ਯੋਗਾ ਦਾ ਕੋਈ ਧਰਮ ਨਹੀਂ, ਇਸ ਦਾ ਲਾਭ ਹਰ ਕੋਈ ਲੈ ਸਕਦਾ ਹੈ : ਮੋਦੀ

06/22/2018 10:36:13 AM

ਸੰਯੁਕਤ ਰਾਸ਼ਟਰ (ਭਾਸ਼ਾ)— ਕੱਲ ਦੁਨੀਆ ਭਰ ਵਿਚ ਚੌਥਾ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ 'ਤੇ ਪੀ.ਐੱਮ. ਨਰਿੰਦਰ ਮੋਦੀ ਨੇ ਉਮੀਦ ਜ਼ਾਹਰ ਕੀਤੀ ਕਿ ਯੋਗਾ ਦੁਨੀਆ ਨੂੰ ਇਕ ਸੂਤਰ ਵਿਚ ਬੰਨਣ ਵਾਲੀ ਸ਼ਕਤੀ ਬਣ ਸਕਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਯੋਗਾ ਕਿਸੇ ਧਰਮ ਵਿਸ਼ੇਸ਼ ਨਾਲ ਨਹੀਂ ਜੁੜਿਆ ਹੈ ਅਤੇ ਇਹ ਲੋਕਾਂ ਦੇ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਂਦਾ ਹੈ। ਮੋਦੀ ਨੇ ਕੱਲ ਵੀਡੀਓ ਲਿੰਕ ਜ਼ਰੀਏ ਨਿਊਯਾਰਕ ਦੇ ਕੈਟਸਕਲਿਸ ਇਲਾਕੇ ਵਿਚ 'ਵਾਈ.ਓ.1 ਲਗਜ਼ਰੀ ਨੈਚਰ ਕਿਓਰ ਸੈਂਟਰ' ਦਾ ਉਦਘਾਟਨ ਕਰਦਿਆਂ ਇਹ ਟਿੱਪਣੀ ਕੀਤੀ। ਇਸ ਤਰ੍ਹਾਂ ਦਾ ਕੇਂਦਰ ਸਥਾਪਿਤ ਕਰਨ ਦਾ ਵਿਚਾਰ ਰਾਜ ਸਭਾ ਸੰਸਦ ਮੈਂਬਰ ਅਤੇ ਏਸੇਲ ਸਮੂਹ ਦੇ ਪ੍ਰਧਾਨ ਸੁਭਾਸ਼ ਚੰਦਰਾ ਦਾ ਹੈ। 
ਕੇਂਦਰ ਦੇ ਉਦਘਾਟਨ ਦੇ ਮੌਕੇ 'ਤੇ ਆਪਣੇ ਵੀਡੀਓ ਸੰਬੋਧਨ ਵਿਚ ਪੀ.ਐੱਮ. ਨੇ ਕਿਹਾ,''ਸ਼ਬਦ ਯੋਗਾ ਦਾ ਅਰਥ ਹੈ 'ਯੋਗ' ਮਤਲਬ ਜੋੜਨਾ। ਇਸ ਲਈ ਯੋਗਾ ਵਿਚ ਵੱਧਦੀ ਦਿਲਚਸਪੀ ਮੈਨੂੰ ਉਮੀਦ ਨਾਲ ਭਰ ਦਿੰਦੀ ਹੈ। ਮੈਨੂੰ ਆਸ਼ਾ ਹੈ ਕਿ ਯੋਗਾ ਦੁਨੀਆ ਨੂੰ ਇਕ ਸੂਤਰ ਵਿਚ ਜੋੜਨ ਵਾਲੀ ਸ਼ਕਤੀ ਬਣ ਸਕਦਾ ਹੈ।'' ਕੇਂਦਰ ਵਿਚ ਇਸ ਪ੍ਰਸਾਰਣ ਨੂੰ ਚੰਦਰਾ, ਹੋਟਲ ਕਾਰੋਬਾਰੀ ਸੰਤ ਸਿੰਘ ਚਟਵਾਲ ਸਮੇਤ ਭਾਰਤੀ-ਅਮਰੀਕੀ ਭਾਈਚਾਰੇ ਦੇ ਕਈ ਮੈਂਬਰਾਂ ਨੇ ਦੇਖਿਆ। ਮੋਦੀ ਨੇ ਕਿਹਾ,''ਮੇਰਾ ਹਮੇਸ਼ਾ ਤੋਂ ਇਹ ਮੰਨਣਾ ਹੈ ਕਿ ਯੋਗਾ ਦਾ ਕੋਈ ਧਰਮ ਨਹੀਂ ਹੈ। ਇਸ ਦਾ ਹਰ ਕੋਈ ਲਾਭ ਲੈ ਸਕਦਾ ਹੈ। ਉਹ ਵੀ ਜੋ ਖੁਦ ਨੂੰ ਧਾਰਮਿਕ ਨਹੀਂ ਮੰਨਦੇ।'' ਉਨ੍ਹਾਂ ਨੇ ਆਪਣੇ ਵੀਡੀਓ ਸੰਦੇਸ਼ ਵਿਚ ਕਿਹਾ ਕਿ ਸਿਰਫ 3 ਸਾਲਾਂ ਵਿਚ ਅੰਤਰ ਰਾਸ਼ਟਰੀ ਯੋਗਾ ਦਿਵਸ ਹੁਣ ਦੁਨੀਆ ਭਰ ਵਿਚ ਜਨਤਕ ਅੰਦੋਲਨ ਬਣ ਗਿਆ ਹੈ ਅਤੇ ਇਹ ਕਈ ਦੇਸ਼ਾਂ ਵਿਚ ਜਨਤਕ ਜੀਵਨ ਦਾ ਖਾਸ ਹਿੱਸਾ ਬਣ ਗਿਆ ਹੈ। ਉਨ੍ਹਾਂ ਨੇ ਕਿਹਾ,''ਇਸ ਦਾ ਪ੍ਰਭਾਵ ਸਿਰਫ ਇਸੇ ਦਿਨ ਤੱਕ ਸੀਮਤ ਨਹੀਂ ਹੈ। ਇਹ ਯੋਗਾ ਨਾਲ ਪ੍ਰੇਰਿਤ ਲੱਖਾਂ ਲੋਕਾਂ ਲਈ ਸ਼ੁਰੂਆਤ ਕਰਨ ਦਾ ਇਕ ਮੌਕਾ ਬਣ ਗਿਆ ਹੈ। ਉਹ ਇਸ ਨੂੰ ਕਰਨ ਦਾ ਸੰਕਲਪ ਲੈ ਰਹੇ ਹਨ।'' ਕੇਂਦਰ ਦੀ ਪ੍ਰਸ਼ੰਸਾ ਕਰਦਿਆਂ ਮੋਦੀ ਨੇ ਕਿਹਾ ਕਿ ਇਸ ਨਾਲ ਖੇਤਰ ਵਿਚ ਕਰੀਬ 2,000 ਸਿੱਧੇ ਅਤੇ ਅਸਿੱਧੇ ਰੋਜ਼ਗਾਰ ਦੇ ਮੌਕਿਆਂ ਦਾ ਵਿਕਾਸ ਹੋਵੇਗਾ।