ਇਕ ਚੂਹੇ ਨੇ ਰੋਕੀ ਏਅਰ ਇੰਡੀਆ ਦੀ ਉਡਾਣ, 24 ਘੰਟੇ ਮੁਸਾਫਰ ਰਹੇ ਪ੍ਰੇਸ਼ਾਨ

01/28/2020 8:30:19 PM

ਵਾਰਾਨਸੀ (ਇੰਟ)- ਸਥਾਨਕ ਲਾਲ ਬਹਾਦੁਰ ਸ਼ਾਸਤਰੀ ਹਵਾਈ ਅੱਡੇ ’ਤੇ ਏਅਰ ਇੰਡੀਆ ਹਵਾਈ ਜਹਾਜ਼ ਦੀ ਉਡਾਣ 24 ਘੰਟਿਆਂ ਲਈ ਰੋਕ ਦੇਣੀ ਪਈ। ਇਸ ਦਾ ਕਾਰਣ ਸੀ ਇਕ ਚੂਹਾ। ਸ਼ਨੀਵਾਰ ਰਾਤ ਹਵਾਈ ਜਹਾਜ਼ ’ਚ ਚੂਹਾ ਨਜ਼ਰ ਆਉਣ ’ਤੇ ਹਫੜਾ ਦਫੜਾ ਮਚ ਗਈ। ਸਭ ਮੁਸਾਫਰਾਂ ਨੂੰ ਹੇਠਾਂ ਉੱਤਾਰ ਦਿੱਤਾ ਗਿਆ। ਕਾਫੀ ਸਮੇਂ ਤਕ ਲੱਭਣ ਪਿੱਛੋਂ ਵੀ ਚੂਹਾ ਨਹੀਂ ਮਿਲਿਆ ਅਖੀਰ ਸੋਮਵਾਰ ਸਵੇਰੇ ਹਵਾਈ ਜਹਾਜ਼ ਨੇ ਦੇਹਰਾਦੂਨ ਲਈ ਉਡਾਣ ਭਰੀ। ਇਸ ਦੌਰਾਨ 24 ਘੰਟੇ ਮੁਸਾਫਰ ਇਕ ਹੋਟਲ ’ਚ ਪ੍ਰੇਸ਼ਾਨ ਰਹੇ।

ਹਵਾਬਾਜ਼ੀ ਦੇ ਨਿਯਮਾਂ ਮੁਤਾਬਕ ਜੇ ਹਵਾਈ ਜਹਾਜ਼ ’ਚ ਚੂਹਾ ਨਜ਼ਰ ਆ ਜਾਏ ਤਾਂ ਉਡਾਣ ਨਹੀਂ ਭਰੀ ਜਾ ਸਕਦੀ ਕਿਉਂਕਿ ਚੂਹਾ ਕਿਸੇ ਵੀ ਤਾਰ ਆਦਿ ਨੂੰ ਕੁਤਰ ਸਕਦਾ ਹੈ। ਇੰਝ ਹੋਣਾ ਮੁਸਾਫਰਾਂ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ। ਹਵਾਈ ਜਹਾਜ਼ ਨਾਲ ਜੁੜੇ ਪ੍ਰਬੰਧਕ ਇਹ ਨਹੀਂ ਦੱਸ ਸਕੇ ਕਿ ਚੂਹਾ ਹਵਾਈ ਜਹਾਜ਼ ਅੰਦਰ ਕਿਥੋਂ ਅੰਦਰ ਦਾਖਲ ਹੋਇਆ। ਉਕਤ ਹਵਾਈ ਜਹਾਜ਼ ਕੋਲਕਾਤਾ ਤੋਂ ਆਇਆ ਸੀ ਅਤੇ 85 ਮਿੰਟ ਦੇ ਸਫਰ ਪਿੱਛੋਂ ਵਾਰਾਨਸੀ ਪੁੱਜਾ ਸੀ। ਉੱਥੋਂ ਇਸ ਨੇ ਦੇਹਰਾਦੂਨ ਜਾਣਾ ਸੀ। ਮੁਸਾਫਰਾਂ ਨੇ ਵਾਰਾਨਸੀ ਦੇ ਹਵਾਈ ਅੱਡੇ ’ਤੇ ਹੀ ਚੂਹਾ ਦੇਖਿਆ। ਮੁਸਾਫਰਾਂ ਨੂੰ ਹੋਟਲ ’ਚ ਰਹਿਣ ਦੌਰਾਨ ਪ੍ਰੇਸ਼ਾਨੀ ਇਸ ਕਾਰਣ ਹੋਈ ਕਿਉਂਕਿ ਹਵਾਈ ਜਹਾਜ਼ ਦੀ ਰਵਾਨਗੀ ਬਾਰੇ ਉਨ੍ਹਾਂ ਨੂੰ ਸਪੱਸ਼ਟ ਤੌਰ ’ਤੇ ਕੋਈ ਸਮਾਂ ਨਹੀਂ ਦੱਸਿਆ ਜਾ ਰਿਹਾ ਸੀ।

Karan Kumar

This news is Content Editor Karan Kumar