PMC ਗਾਹਕਾਂ ਨੂੰ ਰਾਹਤ, RBI ਨੇ ਕਿਹਾ- ਸਾਰੇ ਖਾਤਾਧਾਰਕਾਂ ਦਾ ਪੈਸਾ ਸੁਰੱਖਿਅਤ

10/22/2019 4:44:35 PM

ਨਵੀਂ ਦਿੱਲੀ — ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ ਬੈਂਕ(PMC) ਦੇ ਖਾਤਾਧਾਰਕਾਂ ਨੂੰ ਅੱਜ ਇਕ ਬਹੁਤ ਵੱਡੀ ਰਾਹਤ ਮਿਲੀ ਹੈ। ਭਾਰਤੀ ਰਿਜ਼ਰਵ ਬੈਂਕ(RBI) ਨੇ ਕਿਹਾ ਕਿ ਸਾਰੇ ਖਾਤਾਧਾਰਕਾਂ ਦਾ ਪੈਸਾ ਸੁਰੱਖਿਅਤ ਹੈ। ਬੈਂਕ ਦੇ ਖਾਤਾਧਾਰਕਾਂ ਨੇ RBI ਨੂੰ ਇਸ ਮਾਮਲੇ ਦੇ ਹੱਲ ਲਈ 30 ਅਕਤਬੂਰ ਤੱਕ ਦਾ ਸਮਾਂ ਦਿੱਤਾ ਹੈ। ਇਸ ਮਾਮਲੇ 'ਚ ਰਿਜ਼ਰਵ ਬੈਂਕ ਨੇ ਕਿਹਾ ਕਿ ਉਹ 27 ਅਕਤੂਬਰ ਨੂੰ ਇਸ 'ਤੇ ਬਿਆਨ ਜਾਰੀ ਕਰੇਗਾ।

ਖਾਤਾਧਾਰਕਾਂ ਅਤੇ ਰਿਜ਼ਰਵ ਬੈਂਕ ਵਿਚਕਾਰ ਹੋਈ ਬੈਠਕ

ਰਿਜ਼ਰਵ ਬੈਂਕ ਨੇ ਮੁੰਬਈ 'ਚ ਪ੍ਰਦਰਸ਼ਨ ਕਰ ਰਹੇ ਖਾਤਾਧਾਰਕਾਂ ਨੂੰ ਸਵੇਰੇ ਬੈਠਕ ਲਈ ਬੁਲਾਇਆ ਸੀ ਜਿਸ 'ਚ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੋਈ। ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ PMC ਬੈਂਕ ਦੇ ਖਾਤਾਧਾਰਕਾਂ ਦੇ ਡੈਲੀਗੇਸ਼ਨ ਨੂੰ ਮਿਲਣ ਲਈ ਸੱਦਾ ਭੇਜਿਆ ਸੀ। 

ਕਈ ਲੋਕਾਂ ਦੀ ਹੋ ਚੁੱਕੀ ਹੈ ਮੌਤ

ਜ਼ਿਕਰਯੋਗ ਹੈ ਕਿ ਬੈਂਕ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਪੰਜ ਖਾਤਾਧਾਰਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਦਿਨੀਂ ਮੁਰਲੀਧਰ ਆਸਨਦਾਸ ਧਾਰਾ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਸੀ। ਪੈਸਾ ਨਾ ਹੋਣ ਕਾਰਨ ਬਜ਼ੁਰਗ ਆਸਨਦਾਸ ਦੀ ਇਲਾਜ ਨਾ ਹੋਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਵੀ ਇਸੇ ਬੈਂਕ ਦੇ ਦੋ ਖਾਤਾਧਾਰਕ ਸੰਜੇ ਗੁਲਾਟੀ ਅਤੇ ਫਤੇਮਲ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਹੈ ਜਿਹੜੇ ਕਿ ਬੈਂਕ 'ਚ ਜਮ੍ਹਾਂ ਆਪਣੇ ਪੈਸੇ ਨੂੰ ਲੈ ਕੇ ਕਾਫੀ ਚਿੰਤਾ ਕਰ ਰਹੇ ਸਨ। ਸੰਜੇ ਦੇ PMC ਬੈਂਕ 'ਚ 90 ਲੱਖ ਜਮ੍ਹਾਂ ਹਨ, ਘਪਲੇ ਦੀ ਖਬਰ ਸੁਣਦੇ ਹੀ ਉਨ੍ਹਾਂ ਦੇ ਹੋਸ਼ ਉੱਡ ਗਏ ਸਨ। ਘਪਲੇ ਦੀ ਖਬਰ ਸੁਣਦੇ ਹੀ ਸੰਜੇ ਚਿੰਤਾ 'ਚ ਰਹਿਣ ਲੱਗ ਗਏ ਸਨ। ਤੀਜੀ ਮੌਤ 39 ਸਾਲ ਦੇ ਡਾਕਟਰ ਦੀ ਹੋਈ ਹੈ ਜਿਹੜੀ ਕਿ ਡਿਪਰੈਸ਼ਨ ਦਾ ਸ਼ਿਕਾਰ ਸੀ ਅਤੇ ਆਤਮਹੱਤਿਆ ਕਰ ਲਈ। ਇਸ ਮਹਿਲਾ ਦਾ ਖਾਤਾ ਵੀ ਇਸ ਬੈਂਕ 'ਚ ਹੀ ਸੀ।