਰ ਵਿਚ ਸ਼ਰਾਬਬੰਦੀ ਵਰਗਾ ਸਮਾਜਿਕ ਫੈਸਲਾ ਕੀਤਾ। ਪਿਛਲੀ ਸਰਕਾਰ ਵਿਚ ਵਿਕਾਸ ਵਿਚ ਜੋ ਕਾਰਜ ਚੱਲ ਰਹੇ ਸਨ, ਉਨ੍ਹਾਂ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ।
ਵਿਰੋਧੀ ਧਿਰ ਏਕਤਾ 'ਤੇ ਨਿਤੀਸ਼ ਨੇ ਕਿਹਾ ਕਿ ਅਸੀਂ ਵਿਰੋਧੀ ਧਿਰ ਏਕਤਾ ਦੇ ਨਾਲ ਹਾਂ ਪਰ ਕੋਈ ਏਜੰਡਾ ਤਾਂ ਹੋਵੇ। ਰਾਸ਼ਟਰਪਤੀ ਚੋਣਾਂ ਵਿਚ ਅਸੀਂ ਰਾਮਨਾਥ ਕੋਵਿੰਦ ਦਾ ਸਮਰਥਨ ਕੀਤਾ। ਉਹ ਬਿਹਾਰ ਦੇ ਰਾਜਪਾਲ ਰਹੇ ਹਨ। ਇਸ ਦੇ ਮਗਰੋਂ ਸਾਡੇ ਉੱਪਰ ਪਤਾ ਨਹੀਂ ਕੀ-ਕੀ ਦੋਸ਼ ਲਗਾਏ ਗਏ। ਸਾਡੀ ਅਤੇ ਉਨ੍ਹਾਂ ਦੀ ਸੋਚ ਦਾ ਘੇਰਾ ਵੀ ਵੱਖਰਾ ਹੈ ਅਤੇ ਇਸ ਲਈ ਮੈਂ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣੀ ਅਤੇ ਆਪਣਾ ਅਸਤੀਫਾ ਦੇ ਦਿੱਤਾ। ਅਸੀਂ ਕੋਈ ਵਿਵਾਦ ਨਹੀਂ ਕਰਨਾ ਚਾਹੁੰਦੇ ਪਰ ਜਦੋਂ ਕੋਈ ਰਸਤਾ ਨਾ ਨਿਕਲਿਆ ਤਾਂ ਅਜਿਹਾ ਕਰਨਾ ਪਿਆ ਹੈ।
ਦੇਰ ਰਾਤ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਵਿਧਾਇਕ ਦਲ ਦੇ ਨੇਤਾ ਨਿਤੀਸ਼  ਕੁਮਾਰ ਨੇ ਅੱਜ ਰਾਜਪਾਲ ਕੇਸ਼ਰੀਨਾਥ ਤ੍ਰਿਪਾਠੀ ਨੂੰ ਮਿਲ  ਕੇ ਬਿਹਾਰ ਵਿਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਨਿਤੀਸ਼ ਇਥੇ ਰਾਜਗ ਦੀ ਸਹਿਯੋਗੀ ਭਾਜਪਾ ਵਿਧਾਨ ਮੰਡਲ ਦਲ ਦੇ ਨੇਤਾ ਸੁਸ਼ੀਲ ਕੁਮਾਰ ਮੋਦੀ, ਭਾਜਪਾ ਦੇ ਸੀਨੀਅਰ ਨੇਤਾ ਨੰਦ ਕਿਸ਼ੋਰ ਯਾਦਵ ਤੇ ਡਾ. ਪ੍ਰੇਮ ਕੁਮਾਰ ਅਤੇ ਹਿੰਦੋਸਤਾਨੀ ਆਵਾਮੀ ਮੋਰਚਾ (ਹਮ) ਦੇ ਪ੍ਰਧਾਨ ਜੀਤਨਰਾਮ ਮਾਂਝੀ ਸਣੇ ਸਹਿਯੋਗੀ ਪਾਰਟੀ ਦੇ ਵਿਧਾਇਕਾਂ ਨਾਲ ਰਾਜ ਭਵਨ ਪਹੁੰਚੇ। ਨਿਤੀਸ਼ ਅੱਜ ਸਵੇਰੇ 10 ਵਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।

ਨਿਤੀਸ਼ ਕਤਲ ਦਾ ਦੋਸ਼ੀ, ਕੋਈ ਹੋਰ ਬਣੇ ਮੁੱਖ ਮੰਤਰੀ : ਲਾਲੂ
ਨਿਤੀਸ਼ ਕੁਮਾਰ ਦੇ ਅਸਤੀਫੇ ਪਿੱਛੋਂ ਬੌਖਲਾਏ ਹੋਏ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਉਨ੍ਹਾਂ ਨੂੰ ਲੰਬੇ ਹੱਥੀਂ ਲੈਂਦਿਆਂ ਉਨਾਂ 'ਤੇ ਦੋਸ਼ਾਂ ਦੀ ਝੜੀ ਲਾ ਦਿੱਤੀ। ਉਨ੍ਹਾਂ ਨਿਤੀਸ਼ 'ਤੇ ਗੱਲ ਤੋਂ ਪਲਟਣ ਦਾ ਦੋਸ਼ ਲਾਉਂਦੇ ਹੋਏ ਇਕ ਵਾਰ ਮੁੜ ਆਪਣੇ ਪੁੱਤਰ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਲਾਲੂ ਨੇ ਕਿਹਾ ਕਿ ਤੇਜਸਵੀ ਯਾਦਵ 'ਤੇ ਲੱਗੇ ਦੋਸ਼ਾਂ ਵਿਚ ਕੋਈ ਸੱਚਾਈ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਨਿਤੀਸ਼ ਕੁਮਾਰ 'ਤੇ ਕਤਲ ਦਾ ਦੋਸ਼  ਹੈ। ਨਿਤੀਸ਼ ਨੇ ਚੋਣ ਕਮਿਸ਼ਨ ਨੂੰ ਦਿੱਤੇ ਆਪਣੇ ਹਲਫਨਾਮੇ ਵਿਚ ਇਸ ਗੱਲ ਨੂੰ ਮੰਨਿਆ ਹੈ ਕਿ ਉਨ੍ਹਾਂ ਉੱਪਰ ਆਈ. ਪੀ. ਸੀ. ਦੀ ਧਾਰਾ 302, 310 ਅਤੇ 307 ਦਾ ਕੇਸ ਚੱਲ ਰਿਹਾ ਹੈ। ਧਾਰਾ 302 ਵਿਚ ਫਾਂਸੀ ਜਾਂ ਉਮਰ ਕੈਦ ਦੀ ਸਜ਼ਾ ਹੁੰਦੀ ਹੈ। ਅੱਤਿਆਚਾਰ ਦਾ ਕੇਸ ਕਥਿਤ ਭ੍ਰਿਸ਼ਟਾਚਾਰ ਤੋਂ ਵੀ ਵੱਡਾ ਹੁੰਦਾ ਹੈ। ਇਸ ਲਈ ਨਿਤੀਸ਼ ਦੀ ਥਾਂ 'ਤੇ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸਤੀਫੇ ਦਾ ਨਾਟਕ ਪਹਿਲਾਂ ਤੋਂ ਹੀ ਸੈੱਟ ਸੀ। ਲਾਲੂ ਨੇ ਕਿਹਾ ਕਿ ਨਿਤੀਸ਼ ਨੇ ਤੇਜਸਵੀ ਯਾਦਵ ਕੋਲੋਂ ਕੋਈ ਅਸਤੀਫਾ ਨਹੀਂ ਮੰਗਿਆ ਸੀ ਪਰ ਉਹ ਆਪਣੀ ਗੱਲ ਤੋਂ ਪਲਟ ਗਏ। ਉਨ੍ਹਾਂ ਕਿਹਾ ਕਿ ਉਹ ਮਿੱਟੀ ਵਿਚ ਮਿਲ ਜਾਣਗੇ ਪਰ ਭਾਜਪਾ ਵਿਚ ਨਹੀਂ ਜਾਣਗੇ।

ਨਿਤੀਸ਼ ਨੂੰ ਮੋਦੀ ਨੇ ਦਿੱਤੀ ਵਧਾਈ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਅਸਤੀਫੇ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਵਿਚ ਉਨ੍ਹਾਂ ਦੇ ਸ਼ਾਮਲ ਹੋਣ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਦੀ ਇਮਾਨਦਾਰੀ ਦੀ ਹਮਾਇਤ ਕਰਦਾ ਹੈ।
ਮੋਦੀ ਨੇ ਟਵੀਟ ਕੀਤਾ, ''ਭ੍ਰਿਸ਼ਟਾਚਾਰ ਵਿਰੁੱਧ ਲੜਾਈ ਵਿਚ ਸ਼ਾਮਲ ਹੋਣ ਲਈ ਨਿਤੀਸ਼ ਕੁਮਾਰ ਨੂੰ ਵਧਾਈ। 125 ਕਰੋੜ ਲੋਕ ਉਨ੍ਹਾਂ ਦੀ ਇਮਾਨਦਾਰੀ ਦਾ ਸਵਾਗਤ ਤੇ ਹਮਾਇਤ ਕਰਦੇ ਹਨ। ਪ੍ਰਧਾਨ ਮੰਤਰੀ ਦੀ ਇਸ ਵਧਾਈ ਨੂੰ ਆਪਣੇ ਸਾਬਕਾ ਸਹਿਯੋਗੀ ਨਾਲ ਮੁੜ ਤੋਂ ਮੇਲ-ਮਿਲਾਪ ਵਜੋਂ ਦੇਖਿਆ ਜਾ ਸਕਦਾ ਹੈ। ਜਨਤਾ ਦਲ (ਯੂ) ਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਮੋਦੀ ਨੂੰ ਭਗਵਾ ਪਾਰਟੀ ਦੀ ਪ੍ਰਚਾਰ ਕਮੇਟੀ ਦਾ ਮੁਖੀ ਚੁਣੇ ਜਾਣ ਪਿੱਛੋਂ ਭਾਜਪਾ ਨਾਲੋਂ 17 ਸਾਲ ਪੁਰਾਣਾ ਆਪਣਾ ਨਾਤਾ ਤੋੜ ਲਿਆ ਸੀ।

ਰਾਹੁਲ ਨਾਲ ਵੀ ਕੀਤੀ ਗੱਲਬਾਤ
ਨਿਤੀਸ਼ ਕੁਮਾਰ ਨੇ ਕਿਹਾ ਕਿ ਅਸੀਂ ਆਪਣੀ ਸਿਆਸਤ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ। ਮੇਰੇ ਮਨ ਵਿਚ ਬਹੁਤ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀ ਕਿ ਕੋਈ ਰਾਹ ਲੱਭਿਆ ਜਾਵੇ। ਰਾਹੁਲ ਨਾਲ ਵੀ ਮੇਰੀ ਗੱਲਬਾਤ ਹੋਈ। ਬਿਹਾਰ ਕਾਂਗਰਸ ਦੇ ਆਗੂਆਂ ਨਾਲ ਵੀ ਵਿਚਾਰ-ਵਟਾਂਦਰਾ ਹੋਇਆ।

ਸਟੀਕ ਨਿਕਲਿਆ ਜਗ ਬਾਣੀ ਦਾ ਜਾਇਜ਼ਾ
ਨਵੀਂ ਦਿੱਲੀ, (ਵਿਸ਼ੇਸ਼)¸ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਲੈ ਕੇ 'ਜਗ ਬਾਣੀ' ਦਾ ਜਾਇਜ਼ਾ ਸਟੀਕ ਸਾਬਤ ਹੋਇਆ ਹੈ। ਜਗ ਬਾਣੀ ਵੈੱਬਸਾਈਟ ਨੇ 10 ਜੁਲਾਈ ਨੂੰ ਹੀ ਨਿਤੀਸ਼ ਦੇ ਅਸਤੀਫੇ ਦੀ ਭਵਿੱਖਬਾਣੀ ਕਰ ਦਿੱਤੀ ਸੀ। ਬਿਹਾਰ ਦੇ ਸਿਆਸੀ ਹਾਲਾਤ ਅਤੇ ਨਿਤੀਸ਼ ਦੀ ਦਿੱਖ ਤੇ ਭਾਜਪਾ ਨਾਲ ਉਨ੍ਹਾਂ ਦੀ ਵਧ ਰਹੀ ਨੇੜਤਾ ਦੇ ਆਧਾਰ 'ਤੇ ਕੀਤੇ ਗਏ ਜਾਇਜ਼ੇ ਵਿਚ ਅਸੀਂ ਲਿਖਿਆ ਸੀ ਕਿ ਨਿਤੀਸ਼ ਦੀ ਸਭ ਤੋਂ ਵੱਡੀ ਪੂੰਜੀ ਉਨ੍ਹਾਂ ਦੀ ਇਮਾਨਦਾਰ ਦਿੱਖ ਹੈ ਅਤੇ ਇਸ ਦਿੱਖ ਨਾਲ ਉਹ ਸਮਝੌਤਾ ਨਹੀਂ ਕਰਨਗੇ। ਅਸੀਂ ਲਿਖਿਆ ਸੀ ਕਿ ਬਿਹਾਰ ਦੇ ਸਿਆਸੀ ਸੰਕਟ ਦਾ ਸਭ ਤੋਂ ਵੱਧ ਨੁਕਸਾਨ ਕਾਂਗਰਸ ਨੂੰ ਹੋਵੇਗਾ ਕਿਉਂਕਿ ਲੰਬੇ ਸਮੇਂ ਤੋਂ  ਬਾਅਦ ਕਾਂਗਰਸ ਨੂੰ ਬਿਹਾਰ ਵਿਚ 27 ਸੀਟਾਂ ਮਿਲੀਆਂ ਸਨ ਅਤੇ ਉਸ ਨੂੰ ਸੱਤਾ ਵਿਚ ਹਿੱਸੇਦਾਰੀ ਵੀ ਮਿਲੀ ਸੀ। ਬੁੱਧਵਾਰ ਦੇ ਘਟਨਾ ਚੱਕਰ ਦੇ ਬਾਅਦ ਜਗ ਬਾਣੀ ਦਾ ਜਾਇਜ਼ਾ ਸਹੀ ਸਾਬਤ ਹੋਇਆ ਹੈ।
ਦੇਸ਼ ਦੀ ਸਿਆਸਤ ਨਾਲ ਜੁੜੀਆਂ ਤਮਾਮ ਖਬਰਾਂ ਦੇ ਇਲਾਵਾ ਹੋਰਨਾਂ ਖਬਰਾਂ ਦੇ ਵਿਸ਼ਲੇਸ਼ਣ ਲਈ ਤੁਸੀਂ ਜਗ ਬਾਣੀ ਦੀ ਮੋਬਾਇਲ ਐਪਲੀਕੇਸ਼ਨ ਇੰਸਟਾਲ ਕਰ ਸਕਦੇ ਹੋ।

ਨਵੀਂ ਸਰਕਾਰ ਦਾ ਗਣਿਤ
ਜਦ(ਯੂ)    71
ਭਾਜਪਾ    53
ਲੋਜਪਾ    02
ਰਾਲੋਸਪਾ      02
ਹਿੰਦੁਸਤਾਨੀ ਆਵਾਮ ਮੋਰਚਾ    01

ਕੁੱਲ ਵਿਧਾਇਕ    243
ਬਹੁਮਤ ਲਈ 122 ਜ਼ਰੂਰੀ


Related News