ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ

02/12/2021 8:48:24 PM

ਕੈਨੇਡਾ ਦਾ ਦਾਅਵਾ : ਟਰੂਡੋ ਨੇ ਪੀ.ਐੱਮ.ਮੋਦੀ ਨਾਲ ਗੱਲਬਾਤ 'ਚ ਚੁੱਕਿਆ ਕਿਸਾਨ ਅੰਦੋਲਨ ਦਾ ਮੁੱਦਾ (ਵੀਡੀਓ)
ਭਾਰਤ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਇਕ ਵਾਰ ਫਿਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਵਾਦਾਂ ਵਿਚ ਆ ਗਏ ਹਨ। ਕੈਨੇਡਾ ਨੇ ਦਾਅਵਾ ਕੀਤਾ ਹੈ ਕਿ ਟਰੂਡੋ ਨੇ ਕਿਹਾ ਹੈ ਕਿ ਉਹਨਾਂ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲਬਾਤ ਹੋਈ ਅਤੇ ਇਸ ਦੌਰਾਨ ਦੋਹਾਂ ਨੇਤਾਵਾਂ ਨੇ ਲੋਕਤੰਤਰੀ ਸਿਧਾਂਤਾਂ ਲਈ ਦੋਹਾਂ ਦੇਸ਼ਾਂ ਦੀ ਵਚਨਬੱਧਤਾ, ਹਾਲੀਆ ਪ੍ਰਦਰਸ਼ਨਾਂ ਅਤੇ ਗੱਲਬਾਤ ਦੇ ਜ਼ਰੀਏ ਮੁੱਦਿਆਂ ਦੇ ਹੱਲ ਦੇ ਮਹੱਤਵ 'ਤੇ ਚਰਚਾ ਹੋਈ। ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕੀਤਾ ਸੀ।

ਨੌਦੀਪ ਕੌਰ ਮਾਮਲੇ ਵਿਚ ਪੰਜਾਬ ਮਹਿਲਾ ਕਮਿਸ਼ਨ ਦਾ ਵੱਡਾ ਫ਼ੈਸਲਾ
ਕਰਨਾਲ ਜੇਲ੍ਹ ਵਿਚ ਬੰਦ ਨੌਦੀਪ ਕੌਰ ਨਾਲ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੈਅਰਪਰਸਨ ਮਨੀਸ਼ਾ ਗੁਲਾਟੀ 15 ਫ਼ਰਵਰੀ ਨੂੰ ਦੁਪਹਿਰ 12 ਵਜੇ ਮੁਲਾਕਾਤ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਇਹ ਮਾਮਲਾ ਆਪਣੀ ਹਰਿਆਣਾ ਰਾਜ ਦੀ ਹਮਰੁਤਬਾ ਕੋਲ ਚੁੱਕਿਆ ਸੀ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਅਪੀਲ ਕੀਤੀ ਸੀ।

‘ਲੰਬੀ ਲੜਾਈ’ ਲਈ ਤਿਆਰ ਕਿਸਾਨ, ਪ੍ਰਦਰਸ਼ਨ ਵਾਲੀ ਜਗ੍ਹਾ ’ਤੇ ਬੁਨਿਆਦੀ ਢਾਂਚਾ ਕਰ ਰਹੇ ਮਜ਼ਬੂਤ
ਕੇਂਦਰ ਦੇ ਨਵੇਂ 3 ਖੇਤੀ ਕਾਨੂੰਨਾਂ ਵਿਰੁੱਧ ਜਾਰੀ ਅੰਦੋਲਨ ਦੇ ਜਲਦ ਖਤਮ ਨਾ ਹੋਣ ਦੀ ਸੰਭਾਵਨਾ ਦੌਰਾਨ ਦਿੱਲੀ ਨਾਲ ਲੱਗਦੇ ਸਿੰਘੂ ਬਾਰਡਰ ’ਤੇ ਕਿਸਾਨਾਂ ਨੇ ‘ਲੰਬੀ ਲੜਾਈ’ ਦੀ ਤਿਆਰੀ ਕਰ ਲਈ ਹੈ। ਕਿਸਾਨਾਂ ਨੇ ਪ੍ਰਦਰਸ਼ਨ ਵਾਲੀ ਜਗ੍ਹਾ ’ਤੇ ਬੁਨਿਆਦੀ ਢਾਂਚਾ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਉਨ੍ਹਾਂ ਦੀਆਂ ਫਸਲਾਂ ’ਤੇ ਘੱਟ ਤੋਂ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਣ ਤੱਕ ਅੰਦੋਲਨ ਜਾਰੀ ਰੱਖਣ ਦੀ ਗੱਲ ਦੁਹਰਾਈ ਹੈ।

ਜਾਣੋ ਕੌਣ ਨੇ 'ਸਰ ਛੋਟੂ ਰਾਮ', ਜਿਸਦੇ ਜਨਮ ਦਿਹਾੜੇ ਮੌਕੇ ਸੰਯੁਕਤ ਕਿਸਾਨ ਮੋਰਚਾ ਦਿਖਾਵੇਗਾ ਇੱਕਜੁਟਤਾ
ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।ਇਸ ਦਾ ਵੱਡਾ ਕਾਰਨ ਲਾਲ ਕਿਲ੍ਹੇ ਵਾਲੀ ਘਟਨਾ ਨੂੰ ਛੱਡ ਕੇ ਇਹ ਮੁਜ਼ਾਹਰੇ ਸ਼ਾਂਤਮਈ ਤਰੀਕੇ ਨਾਲ ਆਪਣੀ ਆਵਾਜ਼ ਨੂੰ ਆਵਾਮ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋ ਰਹੇ ਹਨ।ਕਿਸਾਨ ਆਗੂ ਕੇਂਦਰ ਸਰਕਾਰ ਤੇ ਦਬਾਅ ਪਾਉਣ ਲਈ ਲਗਾਤਾਰ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ।ਇਸੇ ਲੜੀ ਅਧੀਨ ਕਿਸਾਨ ਆਗੂ ਸਰ ਛੋਟੂ ਰਾਮ ਦੇ ਜਨਮ ਦਿਹਾੜੇ ਮੌਕੇ ਦੇਸ਼ ਭਰ ਵਿੱਚ ਇੱਕਜੁੱਟਤਾ ਵਿਖਾਉਣਗੇ।

ਹੁਣ ਅੰਤਰਰਾਸ਼ਟਰੀ ਕਾਮੇਡੀਅਨ ਟ੍ਰੇਵਰ ਨੋਹ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀ ਟਿੱਪਣੀ
ਕਾਮੇਡੀਅਨ ਟ੍ਰੇਵਰ ਨੋਹ ਨੇ ਬੁੱਧਵਾਰ ਰਾਤ ਆਪਣੇ ਮਸ਼ਹੂਰ ਟੀ.ਵੀ. ਪ੍ਰੋਗਰਾਮ ‘ਦਿ ਡੇਲੀ ਸ਼ੋਅ’ ਦੌਰਾਨ ਭਾਰਤ ਵਿਚ ਜਾਰੀ ਕਿਸਾਨ ਅੰਦੋਲਨ ’ਤੇ ਟਿੱਪਣੀ ਕੀਤੀ। ਇਸ ਤੋਂ ਪਹਿਲਾਂ 2 ਫਰਵਰੀ ਨੂੰ ਅਮਰੀਕੀ ਗਾਇਕਾ ਰਿਹਾਨਾ ਨੇ 3 ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ ਟਵੀਟ ਕੀਤਾ ਸੀ, ਜਿਸ ਦਾ ਕਈ ਅੰਤਰਰਾਸ਼ਟਰੀ ਹਸਤੀਆਂ ਨੇ ਸਮਰਥਨ ਕੀਤਾ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

 

Inder Prajapati

This news is Content Editor Inder Prajapati