''ਲਾਕਡਾਊਨ'' ਨੇ ਖੋਹ ਲਿਆ ਸੀ ਰੋਜ਼ਗਾਰ, ਦਿਵਯਾਂਗ ਰਿਕਸ਼ਾ ਚਾਲਕ ਬਣਾ ਰਿਹਾ ਮਾਸਕ

04/21/2020 6:06:38 PM

ਬਹਿਰਾਈਚ (ਭਾਸ਼ਾ)— ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ 'ਚ ਲਾਕਡਾਊਨ ਦਰਮਿਆਨ ਇਕ ਦਿਵਯਾਂਗ ਵਿਅਕਤੀ ਕਿਫਾਇਤੀ ਕੀਮਤਾਂ 'ਤੇ ਮਾਸਕ ਬਣਾ ਰਿਹਾ ਹੈ ਅਤੇ ਇਸ ਤਰ੍ਹਾਂ ਲੋਕਾਂ ਦੀ ਮਦਦ ਦੇ ਨਾਲ-ਨਾਲ ਰੋਜ਼ੀ-ਰੋਟੀ ਵੀ ਚੱਲਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਬਹਿਰਾਈਚ ਸ਼ਹਿਰ ਦੇ ਬਾਗਵਾਨੀ ਮੁਹੱਲਾ ਵਾਸੀ ਸਾਜਿਦ ਈ-ਰਿਕਸ਼ਾ ਚਲਾ ਕੇ ਆਪਣਾ ਘਰ ਚਲਾਉਂਦਾ ਸੀ। ਲਾਕਡਾਊਨ ਹੋਇਆ ਤਾਂ ਈ-ਰਿਕਸ਼ਾ ਬੰਦ ਹੋ ਗਿਆ ਅਤੇ ਘਰ ਵਿਚ ਖਾਣੇ ਦੀ ਥੋੜ੍ਹ ਪੈ ਗਈ। ਸਾਜਿਦ ਨੇ ਹਿੰਮਤ ਨਹੀਂ ਹਾਰੀ ਅਤੇ ਘਰ 'ਚ ਹੀ ਪਰਿਵਾਰ ਵਾਲਿਆਂ ਨਾਲ ਮਿਲ ਕੇ ਮਾਸਕ ਬਣਾਉਣੇ ਸ਼ੁਰੂ ਕੀਤੇ।

ਸਾਜਿਦ ਨੇ ਦੱਸਿਆ ਕਿ ਮੇਰੀ ਆਰਥਿਕ ਹਾਲਾਤ ਜੇਕਰ ਠੀਕ ਹੁੰਦੀ ਤਾਂ ਇਹ ਮਾਸਕ ਮੈਂ ਲੋੜਵੰਦਾਂ 'ਚ ਮੁਫ਼ਤ ਵੰਡਦਾ ਪਰ ਪਰਿਵਾਰ ਦਾ ਢਿੱਡ ਪਾਲਣ ਲਈ ਮਾਸਕ ਸਿਰਫ 10 ਰੁਪਏ 'ਚ ਵੇਚਦਾ ਹਾਂ, ਤਾਂ ਕਿ ਹਰੇਕ ਤਬਕੇ ਨੂੰ ਮਾਸਕ ਮਿਲ ਜਾਵੇ ਅਤੇ ਮੇਰਾ ਪਰਿਵਾਰ ਵੀ ਭੁੱਖਾ ਨਾ ਰਹੇ। ਘਰ 'ਚ ਬਣੇ ਕੱਪੜੇ ਦੇ ਮਾਸਕ ਨੂੰ ਵਾਰ-ਵਾਰ ਧੋ ਕੇ ਪਹਿਨਿਆ ਜਾ ਸਕਦਾ ਹੈ। ਸਾਜਿਦ ਆਪਣੀ ਸਾਈਕਲ 'ਤੇ ਮਾਸਕ ਵੇਚਣ ਜਾਂਦਾ ਹੈ ਅਤੇ ਦਿਨ 'ਚ 300 ਤੋਂ 400 ਰੁਪਏ ਕਮਾ ਲੈਂਦਾ ਹੈ।

ਸਾਜਿਦ ਨੇ ਦੱਸਿਆ ਕਿ ਉਹ ਵੱਡਿਆਂ ਦੇ ਨਾਲ-ਨਾਲ ਬੱਚਿਆਂ ਦੇ ਸਾਈਜ ਦੇ ਵੀ ਮਾਸਕ ਬਣਾਉਂਦਾ ਹੈ। ਬੱਚਿਆਂ ਦੇ ਮਾਸਕ ਦੀ ਵੀ ਵੱਡੀ ਮੰਗ ਹੈ। ਸਾਜਿਦ ਮਾਸਕ ਲਈ ਨਵੇਂ ਕੱਪੜੇ ਦੀ ਵਰਤੋਂ ਕਰਦਾ ਹੈ। ਉਸ ਨੂੰ ਬਣਾਉਣ ਦੌਰਾਨ ਸਾਫ-ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਮਾਸਕ ਵੰਡਣ ਤੋਂ ਪਹਿਲਾਂ ਉਸ ਨੂੰ ਬਕਾਇਦਾ ਸੈਨੇਟਾਈਜ਼ ਕੀਤਾ ਜਾਂਦਾ ਹੈ। ਮਾਸਕ ਬਣਾਉਣ ਲਈ ਨਵੇਂ ਕੱਪੜੇ ਆਲੇ-ਦੁਆਲੇ ਦੇ ਲੋਕਾਂ, ਮੁਹੱਲੇ ਵਾਲਿਆਂ ਅਤੇ ਦੁਕਾਨਦਾਰਾਂ ਤੋਂ ਉਸ ਨੂੰ ਮਿਲ ਜਾਂਦੇ ਹਨ। ਬਹਿਰਾਈਚ ਦੇ ਜ਼ਿਲਾ ਅਧਿਕਾਰੀ ਨੇ ਸਾਜਿਦ ਦੇ ਇਸ ਕੰਮ ਲਈ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਕਿ ਸਾਜਿਦ ਜੋ ਕੰਮ ਕਰ ਰਿਹਾ ਹੈ, ਉਸ ਤੋਂ ਸਮਾਜ ਦੇ ਹੋਰ ਲੋਕਾਂ ਨੂੰ ਸੇਧ ਲੈਣੀ ਚਾਹੀਦੀ ਹੈ।

Tanu

This news is Content Editor Tanu