ਗਰਭਵਤੀ ਔਰਤ ਨੂੰ ਹਸਪਤਾਲ ਨੇ ਦਾਖ਼ਲ ਕਰਨ ਤੋਂ ਕੀਤੀ ਨਾਂਹ, ਜੁੜਵਾ ਬੱਚਿਆਂ ਸਮੇਤ ਮਾਂ ਦੀ ਮੌਤ

11/03/2022 5:38:23 PM

ਤੁਮਕੁਰੂ (ਭਾਸ਼ਾ)- ਤਾਮਿਲਨਾਡੂ ਦੀ ਇਕ ਗਰਭਵਤੀ ਔਰਤ ਨੂੰ ਦਰਦ ਸ਼ੁਰੂ ਹੋਣ ਦੇ ਬਾਵਜੂਦ ਇੱਥੇ ਇਕ ਹਸਪਤਾਲ ਨੇ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੇ ਜੁੜਵਾ ਨਵਜਨਮੇ ਬੱਚਿਆਂ ਅਤੇ ਉਸ ਦੀ ਮੌਤ ਹੋ ਗਈ। ਔਰਤ ਦੇ ਗੁਆਂਢੀਆਂ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਸਿਹਤ ਅਧਿਕਾਰੀ (ਡੀ.ਐੱਚ.ਓ.) ਡਾ. ਮੰਜੂਨਾਥ ਡੀ.ਐੱਨ. ਨੇ ਡਿਊਟੀ 'ਤੇ ਤਾਇਨਾਤ ਡਾਕਟਰ ਨੂੰ ਮੁਅੱਤਲ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਔਰਤ ਦੇ ਪਰਿਵਾਰ 'ਚ ਕੋਈ ਨਹੀਂ ਸੀ। ਉਸ ਦੇ ਗੁਆਂਢੀਆਂ ਨੇ ਦੱਸਿਆ ਕਿ ਕਸਤੂਰੀ (30) ਇਕ ਹੋਰ ਬੇਸਹਾਰਾ ਕੁੜੀ ਨਾਲ ਭਾਰਤੀ ਨਗਰ 'ਚ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ। ਔਰਤ ਨੂੰ ਬੁੱਧਵਾਰ ਨੂੰ ਦਰਦ ਸ਼ੁਰੂ ਹੋਣ ਤੋਂ ਬਾਅਦ ਉਸ ਦੇ ਕੁਝ ਗੁਆਂਢੀਆਂ ਨੇ ਪੈਸੇ ਇਕੱਠੇ ਕੀਤੇ ਅਤੇ ਉਸ ਨੂੰ ਆਟੋ ਰਿਕਸ਼ਾ 'ਚ ਤੁਮਕੁਰੂ ਦੇ ਜ਼ਿਲ੍ਹਾ ਹਸਪਤਾਲ ਭੇਜਿਆ। ਉਨ੍ਹਾਂ ਦੋਸ਼ ਲਗਾਇਆ ਕਿ ਡਾਕਟਰਾਂ ਅਤੇ ਹਸਪਤਾਲ ਦੇ ਕਰਮਚਾਰੀਆਂ ਨੇ ਇਹ ਕਹਿੰਦੇ ਹੋਏ ਉਸ ਨੂੰ ਭਰਤੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਸ ਕੋਲ ਆਧਾਰ ਕਾਰਡ ਜਾਂ 'ਜਣੇਪਾ ਕਾਰਡ' ਨਹੀਂ ਹੈ ਅਤੇ ਉਸ ਨੂੰ ਘਰ ਭੇਜ ਦਿੱਤਾ।

ਔਰਤ ਦੇ ਗੁਆਂਢੀਆਂ ਨੇ ਦੱਸਿਆ ਕਿ ਮੌਕੇ 'ਤੇ ਮੌਜੂਦ ਇਕ ਡਾਕਟਰ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਬੈਂਗਲੁਰੂ ਦੇ ਵਿਕਟੋਰੀਆ ਹਸਪਤਾਲ 'ਚ ਦਾਖ਼ਲ ਕਰਵਾਉਣ ਲਈ ਇਕ ਪਰਚੀ ਲਿਖ ਕੇ ਦੇਣਗੇ। ਇਸ ਤੋਂ ਬਾਅਦ ਔਰਤ ਦਰਦ 'ਚ ਹੀ ਘਰ ਆ ਗਈ। ਉਨ੍ਹਾਂ ਦੱਸਿਆ ਕਿ ਵੀਰਵਾਰ ਸਵੇਰੇ ਉਸ ਦਾ ਦਰਦ ਵਧ ਗਿਆ ਅਤੇ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ। ਦੂਜੇ ਬੱਚੇ ਨੂੰ ਜਨਮ ਦਿੰਦੇ ਸਮੇਂ ਬਹੁਤ ਖੂਨ ਵਗਣ ਨਾਲ ਉਸ ਦੀ ਮੌਤ ਹੋ ਗਈ। ਡਾ. ਮੰਜੂਨਾਥ ਨੇ ਦੱਸਿਆ ਕਿ ਉਨ੍ਹਾਂ ਨੇ ਡਿਊਟੀ 'ਤੇ ਮੌਜੂਦ ਡਾਕਟਰ ਨੂੰ ਮੁਅੱਤਲ ਕਰਨ ਦੀ ਸਿਫ਼ਾਰਿਸ਼ ਕੀਤੀ ਹੈ, ਜਿਸ ਨੇ ਮਰੀਜ਼ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜ਼ਿਲ੍ਹਾ ਸਿਹਤ ਅਧਿਕਾਰੀ ਨੇ ਕਿਹਾ,''ਇਹ ਆਪਣੇ ਕਰਤੱਵਾਂ ਦੀ ਪਾਲਣਾ ਨਾ ਕਰਨ ਦਾ ਮਾਮਲਾ ਹੈ। ਮੈਂ ਕਿਉਂਕਿ ਡਾਕਟਰ ਨੂੰ ਮੁਅੱਤਲ ਕਰਨ ਦਾ ਆਦੇਸ਼ ਨਹੀਂ ਦੇ ਸਕਦਾ, ਇਸ ਲਈ ਮੈਂ ਤੁਮਕੁਰੂ ਦੇ ਜ਼ਿਲ੍ਹਾ ਡਿਪਟੀ ਕਮਿਸ਼ਨ ਨੂੰ ਇਸ ਦੀ ਸਿਫ਼ਾਰਿਸ਼ ਕਰਦਾ ਹਾਂ।'' ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ।

DIsha

This news is Content Editor DIsha