CAA ਦੇ ਵਿਰੋਧ 'ਚ ਅੱਜ ਰਾਜਦ ਨੇ ਕੀਤਾ ਬਿਹਾਰ ਬੰਦ, ਸੜਕਾਂ 'ਤੇ ਉਤਰੇ ਪ੍ਰਦਰਸ਼ਨਕਾਰੀ

12/21/2019 11:11:28 AM

ਪਟਨਾ—ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਅੱਜ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ) ਵੱਲੋਂ ਬਿਹਾਰ ਬੰਦ ਬੁਲਾਇਆ ਗਿਆ ਹੈ। ਬਿਹਾਰ ਦੇ ਅਰਰਿਆ 'ਚ ਪ੍ਰਦਰਸ਼ਨਕਾਰੀਆਂ ਵੱਲੋਂ ਟ੍ਰੇਨ ਰੋਕ ਦਿੱਤੀ ਗਈ ਹੈ। ਦਰਭੰਗਾ ਚ ਆਰ.ਜੇ.ਡੀ ਵਰਕਰਾਂ ਵੱਲੋਂ ਹੰਡਕੰਬਾਊ ਠੰਡ 'ਚ ਕੱਪੜੇ ਉਤਾਰ ਕੇ ਹੱਥਾਂ 'ਚ ਬੈਨਰ ਫੜ੍ਹ ਕੇ ਪ੍ਰਦਰਸ਼ਨ ਕੀਤਾ। ਵਿਕਾਸਸ਼ੀਲ ਪਾਰਟੀ ਦੇ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਸ ਬੈਰਿਕੇਡਿੰਗ ਤੋੜ ਦਿੱਤੇ।

ਆਰ.ਜੇ.ਡੀ ਸਮਰਥਕਾਂ ਨੇ ਜਹਾਨਾਬਾਦ ਸਟੇਸ਼ਨ 'ਤੇ ਪਟਨਾ-ਰਾਂਚੀ ਜਨ ਸ਼ਤਾਬਦੀ ਐਕਸਪ੍ਰੈੱਸ ਅਤੇ ਪਟਨਾ-ਗਯਾ ਯਾਤਰੀ ਟ੍ਰੇਨ ਰੋਕ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਟੜੀ 'ਤੇ ਅੱਗ ਲਗਾ ਦਿੱਤੀ। ਆਰ.ਜੇ.ਡੀ. ਨੇਤਾਵਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਗੰਗਾ-ਜਮੁਨਾ ਤਹਿਜੀਬ ਨੂੰ ਵੰਡਣ ਦਾ ਕੰਮ ਕਰ ਰਹੀ ਹੈ। ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੱਸ ਦੇਈਏ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਸ਼ੁੱਕਰਵਾਰ ਨੂੰ ਵੀ ਆਰ.ਜੇ.ਡੀ. ਨੇ ਬਿਹਾਰ ਦੇ ਸਾਰੇ ਜ਼ਿਲਿਆਂ 'ਚ ਵੱਡਾ ਜਲੂਸ ਕੱਢਿਆ ਸੀ। ਨੇਤਾ ਤੇਜਸਵੀ ਯਾਦਵ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਤੀਪੂਰਨ ਢੰਗ ਨਾਲ ਬੰਦ ਕਰਨ ਦੀ ਅਪੀਲ ਕੀਤੀ ਹੈ।

ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਦਿੱਲੀ ਅਤੇ ਯੂ.ਪੀ. 'ਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਯੂ.ਪੀ. 'ਚ ਕਈ ਜ਼ਿਲਿਆਂ 'ਚ ਹਿੰਸਕ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ 9 ਲੋਕਾਂ ਦੇ ਮਰਨ ਦੀ ਜਾਣਕਾਰੀ ਮਿਲੀ ਹੈ। ਦਿੱਲੀ ਦੇ ਜਾਮਾ ਮਸਜਿਦ ਅਤੇ ਸੀਲਮਪੁਰ 'ਚ ਵਿਰੋਧ ਪ੍ਰਦਰਸ਼ਨ ਕੀਤੇ ਗਏ। ਜਾਮਾ ਮਸਜਿਦ ਦਾ ਵਿਰੋਧ ਪ੍ਰਦਰਸ਼ਨ 5 ਘੰਟੇ ਤਾਂ ਸ਼ਾਂਤੀਪੂਰਨ ਰਿਹਾ ਪਰ ਜੰਤਰ-ਮੰਤਰ 'ਤੇ ਜਾਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀ ਅੜੇ ਰਹੇ। ਦਿੱਲੀ ਪੁਲਸ ਨੇ ਉਨ੍ਹਾਂ ਨੂੰ ਦਿੱਲੀ ਗੇਟ 'ਤੇ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪ੍ਰਦਰਸ਼ਨ ਹਿੰਸਕ ਹੋ ਗਿਆ ਅਤੇ ਇੱਕ ਗੱਡੀ ਨੂੰ ਅੱਗ ਲਗਾ ਦਿੱਤੀ। ਇਸ ਤੋਂ ਇਲਾਵਾ ਪੁਲਸ 'ਤੇ ਪੱਥਰਾਅ ਵੀ ਕੀਤਾ ਗਿਆ।

Iqbalkaur

This news is Content Editor Iqbalkaur