ਟਰੈਕਟਰ ਪਰੇਡ ਹਿੰਸਾ: ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਮਾਹਰਾਂ ਦੀ ਟੀਮ ਪੁੱਜੀ ਲਾਲ ਕਿਲ੍ਹਾ

01/30/2021 4:48:02 PM

ਨਵੀਂ ਦਿੱਲੀ— ਫੋਰੈਸਿਕ ਮਾਹਰਾਂ ਦੀ ਇਕ ਟੀਮ ਗਣਤੰਤਰ ਦਿਵਸ ਯਾਨੀ ਕਿ 26 ਜਨਵਰੀ ਨੂੰ ਕਿਸਾਨਾਂ ਦੀ ‘ਟਰੈਕਟਰ ਪਰੇਡ’ ਦੌਰਾਨ ਭੜਕੀ ਹਿੰਸਾ ਦੇ ਸਿਲਸਿਲੇ ਵਿਚ ਸਬੂਤ ਇਕੱਠੇ ਕਰਨ ਲਈ ਸ਼ਨੀਵਾਰ ਨੂੰ ਲਾਲ ਕਿਲ੍ਹਾ ਪੁੱਜੀ। ਦੱਸ ਦੇਈਏ ਕਿ 26 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਦੀ ‘ਟਰੈਕਟਰ ਪਰੇਡ’ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਪ੍ਰਦਰਸ਼ਨਕਾਰੀ ਤੈਅ ਮਾਰਗ ਤੋਂ ਵੱਖ ਹੋ ਗਏ ਸਨ ਅਤੇ ਪੁਲਸ ਨਾਲ ਉਨ੍ਹਾਂ ਦੀ ਹਿੰਸਕ ਝੜਪ ਹੋਈ ਸੀ। ਇਸ ਟਰੈਕਟਰ ਪਰੇਡ ਦੌਰਾਨ ਕੁਝ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਅੰਦਰ ਦਾਖ਼ਲ ਹੋ ਗਏ ਅਤੇ ਉੱਥੇ ਭੰਨ-ਤੋੜ ਵੀ ਕੀਤੀ। ਉਨ੍ਹਾਂ ਨੇ ਲਾਲ ਕਿਲ੍ਹੇ ਦੀ ਫਸੀਲ ’ਤੇ ਕੇਸਰੀ ਝੰਡਾ ਵੀ ਲਹਿਰਾ ਦਿੱਤਾ ਸੀ। ਇਸ ਹਿੰਸਾ ਦੇ ਸਬੰਧ ’ਚ ਫੋਰੈਂਸਿਕ ਮਾਹਰਾਂ ਦੀ ਟੀਮ ਲਾਲ ਕਿਲ੍ਹਾ ਪੁੱਜੀ ਹੈ। 

ਇਸ ਹਿੰਸਾ ਦੇ ਸਬੰਧ ਵਿਚ ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਪਹਿਚਾਣ ਲਈ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਪੁਲਸ ਨੇ ਲਾਲ ਕਿਲ੍ਹਾ ਕੰਪਲੈਕਸ ਵਿਚ ਭੰਨ-ਤੋੜ ਕੀਤੇ ਜਾਣ ਦੀ ਘਟਨਾ ਨੂੰ ‘ਰਾਸ਼ਟਰ ਵਿਰੋਧੀ ਗਤੀਵਿਧੀ’ ਦੱਸਿਆ ਹੈ। ਦੱਸ ਦੇਈਏ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਸੰਵਿਧਾਨ ਸਾਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ, ਉੱਥੇ ਹੀ ਸੰਵਿਧਾਨ ਸਿਖਾਉਂਦਾ ਵੀ ਹੈ ਕਿ ਕਾਨੂੰਨਾਂ ਅਤੇ ਨਿਯਮਾਂ ਦਾ ਵੀ ਓਨੀ ਹੀ ਗੰਭੀਰਤਾ ਨਾਲ ਪਾਲਣ ਕਰਨਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਆਪਣੀ ਮੰਗ ਦੇ ਸਮਰਥਨ ’ਚ ਕਿਸਾਨ ਜਥੇਬੰਦੀਆਂ ਦੀ ਟਰੈਕਟਰ ਪਰੇਡ ਦੌਰਾਨ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਪੁਲਸ ਨਾਲ ਹਿੰਸਕ ਝੜਪ ਹੋਈ ਸੀ। ਕਈ ਪ੍ਰਦਰਸ਼ਨਕਾਰੀ ਟਰੈਕਟਰ ਨਾਲ ਹੀ ਲਾਲ ਕਿਲ੍ਹਾ ਕੰਪਲੈਕਸ ਪਹੁੰਚ ਗਏ ਸਨ, ਜਦ ਕਿ ਉਨ੍ਹਾਂ ’ਚੋਂ ਕੁਝ ਨੇ ਇਤਿਹਾਸਕ ਸਮਾਰਕ ਦੀ ਫਸੀਲ ’ਤੇ ‘ਕੇਸਰੀ ਝੰਡਾ’ ਲਹਿਰਾ ਦਿੱਤਾ ਸੀ, ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਆਜ਼ਾਦੀ ਦਿਹਾੜੇ ’ਤੇ ਤਿਰੰਗਾ ਲਹਿਰਾਉਂਦੇ ਹਨ। 

Tanu

This news is Content Editor Tanu